ਨਾਗਰਿਕ ਹੁਣ ਮੈਪਲਜ਼ ਮੋਬਾਈਲ ਐਪ ਦੀ ਵਰਤੋਂ ਕਰਕੇ ‘ਫਰਿਸ਼ਤੇ’ ਹਸਪਤਾਲਾਂ ਦੀ ਖੋਜ ਕਰ ਸਕਣਗੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਸੜਕ ਸੁਰੱਖਿਆ ਅਤੇ ਐਮਰਜੈਂਸੀ ਦੇਖਭਾਲ ਸਬੰਧੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਪੁਲਿਸ ਦੇ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਨੇ ਰਾਜ ਸਿਹਤ ਏਜੰਸੀ (ਐਸ.ਐਚ.ਏ.) ਅਤੇ ਮੈਪ ਮਾਈ ਇੰਡੀਆ ਦੇ ਸਹਿਯੋਗ ਨਾਲ ਮੈਪਲਜ਼ ਮੋਬਾਈਲ ਐਪ (Mappls MapmyIndia Maps) ਜ਼ਰੀਏ ਫਰਿਸ਼ਤੇ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਬਾਰੇ ਜਾਣਕਾਰੀ ਉਪਲਬਧ ਕਰਵਾਈ ਹੈ, ਤਾਂ ਜੋ ਸੁਖਾਲੇ ਢੰਗ ਨਾਲ ਇਹਨਾਂ ਹਸਪਤਾਲਾਂ ਤੱਕ ਪਹੁੰਚ ਕੀਤੀ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨਿਰਵਿਘਨ ਨੇਵੀਗੇਸ਼ਨ ਸਹਾਇਤਾ ਦੀ ਪੇਸ਼ਕਸ਼ ਕਰਨਾ ਹੈ, ਜਿਸ ਨਾਲ ਉਪਭੋਗਤਾ, ਖਾਸ ਕਰਕੇ ਸੜਕ ਦੁਰਘਟਨਾਵਾਂ ਦੀ ਸਥਿਤੀ ਵਿੱਚ, ਨੇੜਲੇ ਹਸਪਤਾਲਾਂ ਦੀ ਤੇਜ਼ੀ ਨਾਲ ਭਾਲ ਕਰਕੇ ਸਮੇਂ ਸਿਰ ਪੀੜਤ ਨੂੰ ਹਸਪਤਾਲ ਪਹੁੰਚਾ ਸਕਣਗੇ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਵਿੱਚ ਸੱਟਾਂ ਲੱਗਣ ਕਾਰਨ ਹੋਣ ਵਾਲੀ ਮੌਤ ਦਰ ਨੂੰ ਘਟਾਉਣ ਅਤੇ ਉਪਲਬਧ ਸਰਕਾਰੀ/ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਤੁਰੰਤ, ਮੁਸ਼ਕਲ ਰਹਿਤ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਗਈ ਹੈ।

ਹੁਣ ਤੱਕ ਫਰਿਸ਼ਤੇ ਸਕੀਮ ਤਹਿਤ ਪੰਜਾਬ ਭਰ ਵਿੱਚ 384 ਹਸਪਤਾਲਾਂ ਨੂੰ ਸਫਲਤਾਪੂਰਵਕ ਰਜਿਸਟਰ ਕੀਤਾ ਹੈ, ਜਿਸ ਵਿੱਚ 238 ਪ੍ਰਾਈਵੇਟ ਅਤੇ 146 ਸਰਕਾਰੀ ਹਸਪਤਾਲ ਸ਼ਾਮਲ ਹਨ। ਹੁਣ ਇਹ ਹਸਪਤਾਲ, ਪੰਜਾਬ ਫਰਿਸ਼ਤੇ ਸਕੀਮ ਅਪਲਾਈ ਆਨਲਾਈਨ 2024 ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਮੈਪਲ ਮੋਬਾਈਲ ਐਪ ‘ਤੇ ਉਪਲਬਧ ਹਨ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਟ੍ਰੈਫ਼ਿਕ ਅਤੇ ਸੜਕ ਸੁਰੱਖਿਆ ਪੰਜਾਬ ਏ.ਐਸ. ਰਾਏ ਨੇ ਇਸ ਪਹਿਲਕਦਮੀ ਨੂੰ ਐਮਰਜੈਂਸੀ ਦੀ ਸੂਰਤ ਵਿੱਚ ਤੁਰੰਤ ਇਲਾਜ ਮੁਹੱਈਆ ਕਰਵਾਉਣ ਲਈ ਇੱਕ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਕਿਹਾ ਕਿ ਫਰਿਸ਼ਤੇ ਹਸਪਤਾਲਾਂ ਦਾ ਮੈਪਲਜ਼ ਮੋਬਾਈਲ ਐਪ ਨਾਲ ਏਕੀਕਰਣ ਇਹ ਯਕੀਨੀ ਬਣਾਏਗਾ ਕਿ ਸੜਕ ਦੁਰਘਟਨਾ ਪੀੜਤਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਸਕੇ, ਜੋ ਮਨੁੱਖੀ ਜਾਨਾਂ ਬਚਾਉਣ ਲਈ ਲਾਹੇਵੰਦ ਸਾਬਿਤ ਹੋਵੇਗਾ। ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਇਸ ਪ੍ਰਣਾਲੀ ਦੀ ਵਰਤੋਂ ਦੁਰਘਟਨਾ ਪੀੜਤਾਂ ਨੂੰ ਸੰਵੇਦਨਸ਼ੀਲ ਸਮੇਂ ‘ਤੇ ਹਸਪਤਾਲ ਲਿਜਾਣ ਲਈ ਸਹਾਈ ਹੋਵੇਗੀ ਜਿਸ ਨਾਲ ਮਨੁੱਖੀ ਜਾਨਾਂ ਬਚਾਉਣ ਦੀ ਦਰ ਵਿੱਚ ਸੁਧਾਰ ਆਵੇਗਾ।

ਹੋਰ ਖ਼ਬਰਾਂ :-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿੱਚਰਵਾਰ ਨੂੰ ਬਗਲਾਮੁਖੀ ਧਾਮ ਵਿਖੇ ਮੱਥਾ ਟੇਕਿਆ

ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਅੱਗੇ ਆ ਕੇ ਦੁਰਘਟਨਾ ਪੀੜਤਾਂ ਦੀ ਮਦਦ ਕਰਨ ਅਤੇ ਉਹਨਾਂ ਦੀ ਜਾਨ ਬਚਾਉਣ ਲਈ ਉਤਸ਼ਾਹਿਤ ਕਰਨ ਵਾਲੇ ਅਜਿਹੇ “ਫਰਿਸ਼ਤੇ” ਨੂੰ ਕਾਨੂੰਨੀ ਉਲਝਣਾਂ ਅਤੇ ਪੁਲਿਸ ਪੁੱਛਗਿੱਛ ਤੋਂ ਛੋਟ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉਸ ਨੂੰ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਵੀ ਕੀਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਫਰਿਸ਼ਤੇ ਪ੍ਰਣਾਲੀ ਤਹਿਤ, ਜ਼ਖਮੀ ਵਿਅਕਤੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀਆਂ ਨੂੰ ਸਰਕਾਰ ਦੁਆਰਾ “ਫਰਿਸ਼ਤਾ” ਵਜੋਂ ਮਾਨਤਾ ਦਿੱਤੀ ਜਾਂਦੀ ਹੈ ਅਤੇ 2,000 ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ।
ਆਮ ਲੋਕਾਂ ਤੋਂ ਇਲਾਵਾ, ਨਵੀਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਵੀ ਇਸ ਆਨਲਾਈਨ ਨੇਵੀਗੇਸ਼ਨ ਪ੍ਰਣਾਲੀ ਦਾ ਲਾਭ ਉਠਾ ਕੇ ਦੁਰਘਟਨਾ ਦੇ ਪੀੜਤਾਂ ਨੂੰ ਨੇੜਲੇ ਹਸਪਤਾਲਾਂ ਤੱਕ ਪਹੁੰਚਾਏਗੀ, ਜਿਸ ਨਾਲ ਉਹਨਾਂ ਨੂੰ ਸਮੇਂ ਸਿਰ ਸਹਾਇਤਾ ਮਿਲ ਸਕੇਗੀ ਅਤੇ ਬਚਾਅ ਦਰ ਵਿੱਚ ਵਾਧਾ ਹੋਵੇਗਾ। ਇਸਦੇ ਨਾਲ ਹੀ ਵਿਆਪਕ ਕਵਰੇਜ ਨੂੰ ਯਕੀਨੀ ਬਣਾਉਂਦਿਆਂ ਸਾਰੇ 144 ਐਸ.ਐਸ.ਐਫ. ਹਾਈਵੇ ਮਾਰਗਾਂ ਨੂੰ ਹੁਣ ਫਰਿਸ਼ਤੇ ਸੂਚੀਬੱਧ ਹਸਪਤਾਲਾਂ ਨਾਲ ਮੈਪ ਕੀਤਾ ਗਿਆ ਹੈ।
ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਐਸ.ਐਚ.ਏ. ਬਬੀਤਾ ਕਲੇਰ ਨੇ ਕਿਹਾ ਕਿ ਟ੍ਰੈਫਿਕ ਅਤੇ ਰੋਡ ਸੇਫਟੀ ਵਿੰਗ ਅਤੇ ਮੈਪ ਮਾਈ ਇੰਡੀਆ ਦੇ ਸਹਿਯੋਗ ਨਾਲ ਆਧੁਨਿਕ ਨੈਵੀਗੇਸ਼ਨ ਤਕਨਾਲੋਜੀ ਜ਼ਰੀਏ ਐਮਰਜੈਂਸੀ ਸਮੇਂ ਨੇੜਲੇ ਹਸਪਤਾਲਾਂ ਦਾ ਪਤਾ ਲਗਾਉਣਾ ਸੁਖਾਲਾ ਹੋ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਹ ਕਦਮ ਸੜਕ ਦੁਰਘਟਨਾ ਦੇ ਪੀੜਤਾਂ ਨੂੰ ਰਜਿਸਟਰਡ ਫਰਿਸ਼ਤੇ ਹਸਪਤਾਲਾਂ ਤੱਕ ਤੁਰੰਤ ਲਿਜਾਉਣ ਦੀ ਸਹੂਲਤ ਦੇਵੇਗਾ।

ਮੈਪ ਮਾਈ ਇੰਡੀਆ ਦੇ ਸੀ.ਈ.ਓ. ਅਤੇ ਐਮ.ਡੀ. ਰੋਹਨ ਵਰਮਾ ਨੇ ਕਿਹਾ ਕਿ ਨੇਵੀਗੇਸ਼ਨ ਕੰਪਨੀ ਦਾ ਉਦੇਸ਼ ਹਰ ਹਸਪਤਾਲ ਨੂੰ ਫਰਿਸ਼ਤੇ ਹਸਪਤਾਲ ਦੇ ਰੂਪ ਵਿੱਚ ਮੈਪਿੰਗ ਕਰਕੇ, ਨਿਰਵਿਘਨ ਨੇਵੀਗੇਸ਼ਨ, ਰੀਅਲ-ਟਾਈਮ ਅੱਪਡੇਟ ਅਤੇ ਸਹੀ ਮੈਪਿੰਗ ਪ੍ਰਦਾਨ ਕਰਨਾ ਹੈ। ਉਹਨਾਂ ਕਿਹਾ ਕਿ ਇਹ ਪਹਿਲਕਦਮੀ ਭਰੋਸੇਯੋਗਤਾ ਅਤੇ ਉਪਭੋਗਤਾ ਦੇ ਅਨੁਭਵ ਵਿੱਚ ਸੁਧਾਰ ਕਰੇਗੀ ਅਤੇ ਪੀੜਤ ਵਿਅਕਤੀ ਤੱਕ ਸਮੇਂ ਸਿਰ ਸਿਹਤ ਸਹੂਲਤ ਪਹੁੰਚਾਉਣਾ ਯਕੀਨੀ ਬਣਾਵੇਗੀ।

Leave a Reply

Your email address will not be published. Required fields are marked *