ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਸ਼ਰਾਬ ਦੇ ਸਟਾਕ ਦੀ ਜਾਂਚ ਕੀਤੀ।
ਡਿਪਟੀ ਕਮਿਸ਼ਨਰ ਉਥੇ ਲੰਮਾ ਸਮਾਂ ਰਹੇ ਅਤੇ ਉਨਾਂ ਉਥੇ ਸ਼ਰਾਬ ਬਨਾਉਣ ਤੋਂ ਲੈ ਕੇ ਫੈਕਟਰੀ ਤੋਂ ਬਾਹਰ ਨਿਕਲਣ ਤੱਕ ਦੀ ਸਾਰੀ ਪ੍ਰਣਾਲੀ ਨੂੰ ਵਾਚਿਆ। ਇਸ ਦੌਰਾਨ ਉਨਾਂ ਫਲਾਇੰਗ ਸੁਕਐਡ ਦੀ ਟੀਮ ਨੂੰ ਸਾਰੇ ਸਟਾਕ ਦੀ ਜਾਂਚ ਤੇ ਬਿਲਾਂ ਨਾਲ ਮਿਲਾਉਣ ਦੀ ਹਦਾਇਤ ਕੀਤੀ, ਜੋ ਕਿ ਦੇਰ ਸ਼ਾਮ ਤੱਕ ਜਾਰੀ ਰਹੀ।
ਸ੍ਰੀ ਘਨਸ਼ਾਮ ਥੋਰੀ ਨੇ ਫੈਕਟਰੀ ਪ੍ਰਬੰਧਕਾਂ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੋਟਾਂ ਦੌਰਾਨ ਸ਼ਰਾਬ ਦੀ ਵਰਤੋਂ ਆਮ ਨਾਲੋਂ ਵੱਧ ਜਾਂਦੀ ਹੈ ਅਤੇ ਅਜਿਹੇ ਵਿਚ ਫੈਕਟਰੀ ਦੀ ਸਪਲਾਈ ਉਤੇ ਤਿੱਖੀ ਨਜ਼ਰ ਰੱਖੀ ਜਾਵੇ। ਉਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਇਥੋਂ ਨਿਕਲਣ ਵਾਲੀ ਇਕੱਲੀ ਇਕੱਲੀ ਬੋਤਲ ਤੁਹਾਡੀ ਨਿਗ੍ਹਾ ਹੇਠ ਹੋਣੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਸਪਲਾਈ ਵਿਭਾਗ ਦੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਨਾ ਹੋਵੇ। ਉਨਾਂ ਸ਼ਰਾਬ ਲਈ ਆ ਰਹੀ ਸਿਪਰਟ ਦੀ ਸਪਲਾਈ ਉਤੇ ਵੀ ਨਿਗ੍ਹਾ ਰੱਖਣ ਲਈ ਕਿਹਾ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਇਸ ਸਪਲਾਈ ਦੀ ਦੁਰਵਰਤੋਂ ਨਾ ਕਰ ਸਕੇ। ਉਨਾਂ ਕਿਹਾ ਕਿ ਸਾਡੇ ਜਿਲ੍ਹੇ ਵਿਚ ਪੈਂਦੀ ਇਹ ਇਕਲੌਤੀ ਸ਼ਰਾਬ ਫੈਕਟਰੀ ਹੈ, ਜਿਥੋਂ ਵੱਖ-ਵੱਖ ਮਾਅਰਕੇ ਦੀ ਸ਼ਰਾਬ ਬਾਜ਼ਾਰ ਵਿਚ ਜਾਂਦੀ ਹੈ, ਸੋ ਇਸ ਫੈਕਟਰੀ ਉਤੇ ਆਬਕਾਰੀ ਵਿਭਾਗ ਦੀ 24 ਘੰਟੇ ਨਿਗ੍ਹਾ ਹੋਣੀ ਜ਼ਰੂਰੀ ਹੈ। ਉਨਾਂ ਸ਼ਰਾਬ ਦੀ ਪੈਕਿੰਗ, ਸਪਲਾਈ ਰਿਕਾਰਡ, ਡਿਸਪੈਚ, ਪੈਕਿੰਗ, ਸਪਿਰਟ ਦੀ ਆਮਦ ਅਤੇ ਇਸ ਸਾਰੇ ਕੰਮ ਉਤੇ ਆਬਕਾਰੀ ਵਿਭਾਗ ਦੇ ਕੰਟਰੋਲ ਦੀ ਜਾਂਚ ਕੀਤੀ। ਇਸ ਮੌਕੇ ਉਨਾਂ ਨਾਲ ਐਸ ਡੀ ਐਮ ਅੰਮ੍ਰਿਤਸਰ 2 ਸ੍ਰੀ ਲਾਲ ਵਿਸਵਾਸ਼, ਏ ਈ ਟੀ ਸੀ ਸ੍ਰੀ ਸੁਖਵਿੰਦਰ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।