ਮੇਰੀ ਘਰੇਲੂ ਫ਼ੋਟੋਆਂ ਜਨਤਕ ਕਰਨ ਦੀ ਮਜੀਠੀਆ ਦੀ ਘਟੀਆ ਰਾਜਨੀਤੀ – ਰਵਜੋਤ

ਜਲੰਧਰ , 18 ਜੂਨ

ਆਮ ਆਦਮੀ ਪਾਰਟੀ (ਆਪ) ਦੇ ਮੰਤਰੀ ਡਾ.ਰਵਜੋਤ ਸਿੰਘ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਉਨ੍ਹਾਂ ‘ਤੇ ਲਗਾਏ  ਦੋਸ਼ਾਂ ਨੂੰ ਬੇਬੁਨਿਆਦ ਅਤੇ ਅਪਮਾਨਜਨਕ ਦੱਸਿਆ।  ਉਨ੍ਹਾਂ ਦੇ ਨਾਲ ‘ਆਪ’ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ ਅਤੇ ‘ਆਪ’ ਨੇਤਾ ਤਰਨਦੀਪ ਸੰਨੀ ਵੀ ਮੌਜੂਦ ਸਨ।

ਡਾ. ਰਵਜੋਤ ਨੇ ਸੋਸ਼ਲ ਮੀਡੀਆ ‘ਤੇ ਇੱਕ ਸੰਪਾਦਿਤ ਫੋਟੋ ਪ੍ਰਸਾਰਿਤ ਕਰਕੇ ਉਨ੍ਹਾਂ ਦੀ ਨਿੱਜੀ ਅਤੇ ਰਾਜਨੀਤਿਕ ਸਾਖ ਨੂੰ ਬਦਨਾਮ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਇਸ ਕਾਰਵਾਈ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਸਭ ਤੋਂ ਘਟੀਆ ਦੱਸਿਆ, ਜਿਸਦਾ ਉਦੇਸ਼ ਔਰਤਾਂ ਦੇ ਮਾਣ ਨੂੰ ਢਾਹ ਲਗਾਉਣਾ ਅਤੇ ਦਲਿਤ (ਐਸਸੀ) ਭਾਈਚਾਰੇ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣਾ ਹੈ।

ਡਾ. ਰਵਜੋਤ, ਜੋ ਕਿ 2013 ਤੋਂ ਇੱਕ ਸਮਰਪਿਤ ‘ਆਪ’ ਨੇਤਾ ਹਨ, ਨੇ ਹੁਸ਼ਿਆਰਪੁਰ ਵਿੱਚ ਇੱਕ ਸਿਹਤ ਸੰਭਾਲ ਪੇਸ਼ੇਵਰ ਵਜੋਂ ਆਪਣੀ ਦੋ ਦਹਾਕਿਆਂ ਦੀ ਸੇਵਾ ਅਤੇ ਪਾਰਟੀ ਦੀ ਤਰੱਕੀ ਵਿੱਚ ਉਨ੍ਹਾਂ ਦੇ ਯੋਗਦਾਨ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਲੁਧਿਆਣਾ ਪੱਛਮੀ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਹੀ ਸ਼ੁਰੂ ਕੀਤੀ ਗਈ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਬਦਨਾਮ ਕਰਣ ਵਾਲੀ ਮੁਹਿੰਮ ‘ਤੇ ਡੂੰਘੀ ਨਿਰਾਸ਼ਾ ਪ੍ਰਗਟ ਕੀਤੀ।

ਡਾ. ਰਵਜੋਤ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਫੋਟੋ ਜਨਤਾ ਨੂੰ ਗੁੰਮਰਾਹ ਕਰਨ ਅਤੇ ਮੈਨੂੰ ਬਦਨਾਮ ਕਰਨ ਦੀ ਇੱਕ ਘਿਣਾਉਣੀ ਅਤੇ ਅਨੈਤਿਕ ਕੋਸ਼ਿਸ਼ ਹੈ। ਇਹ ਔਰਤ ਕਿਸੇ ਦੀ ਧੀ, ਮਾਂ ਜਾਂ ਭੈਣ ਹੈ। ਇਹ ਕਾਰਵਾਈ ਸਿਰਫ਼ ਮੇਰੇ ‘ਤੇ ਹਮਲਾ ਨਹੀਂ ਹੈ, ਸਗੋਂ ਸਾਰੀਆਂ ਔਰਤਾਂ ਦਾ ਅਪਮਾਨ ਹੈ। ਇਸ ਤਰ੍ਹਾਂ ਦੀਆਂ ਚਾਲਾਂ ਅਜਿਹੇ ਆਗੂਆਂ ਦੁਆਰਾ ਕੀਤੀ ਜਾ ਰਹੀ ਰਾਜਨੀਤੀ ਦੇ ਸਭ ਤੋਂ ਹੇਠਲੇ ਪੱਧਰ ਦਾ ਪ੍ਰਤੀਬਿੰਬ ਹਨ।

ਡਾ. ਰਵਜੋਤ ਨੇ ਮਜੀਠੀਆ ‘ਤੇ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਦਲਿਤ ਭਾਈਚਾਰਿਆਂ ‘ਤੇ ਜ਼ੁਲਮ ਕਰਨ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਅਨੁਸੂਚਿਤ ਜਾਤੀ ਅਤੇ ਦਲਿਤ ਭਾਈਚਾਰਿਆਂ ਦੀ ਸਮਰਥਕ ਰਹੀ ਹੈ, ਜਿਸਦਾ ਸਬੂਤ ਐਡਵੋਕੇਟ ਜਨਰਲ ਦਫ਼ਤਰ ਵਿੱਚ ਰਾਖਵਾਂਕਰਨ ਲਾਗੂ ਕਰਨ ਵਰਗੀਆਂ ਇਤਿਹਾਸਕ ਪਹਿਲਕਦਮੀਆਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਹ ਕਦਮ ਉਨ੍ਹਾਂ ਵਰਗੇ ਆਗੂਆਂ ਲਈ ਅਸਹਿਣਯੋਗ ਹਨ, ਜੋ ਭਾਈਚਾਰੇ ਦੀ ਤਰੱਕੀ ਨੂੰ ਸਵੀਕਾਰ ਨਹੀਂ ਕਰ ਸਕਦੇ।

ਹੋਰ ਖ਼ਬਰਾਂ :-  Simmi Chaudhary Murder Case : ਹਰਿਆਣਾ ਦੀ ਮਾਡਲ ਦੀ ਨਹਿਰ ‘ਚੋਂ ਮਿਲੀ ਲਾਸ਼

ਉਨ੍ਹਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਲਈ ਚਲਾਈ ਗਈ ਇਹ ਮੁਹਿੰਮ ਪੰਜਾਬ ਵਿੱਚ ਅਨੁਸੂਚਿਤ ਜਾਤੀ ਦੇ ਆਗੂਆਂ ਅਤੇ ਮੰਤਰੀਆਂ ਦੇ ਅਕਸ ਨੂੰ ਖਰਾਬ ਕਰਨ ਲਈ ਇੱਕ ਸੋਚੀ ਸਮਝੀ ਚਾਲ ਹੈ। ਮੰਤਰੀ ਰਵਜੋਤ ਨੇ ਕਿਹਾ “ਇਹ ਦਲਿਤ ਭਾਈਚਾਰੇ ਦੇ ਆਗੂਆਂ ਦੇ ਮਾਣ-ਸਨਮਾਨ ਨੂੰ ਢਾਹ ਲਗਾਉਣ ਦੀ ਇੱਕ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ। ਮਜੀਠੀਆ ਅਤੇ ਉਨ੍ਹਾਂ ਦੀ ਪਾਰਟੀ ਨੇ ਵਾਰ-ਵਾਰ ਸਾਡੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਹੈ। ਪਰ ਉਹ ਸਮਾਵੇਸ਼ੀ ਵਿਕਾਸ ਦੇ ਸਾਡੇ ਮਿਸ਼ਨ ਨੂੰ ਪਟੜੀ ਤੋਂ ਉਤਾਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਵਿੱਚ ਕੱਦੇ ਸਫਲ ਨਹੀਂ ਹੋਣਗੇ।”

ਡਾ. ਰਵਜੋਤ ਨੇ ਮਜੀਠੀਆ ਵਰਗੇ ਆਗੂਆਂ ਦੇ ਪਖੰਡ ਦਾ ਪਰਦਾਫਾਸ਼ ਕਰਦਿਆਂ ਕਿਹਾ, “ਇਹ ਆਗੂ ਜਨਤਕ ਤੌਰ ‘ਤੇ ਆਪਣੇ ਆਪ ਨੂੰ ਧਾਰਮਿਕ ਅਤੇ ਪਵਿੱਤਰ ਦੱਸਦੇ ਹਨ, ਪਰ ਬੰਦ ਕਮਰਿਆਂ ਵਿੱਚ ਉਹ ਇਸ ਤਰ੍ਹਾਂ ਦੇ ਸ਼ਰਮਨਾਕ ਕੰਮ ਕਰਦੇ ਹਨ। ਉਨ੍ਹਾਂ ਦੀਆਂ ਕਾਰਵਾਈਆਂ ਸਿੱਖ ਕਦਰਾਂ-ਕੀਮਤਾਂ ਅਤੇ ਨੈਤਿਕਤਾ ‘ਤੇ ਧੱਬਾ ਹਨ।”

ਉਨ੍ਹਾਂ ਕਿਹਾ ਕਿ ਮਜੀਠੀਆ ਵਿਰੁੱਧ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ, “ਸਾਨੂੰ ਜਾਂਚ ਏਜੰਸੀਆਂ ‘ਤੇ ਭਰੋਸਾ ਹੈ ਕਿ ਉਹ ਸੱਚਾਈ ਨੂੰ ਸਾਹਮਣੇ ਲਿਆਉਣਗੀਆਂ। ਇਹ ਸਿਰਫ਼ ਮੇਰੇ ਬਾਰੇ ਨਹੀਂ ਹੈ, ਇਹ ਇੱਕ ਉਦਾਹਰਣ ਸਥਾਪਤ ਕਰਨ ਬਾਰੇ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਅਜਿਹੇ ਮੰਦਭਾਗੇ ਪ੍ਰਚਾਰ ਬਰਦਾਸ਼ਤ ਨਹੀਂ ਕੀਤੇ ਜਾਣਗੇ।”

ਡਾ. ਰਵਜੋਤ ਨੇ ਰਾਜਨੀਤਿਕ ਆਗੂਆਂ ਨੂੰ ਨਿੱਜੀ ਹਮਲਿਆਂ ਵਿੱਚ ਸ਼ਾਮਲ ਹੋਣ ਦੀ ਬਜਾਏ ਜਨਤਕ ਵਿਕਾਸ ਦੇ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ “ਇਸ ਤਰ੍ਹਾਂ ਦੀ ਰਾਜਨੀਤੀ ਸਮਾਜ ਨੂੰ ਗਲਤ ਸੁਨੇਹਾ ਦਿੰਦੀ ਹੈ ਅਤੇ ਸਾਡੀਆਂ ਲੋਕਤੰਤਰੀ ਪ੍ਰਕਿਰਿਆਵਾਂ ਦੀ ਪਵਿੱਤਰਤਾ ਨੂੰ ਕਮਜ਼ੋਰ ਕਰਦੀ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਸਲ ਮੁੱਦਿਆਂ ‘ਤੇ ਚਰਚਾ ਕਰਨ ਅਤੇ ਅਜਿਹੇ ਘਿਣਾਉਣੇ ਪੱਧਰ ਤੱਕ ਜਾਣ ਤੋਂ ਬਚਣ।”

Leave a Reply

Your email address will not be published. Required fields are marked *