ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਆਦਰਸ਼ ਅਤੇ ਸ਼ਹਾਦਤ ਸਾਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰਦੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

The ideals and martyrdom of Shaheed Kartar Singh Sarabha inspire us to serve the country: Chief Minister Bhagwant Singh Mann

ਸਰਾਭਾ (ਲੁਧਿਆਣਾ), 16 ਨਵੰਬਰ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 111ਵੇਂ ‘ਸ਼ਹੀਦੀ ਦਿਵਸ’ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਇਸ 19 ਸਾਲਾ ਇਨਕਲਾਬੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਨਿਆਂ, ਬਰਾਬਰੀ , ਮਾਨਵਤਾ ਅਤੇ ਤਰੱਕੀ ‘ਤੇ ਆਧਾਰਿਤ ਸਮਾਜ ਦੀ ਸਿਰਜਣਾ ਕਰੀਏ। ਸ਼ਹੀਦਾਂ ਦੇ ਸਤਿਕਾਰ ਅਤੇ ਨਵੀਂ ਪੀੜ੍ਹੀ ਨੂੰ ਪੰਜਾਬ ਦੀ ਸ਼ਾਨਦਾਰ ਵਿਰਾਸਤ ਨਾਲ ਜੋੜਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇੱਕ ਅਜਿਹਾ ਅਗਾਂਹਵਧੂ ਪੰਜਾਬ ਸਿਰਜਣ ਲਈ ਕੰਮ ਕਰ ਰਹੀ ਹੈ, ਜਿਸ ਦਾ ਸੁਪਨਾ ਸ਼ਹੀਦਾਂ ਨੇ ਦੇਖਿਆ ਸੀ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਨੂੰ ਇੱਕ ਨਵਾਂ ‘ਆਮ ਆਦਮੀ ਕਲੀਨਿਕ’ ਸਮਰਪਿਤ ਕੀਤਾ ਅਤੇ ਪਿੰਡ ਦੇ ਸਪੋਰਟਸ ਕਲੱਬ ਨੂੰ 51 ਲੱਖ ਰੁਪਏ ਦੀ ਗ੍ਰਾਂਟ ਸੌਂਪੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਰਲ-ਮਿਲ ਕੇ ਸ਼ਹੀਦਾਂ ਦੇ ਸੁਪਨਿਆਂ ਦਾ ‘ਰੰਗਲਾ ਪੰਜਾਬ’ ਸਿਰਜਣ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮ ਲਿਆ ਸੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਹਿੰਮਤ, ਦ੍ਰਿੜ੍ਹ ਇਰਾਦੇ ਅਤੇ ਮਾਤ-ਭੂਮੀ ਲਈ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ। ਜਿਸ ਉਮਰ ਵਿੱਚ ਅੱਜ ਦੇ ਨੌਜਵਾਨ ਆਪਣੇ ਭਵਿੱਖ ਦੀ ਯੋਜਨਾ ਬਣਾ ਰਹੇ ਹੁੰਦੇ ਹਨ, ਉਸ ਉਮਰ ਵਿੱਚ ਇਹ ਮਹਾਨ ਇਨਕਲਾਬੀ ਦੇਸ਼ ਦੀ ਆਜ਼ਾਦੀ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੇ ਸਾਡੀ ਆਜ਼ਾਦੀ ਲਈ ਆਪਣੀ ਜਵਾਨੀ, ਆਪਣੇ ਸੁਪਨੇ ਅਤੇ ਅੰਤ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅਸੀਂ ਅਜਿਹੇ ਸ਼ਹੀਦਾਂ ਦਾ ਕਰਜ਼ ਕਦੇ ਨਹੀਂ ਉਤਾਰ ਸਕਦੇ, ਪਰ ਪੰਜਾਬ ਅਤੇ ਦੇਸ਼ ਦੀ ਤਰੱਕੀ ਲਈ ਖੁਦ ਨੂੰ ਸਮਰਪਿਤ ਕਰਕੇ ਅਸੀਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਜ਼ਰੂਰ ਭੇਟ ਸਕਦੇ ਹਾਂ।”

ਮੁੱਖ ਮੰਤਰੀ ਨੇ ਕਿਹਾ, “ਸ਼ਹੀਦੀ ਦਿਹਾੜਾ ਸਿਰਫ਼ ਰਸਮੀ ਸਮਾਗਮ ਨਹੀਂ ਹੁੰਦੇ, ਸਗੋਂ ਇਹ ਉਨ੍ਹਾਂ ਜ਼ਿੰਮੇਵਾਰੀਆਂ ਦੀ ਯਾਦ ਦਿਵਾਉਂਦੇ ਹਨ ਜੋ ਹਰ ਪੀੜ੍ਹੀ ਲਈ ਦੇਸ਼ ਪ੍ਰਤੀ ਬਣਦੀਆਂ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਮਹਾਨ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਦਾ ਸਦੀਵੀ ਸਰੋਤ ਬਣੀ ਰਹੇਗੀ। ਉਨ੍ਹਾਂ ਨੂੰ ਅਸਲ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਨਿਆਂ, ਸਮਾਨਤਾ, ਮਾਨਵਤਾ ਅਤੇ ਤਰੱਕੀ ‘ਤੇ ਆਧਾਰਿਤ ਸਮਾਜ ਦੀ ਸਿਰਜਣਾ ਕਰੀਏ।”

ਮੁੱਖ ਮੰਤਰੀ ਨੇ ਕਿਹਾ ਕਿ ਗਰਮੀ ਦੇ ਬਾਵਜੂਦ ਲੋਕਾਂ, ਖਾਸ ਕਰਕੇ ਮਾਵਾਂ ਅਤੇ ਭੈਣਾਂ ਦੀ ਭਾਰੀ ਸ਼ਮੂਲੀਅਤ, ਇਸ ਮਹਾਨ ਇਨਕਲਾਬੀ ਪ੍ਰਤੀ ਉਨ੍ਹਾਂ ਦੇ ਡੂੰਘੇ ਪਿਆਰ ਅਤੇ ਸਤਿਕਾਰ ਨੂੰ ਦਰਸਾਉਂਦੀ ਹੈ।

ਇਸ ਮਹਾਨ ਸ਼ਹੀਦ ਦੇ ਪ੍ਰੇਰਨਾਦਾਇਕ ਸਫ਼ਰ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਵਿੱਚ ਆਪਣੀ ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਸ਼ਹੀਦ ਕਰਤਾਰ ਸਿੰਘ ਸਰਾਭਾ ਅਮਰੀਕਾ ਗਏ ਅਤੇ ਉੱਥੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਬਰਕਲੇ ਵਿਖੇ ਪੜ੍ਹਾਈ ਕੀਤੀ। ਹਾਲਾਂਕਿ, ਨਿੱਜੀ ਸੁੱਖ-ਸਹੂਲਤਾਂ ਅਤੇ ਸੁਰੱਖਿਅਤ ਭਵਿੱਖ ਦੀ ਭਾਲ ਕਰਨ ਦੀ ਬਜਾਏ, ਉਨ੍ਹਾਂ ਨੇ ਲਾਲਾ ਹਰਦਿਆਲ, ਬਾਬਾ ਜਵਾਲਾ ਸਿੰਘ, ਬਾਬਾ ਵਸਾਖਾ ਸਿੰਘ ਅਤੇ ਬਾਬਾ ਸੋਹਣ ਸਿੰਘ ਭਕਨਾ ਵਰਗੇ ਇਨਕਲਾਬੀ ਦੇਸ਼ ਭਗਤਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਖ਼ੁਦ ਨੂੰ ਆਜ਼ਾਦੀ ਸੰਗਰਾਮ ਲਈ ਸਮਰਪਿਤ ਕਰ ਦਿੱਤਾ।”

ਉਨ੍ਹਾਂ ਅੱਗੇ ਕਿਹਾ, “16 ਨਵੰਬਰ 1915 ਨੂੰ ਪਹਿਲੇ ਲਾਹੌਰ ਸਾਜ਼ਿਸ਼ ਮੁਕੱਦਮੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਛੇ ਹੋਰ ਇਨਕਲਾਬੀਆਂ ਸਮੇਤ ਲਾਹੌਰ ਕੇਂਦਰੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਦੇਸ਼ ਦੀ ਆਜ਼ਾਦੀ ਪ੍ਰਤੀ ਉਨ੍ਹਾਂ ਦੀ ਦ੍ਰਿੜਤਾ, ਦੇਸ਼ ਭਗਤੀ ਅਤੇ ਨਿਰਸਵਾਰਥ ਸੇਵਾ ਦੀ ਇੱਕ ਸ਼ਾਨਦਾਰ ਮਿਸਾਲ ਹੈ। ਦੇਸ਼ ਦੀ ਸੇਵਾ ਕਰਨ ਲਈ ਸਿਰਫ਼ ਵੱਡੇ-ਵੱਡੇ ਭਾਸ਼ਣਾਂ ਦੀ ਨਹੀਂ, ਸਗੋਂ ਹਿੰਮਤ, ਕੁਰਬਾਨੀ ਅਤੇ ਦ੍ਰਿੜ੍ਹ ਇਰਾਦੇ ਦੀ ਲੋੜ ਹੁੰਦੀ ਹੈ।”

ਸ਼ਹੀਦ-ਏ-ਆਜ਼ਮ ਭਗਤ ਸਿੰਘ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਪ੍ਰਤੀ ਦਿਖਾਏ ਗਏ ਡੂੰਘੇ ਸਤਿਕਾਰ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਉਨ੍ਹਾਂ ਦੀ ਤਸਵੀਰ ਆਪਣੀ ਜੇਬ ਵਿੱਚ ਰੱਖਦੇ ਸਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਤਾਕਤਵਰ ਹਾਕਮ ਅਤੇ ਸਾਮਰਾਜ ਅੰਤ ਵਿੱਚ ਇਤਿਹਾਸ ਦੇ ਪੰਨਿਆਂ ਵਿੱਚ ਗੁਆਚ ਜਾਂਦੇ ਹਨ, ਪਰ ਜੋ ਲੋਕ ਸੱਚਾਈ ਅਤੇ ਮਨੁੱਖਤਾ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੇ ਹਨ, ਉਹ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਸਾਡੀ ਸਰਕਾਰ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਬੱਚੇ, ਵਿਦਿਆਰਥੀ ਅਤੇ ਹਰ ਵਰਗ ਦੇ ਲੋਕ ਧਰਤੀ ਦੇ ਇਸ ਮਹਾਨ ਸਪੂਤ ਬਾਰੇ ਜਾਣ ਸਕਣ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਣ।”

ਹੋਰ ਖ਼ਬਰਾਂ :-  ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਨਸਿਵ ਰਿਵੀਜ਼ਨ —2026 ਦਾ ਸੋਧਿਆ ਹੋਇਆ ਸ਼ਡਿਊਲ ਜਾਰੀ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਸ਼ਾਨਦਾਰ ਇਤਿਹਾਸ ਹਿੰਮਤ, ਕੁਰਬਾਨੀ, ਮਾਨਵਤਾ ਅਤੇ ਧਾਰਮਿਕ ਆਜ਼ਾਦੀ ਦੀਆਂ ਅਸਧਾਰਨ ਮਿਸਾਲਾਂ ਨਾਲ ਭਰਪੂਰ ਹੈ ਅਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਇਹ ਯਕੀਨੀ ਬਣਾਏ ਕਿ ਇਹ ਬਹਾਦਰੀ ਦੀਆਂ ਗਥਾਵਾਂ ਹਰੇਕ ਬੱਚੇ ਤੱਕ ਪਹੁੰਚਣ।

ਉਨ੍ਹਾਂ ਕਿਹਾ, “ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’ ਦੇਣ ਵਾਲੇ ਮਾਲੇਰਕੋਟਲਾ ਦੇ ਨਵਾਬ ਦੇ ਯੋਗਦਾਨ ਨੂੰ ਪੂਰੇ ਮਾਣ-ਸਤਿਕਾਰ ਨਾਲ ਯਾਦ ਰੱਖਿਆ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਮਨੁੱਖਤਾ ਦੀ ਭਲਾਈ ਲਈ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਵੀ ਪੜ੍ਹਾਇਆ ਜਾਣਾ ਚਾਹੀਦਾ ਹੈ। ਪੰਜਾਬ ਦਾ ਇਤਿਹਾਸ ਸਿਰਫ਼ ਬੀਤੇ ਸਮੇਂ ਦਾ ਰਿਕਾਰਡ ਨਹੀਂ, ਸਗੋਂ ਇੱਕ ਵੱਡਮੁੱਲੀ ਵਿਰਾਸਤ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੇਇਨਸਾਫ਼ੀ, ਜ਼ੁਲਮ ਅਤੇ ਵਿਤਕਰੇ ਵਿਰੁੱਧ ਡੱਟ ਕੇ ਖੜ੍ਹਨ ਲਈ ਪ੍ਰੇਰਿਤ ਕਰਦੀ ਹੈ।”

ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਸਰਾਭਾ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਨੂੰ ਲੋਕਾਂ ਨੂੰ ਸਮਰਪਿਤ ਕੀਤਾ। 40 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਕਲੀਨਿਕ ਵਿੱਚ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਡਾਕਟਰੀ ਸਲਾਹ, ਇਲਾਜ, ਜ਼ਰੂਰੀ ਦਵਾਈਆਂ, ਲੈਬਾਰਟਰੀ ਟੈਸਟ, ਬਿਮਾਰੀਆਂ ਦੀ ਜਾਂਚ ਅਤੇ ਵਿਸ਼ੇਸ਼ ਇਲਾਜ ਲਈ ਰੈਫਰਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਕਿਹਾ, “ਸਾਡੀ ਸਰਕਾਰ ਜਨਤਕ ਸਿਹਤ ਪ੍ਰਣਾਲੀ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ ਤਾਂ ਜੋ ਗਰੀਬ ਅਤੇ ਆਮ ਪਰਿਵਾਰਾਂ ਨੂੰ ਮੁੱਢਲੇ ਇਲਾਜ ਦੇ ਖਰਚੇ ਪੂਰੇ ਕਰਨ ਕਿਸੇ ਤਰ੍ਹਾਂ ਦਾ ਵਿੱਤੀ ਬੋਝ ਨਾ ਝੱਲਣਾ ਪਵੇ ਜਾਂ ਕੋਈ ਕਰਜ਼ਾ ਨਾ ਚੁੱਕਣਾ ਪਵੇ। ਪਰਿਵਾਰਾਂ ‘ਤੇ ਬਿਨਾਂ ਕਿਸੇ ਵਿੱਤੀ ਬੋਝ ਦੇ ਪਹੁੰਚਯੋਗ ਅਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਾਡੀ ਸਰਕਾਰ ਦੀ ਮੁੱਖ ਵਚਨਬੱਧਤਾ ਹੈ।”

ਮੁੱਖ ਮੰਤਰੀ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਪਹਿਲਾਂ ਹੀ 187 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਦੋਂ ਕਿ 27 ਹੋਰ ਕਲੀਨਿਕ ਉਸਾਰੀ ਅਧੀਨ ਹਨ ਜੋ ਜਲਦੀ ਹੀ ਮੁਕੰਮਲ ਕਰ ਲਏ ਜਾਣਗੇ।

ਨੌਜਵਾਨਾਂ ਨੂੰ ਸੁਰੱਖਿਅਤ ਭਵਿੱਖ ਦੇਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ, “ਸਾਡੀ ਸਰਕਾਰ ਨੇ ਬਿਨਾਂ ਕਿਸੇ ਸਿਫ਼ਾਰਸ਼, ਪੱਖਪਾਤ ਜਾਂ ਭ੍ਰਿਸ਼ਟਾਚਾਰ ਦੇ ਨਿਰੋਲ ਮੈਰਿਟ ਦੇ ਆਧਾਰ ‘ਤੇ 71,777 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਅਸੀਂ ਉਸ ਪੁਰਾਣੇ ਸਿਸਟਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਜਿਸ ਵਿੱਚ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਲੈਣ ਲਈ ਅਸਰ ਰਸੂਖ਼, ਸਿਫ਼ਾਰਸ਼ਾਂ ਜਾਂ ਪੈਸੇ ਦੀ ਲੋੜ ਪੈਂਦੀ ਸੀ। ਅੱਜ ਸਿਰਫ਼ ਕਾਬਲੀਅਤ ਅਤੇ ਮੈਰਿਟ ਹੀ ਇੱਕੋ-ਇੱਕ ਮਾਪਦੰਡ ਹਨ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਖ਼ਤ ਮਿਹਨਤ ਕਰਨ, ਇਮਾਨਦਾਰੀ ਨਾਲ ਕੰਮ ਕਰਨ ਅਤੇ ਵੱਡੇ ਸੁਪਨੇ ਦੇਖਣ।”

ਉਨ੍ਹਾਂ ਅੱਗੇ ਕਿਹਾ, “ਹਰ ਯੋਗ ਅਤੇ ਹੱਕਦਾਰ ਨੌਜਵਾਨ ਨੂੰ ਬਿਨਾਂ ਕਿਸੇ ਰਸੂਖ਼ਦਾਰ ਵਿਅਕਤੀ ਦੀ ਮਦਦ ਲਏ ਨਿਰੋਲ ਮੈਰਿਟ ਦੇ ਆਧਾਰ ‘ਤੇ ਨੌਕਰੀ ਲੈਣ ਦਾ ਮੌਕਾ ਮਿਲੇਗਾ। ਮੈਂ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਅਤੇ ਸਖ਼ਤ ਮਿਹਨਤ ‘ਤੇ ਧਿਆਨ ਦੇਣ ਲਈ ਉਤਸ਼ਾਹਿਤ ਕਰਨ। ਸਾਡੀ ਸਰਕਾਰ ਪਾਰਦਰਸ਼ੀ ਭਰਤੀ ਪ੍ਰਕਿਰਿਆ ਰਾਹੀਂ ਰੋਜ਼ਗਾਰ ਦੇ ਨਵੇਂ ਮੌਕੇ ਸਿਰਜਣਾ ਲਗਾਤਾਰ ਜਾਰੀ ਰੱਖੇਗੀ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਪਛਾਣ ਅਤੇ ਵਿਰਸੇ ਨੂੰ ਸੰਭਾਲਣਾ ਉਨ੍ਹਾਂ ਦੀ ਸਰਕਾਰ ਲਈ ਹਮੇਸ਼ਾ ਤਰਜੀਹ ਰਹੇਗਾ।

ਸੂਬਾ ਵਾਸੀਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰ ਮਹਾਨ ਸ਼ਹੀਦਾਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੁਪਨਿਆਂ ਦਾ ਪੰਜਾਬ ਸਿਰਜਣਾ ਹੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ। ਇੱਕ ਅਜਿਹਾ ਪੰਜਾਬ ਜਿੱਥੇ ਨਸ਼ੇ, ਬੇਰੁਜ਼ਗਾਰੀ, ਵਿਤਕਰਾ ਅਤੇ ਬੇਇਨਸਾਫ਼ੀ ਨਾ ਹੋਵੇ, ਹਰ ਬੱਚੇ ਨੂੰ ਮਿਆਰੀ ਸਿੱਖਿਆ ਮਿਲੇ, ਹਰ ਪਰਿਵਾਰ ਨੂੰ ਮਿਆਰੀ ਸਿਹਤ ਸਹੂਲਤਾਂ ਮਿਲਣ ਅਤੇ ਹਰ ਯੋਗ ਨੌਜਵਾਨ ਨੂੰ ਤਰੱਕੀ ਕਰਨ ਦਾ ਮੌਕਾ ਮਿਲੇ।”

ਉਨ੍ਹਾਂ ਕਿਹਾ ਕਿ ਅਜਿਹੇ ਯਾਦਗਾਰੀ ਸਮਾਗਮ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਮਹਾਨ ਸਪੂਤਾਂ ਦੇ ਸ਼ਾਨਾਮੱਤੇ ਇਤਿਹਾਸ ਅਤੇ ਲਾਸਾਨੀ ਕੁਰਬਾਨੀਆਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

 

Leave a Reply

Your email address will not be published. Required fields are marked *