ਸੰਤੁਲਿਤ ਪੋਸ਼ਣ ਲਈ ਖੁਰਾਕ ‘ਚ ਮੱਛੀ ਨੂੰ ਬਣਾਓ ਅਹਿਮ ਹਿੱਸਾ: ਸੀਨੀਅਰ ਮੱਛੀ ਪਾਲਣ ਅਫ਼ਸਰ ਤੇਜਿੰਦਰ ਕੌਰ

Make fish an important part of the diet for balanced nutrition: Senior Fisheries Officer Tejinder Kaur
ਰੂਪਨਗਰ, 23 ਸਤੰਬਰ: ਸੀਨੀਅਰ ਮੱਛੀ ਪਾਲਣ ਅਫ਼ਸਰ ਤੇਜਿੰਦਰ ਕੌਰ ਨੇ ਦੱਸਿਆ ਕਿ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਸਿਹਤਮੰਦ ਜੀਵਨ ਦੀ ਬੁਨਿਆਦ ਹੈ ਅਤੇ ਰੋਜ਼ਾਨਾ ਖੁਰਾਕ ਵਿੱਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਪਦਾਰਥਾਂ ਨੂੰ ਸ਼ਾਮਲ ਕਰਨਾ ਸਰੀਰ ਦੀ ਤੰਦਰੁਸਤੀ ਲਈ ਮਹੱਤਵਪੂਰਨ ਹੈ। ਇਸੇ ਕੜੀ ਤਹਿਤ ਮੱਛੀ ਨੂੰ ਇੱਕ ਪੌਸ਼ਟਿਕ ਅਤੇ ਕਿਫਾਇਤੀ ਖੁਰਾਕੀ ਸਰੋਤ ਵਜੋਂ ਅਪਣਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੰਜਾਬ ਮੱਛੀ ਪਾਲਣ ਵਿਭਾਗ ਅਨੁਸਾਰ ਮੱਛੀ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਤੱਤ ਮੌਜੂਦ ਹੁੰਦੇ ਹਨ, ਜੋ ਮਨੁੱਖੀ ਸਿਹਤ ਲਈ ਜ਼ਰੂਰੀ ਹਨ। 
 
ਉਨ੍ਹਾਂ ਕਿਹਾ ਕਿ ਮੱਛੀ ਨੂੰ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। ਜਾਗਰੂਕਤਾ ਸਮੱਗਰੀ ਅਨੁਸਾਰ ਮੱਛੀ ਪ੍ਰੋਟੀਨ ਦੇ ਨਾਲ-ਨਾਲ ਵਿਟਾਮਿਨ ਏ ਅਤੇ ਡੀ, ਆਇਰਨ, ਜ਼ਿੰਕ, ਆਇਓਡੀਨ, ਮੈਗਨੀਸ਼ੀਅਮ ਅਤੇ ਓਮੇਗਾ-3 ਵਰਗੇ ਪੌਸ਼ਟਿਕ ਤੱਤਾਂ ਦਾ ਸਰੋਤ ਹੈ।
 
ਸੀਨੀਅਰ ਮੱਛੀ ਪਾਲਣ ਅਫ਼ਸਰ ਨੇ ਦੱਸਿਆ ਕਿ ਮੱਛੀ ਨੂੰ ਅਨਾਜ ਅਤੇ ਹੋਰ ਖੁਰਾਕੀ ਪਦਾਰਥਾਂ ਦੇ ਨਾਲ ਸੰਤੁਲਿਤ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਭੋਜਨ ਵਿੱਚ ਪੌਸ਼ਟਿਕਤਾ ਦਾ ਪੱਧਰ ਵਧਾਇਆ ਜਾ ਸਕਦਾ ਹੈ। ਕੇਂਦਰੀ ਮੱਛੀ ਪਾਲਣ ਸਬੰਧੀ ਦਿਸ਼ਾ-ਨਿਰਦੇਸ਼ਾਂ ਵਿੱਚ ਵੀ ਮੱਛੀ ਨੂੰ ਪਸ਼ੂ-ਆਧਾਰਿਤ ਪ੍ਰੋਟੀਨ ਦਾ ਪੌਸ਼ਟਿਕ ਸਰੋਤ ਦੱਸਿਆ ਗਿਆ ਹੈ ਅਤੇ ਮੱਛੀ ਪਾਲਣ ਖੇਤਰ ਨੂੰ ਭੋਜਨ, ਪੋਸ਼ਣ, ਆਮਦਨ ਅਤੇ ਰੋਜ਼ਗਾਰ ਨਾਲ ਜੋੜਿਆ ਗਿਆ ਹੈ। 
 
ਸੀਨੀਅਰ ਮੱਛੀ ਪਾਲਣ ਅਫ਼ਸਰ ਤੇਜਿੰਦਰ ਕੌਰ ਨੇ ਦੱਸਿਆ ਕਿ ਮੱਛੀ ਦੇ ਸੇਵਨ ਨਾਲ ਸਰੀਰ ਨੂੰ ਕਈ ਲੋੜੀਂਦੇ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ। ਇਸ ਵਿੱਚ ਮੱਛੀ ਨੂੰ ਦਿਲ ਦੀ ਸਿਹਤ ਲਈ ਲਾਭਦਾਇਕ ਖੁਰਾਕ ਵਜੋਂ ਦਰਸਾਉਂਦਿਆਂ ਦਿਲ ਦੇ ਦੌਰੇ ਅਤੇ ਦਿਮਾਗੀ ਦੌਰੇ ਦੇ ਖ਼ਤਰੇ ਨੂੰ ਘਟਾਉਣ ਵਿੱਚ ਸਹਾਇਤਾ, ਪਾਚਨ ਪ੍ਰਣਾਲੀ ਦੀ ਕਾਰਗੁਜ਼ਾਰੀ, ਅੱਖਾਂ ਦੀ ਤੰਦਰੁਸਤੀ ਅਤੇ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਸਹਾਰਾ ਦੇਣ ਵਰਗੇ ਪੱਖ ਉਜਾਗਰ ਕੀਤੇ ਗਏ ਹਨ। ਇਸ ਤੋਂ ਇਲਾਵਾ ਮੱਛੀ ਵਿੱਚ ਮੌਜੂਦ ਓਮੇਗਾ-3 ਵਰਗੇ ਪੌਸ਼ਟਿਕ ਤੱਤਾਂ ਨੂੰ ਸਰੀਰ ਦੀ ਸਮੁੱਚੀ ਸਿਹਤ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।
 
ਉਨ੍ਹਾਂ ਦੱਸਿਆ ਕਿ ਮਾਨਸਿਕ ਤਣਾਅ ਨਾਲ ਨਜਿੱਠਣ, ਦਮੇ ਨਾਲ ਸਬੰਧਤ ਸਿਹਤ ਲਈ ਸਹਾਇਤਾ, ਕੈਂਸਰ ਨਾਲ ਸਬੰਧਤ ਜੋਖਮਾਂ ਵਿੱਚ ਸਹਾਇਤਾ, ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਅਤੇ ਜੋੜਾਂ ਦੀ ਸਿਹਤ ਨਾਲ ਸਬੰਧਤ ਸੰਭਾਵਿਤ ਲਾਭਾਂ ਵੱਲ ਵੀ ਧਿਆਨ ਦਿਵਾਇਆ ਗਿਆ ਹੈ। ਇਨ੍ਹਾਂ ਸਿਹਤ ਲਾਭਾਂ ਨੂੰ ਸੰਤੁਲਿਤ ਖੁਰਾਕ ਅਤੇ ਸਮੁੱਚੀ ਜੀਵਨ-ਜਾਚ ਦੇ ਸੰਦਰਭ ਵਿੱਚ ਸਮਝਣਾ ਉਚਿਤ ਹੈ।
 
ਉਨ੍ਹਾਂ ਦੱਸਿਆ ਕਿ ਪੰਜਾਬ ਮੱਛੀ ਪਾਲਣ ਵਿਭਾਗ ਵੱਲੋਂ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ ਮੱਛੀ ਪਾਲਣ ਸਿਰਫ਼ ਪੌਸ਼ਟਿਕ ਭੋਜਨ ਦਾ ਸਰੋਤ ਹੀ ਨਹੀਂ, ਸਗੋਂ ਖੇਤੀਬਾੜੀ ਦੀ ਵਿਭਿੰਨਤਾ, ਆਮਦਨ ਅਤੇ ਸਵੈ-ਰੋਜ਼ਗਾਰ ਦਾ ਮਹੱਤਵਪੂਰਨ ਸਾਧਨ ਵੀ ਹੈ। ਵਿਭਾਗ ਵੱਲੋਂ ਮੱਛੀ ਪਾਲਕਾਂ ਨੂੰ ਵਿਸਥਾਰ ਸੇਵਾਵਾਂ ਅਤੇ ਵੱਖ-ਵੱਖ ਸਰਕਾਰੀ ਪ੍ਰੋਤਸਾਹਨ ਅਤੇ ਵਿੱਤੀ ਸਹਾਇਤਾ ਸਕੀਮਾਂ ਰਾਹੀਂ ਮੱਛੀ ਪਾਲਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 
 
ਉਨ੍ਹਾਂ ਦੱਸਿਆ ਕਿ ਜਾਗਰੂਕਤਾ ਸਮੱਗਰੀ ਵਿੱਚ ਦਰਸਾਈ ਜਾਣਕਾਰੀ ਅਨੁਸਾਰ ਭਾਰਤ ਵਿੱਚ ਮੱਛੀ ਦਾ ਸੇਵਨ ਕਰਨ ਵਾਲੀ ਆਬਾਦੀ 50 ਫ਼ੀਸਦੀ ਤੋਂ ਵੱਧ ਹੈ, ਜਦਕਿ ਕੁਝ ਰਾਜਾਂ ਵਿੱਚ ਇਹ ਅੰਕੜਾ 90 ਫ਼ੀਸਦੀ ਤੋਂ ਵੀ ਵੱਧ ਦੱਸਿਆ ਗਿਆ ਹੈ। ਇਸ ਦੇ ਮੁਕਾਬਲੇ ਪੰਜਾਬ ਵਿੱਚ ਮੱਛੀ ਦਾ ਸੇਵਨ ਕਰਨ ਵਾਲੀ ਆਬਾਦੀ 20 ਫ਼ੀਸਦੀ ਤੋਂ ਵੀ ਘੱਟ ਦਰਸਾਈ ਗਈ ਹੈ। ਇਸ ਲਈ ਸੂਬੇ ਵਿੱਚ ਮੱਛੀ ਦੀ ਪੌਸ਼ਟਿਕ ਮਹੱਤਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਇਸ ਨੂੰ ਸੰਤੁਲਿਤ ਖੁਰਾਕ ਦਾ ਹਿੱਸਾ ਬਣਾਉਣ ਲਈ ਉਤਸ਼ਾਹਿਤ ਕਰਨਾ ਮਹੱਤਵਪੂਰਨ ਹੈ।
 
ਉਨ੍ਹਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੰਤੁਲਿਤ ਖੁਰਾਕ, ਨਿਯਮਤ ਕਸਰਤ ਅਤੇ ਸਿਹਤਮੰਦ ਜੀਵਨ-ਜਾਚ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਆਪਣੀ ਖੁਰਾਕ ਵਿੱਚ ਮੱਛੀ ਵਰਗੇ ਪੌਸ਼ਟਿਕ ਖੁਰਾਕੀ ਸਰੋਤਾਂ ਨੂੰ ਉਚਿਤ ਮਾਤਰਾ ਵਿੱਚ ਸ਼ਾਮਲ ਕਰਨ। “ਰੋਜ਼ ਖਾਓ ਮੱਛੀ, ਸਿਹਤ ਰਹੇਗੀ ਅੱਛੀ” ਦਾ ਸੁਨੇਹਾ ਲੋਕਾਂ ਨੂੰ ਪੌਸ਼ਟਿਕ ਖੁਰਾਕ ਪ੍ਰਤੀ ਜਾਗਰੂਕ ਕਰਨ ਅਤੇ ਸਿਹਤਮੰਦ ਜੀਵਨ-ਜਾਚ ਅਪਣਾਉਣ ਵੱਲ ਪ੍ਰੇਰਿਤ ਕਰਦਾ ਹੈ। 
ਹੋਰ ਖ਼ਬਰਾਂ :-  ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਲੇਖਾਕਾਰ ਖਿਲਾਫ 45 ਲੱਖ ਰੁਪਏ ਦੀ ਰਿਸ਼ਵਤ ਲੈਣ ਸਬੰਧੀ ਇਕ ਹੋਰ ਕੇਸ ਦਰਜ

Leave a Reply

Your email address will not be published. Required fields are marked *