ਕੋਟਕਪੂਰਾ/ਮੋਗਾ, 26 ਨਵੰਬਰ- ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਕੋਟਕਪੂਰਾ ਦੇ ਵਿਧਾਇਕ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮੋਗਾ ਵਿੱਚ ਹੋਈ ਮਹਾਂ ਰੈਲੀ ਵਿੱਚ ਹਾਜ਼ਰ ਹੋਏ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿਸ ਜੋਸ਼ੋ-ਖਰੋਸ਼ ਨਾਲ ਰੈਲੀ ਵਿੱਚ ਸ਼ਮੂਲੀਅਤ ਕੀਤੀ, ਉਸ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ।
ਸਪੀਕਰ ਸੰਧਵਾਂ ਨੇ ਕਿਹਾ, “ਅੱਜ ਤਾਂ ਤੁਸੀਂ ਕਮਾਲ ਕਰ ਦਿੱਤੀ। ਜਿਸ ਜੋਸ਼ੋ-ਖਰੋਸ਼ ਨਾਲ ਤੁਸੀਂ ਮੋਗਾ ਮਹਾਂ ਰੈਲੀ ਵਿੱਚ ਪਹੁੰਚੇ, ਉਸ ਦੀ ਕੋਈ ਮਿਸਾਲ ਹੀ ਨਹੀਂ ਹੈ। ਸਾਰੇ ਰਿਕਾਰਡ ਤੁਸੀਂ ਤੋੜ ਦਿੱਤੇ।”
ਉਨ੍ਹਾਂ ਕਿਹਾ ਕਿ ਜਿਸ ਜੋਸ਼ ਨਾਲ ਲੋਕਾਂ ਨੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੀਆਂ ਗਰੰਟੀਆਂ ਨੂੰ ਪ੍ਰਵਾਨ ਕਰਕੇ ਉਨ੍ਹਾਂ ‘ਤੇ ਮੋਹਰ ਲਾਈ, ਉਹ ਵੀ ਕਮਾਲ ਦਾ ਸੀ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਕੰਮਾਂ ‘ਤੇ ਵੀ ਲੋਕਾਂ ਨੇ ਪੂਰੇ ਜੋਸ਼ ਨਾਲ ਮੋਹਰ ਲਾਈ ਹੈ, ਜਿਸ ਦਾ ਕੋਈ ਮੁਕਾਬਲਾ ਨਹੀਂ ਹੈ।
ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਅਜਿਹੇ ਕੰਮ ਕੀਤੇ ਹਨ, ਜਿਨ੍ਹਾਂ ਨਾਲ ਪੰਜਾਬੀਆਂ ਦੀ ਜ਼ਿੰਦਗੀ ਸੌਖੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖੁਦਕੁਸ਼ੀਆਂ ਘਟੀਆਂ ਹਨ, ਪਾਣੀ ਖੇਤਾਂ ਅਤੇ ਟੇਲਾਂ ਤੱਕ ਪਹੁੰਚਿਆ ਹੈ ਅਤੇ ਧਰਤੀ ਹੇਠਲਾ ਪਾਣੀ ਉੱਪਰ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਕੰਮ ਵਿੱਚ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਹੈ, ਜਿਸ ਲਈ ਉਹ ਸਭ ਦੇ ਧੰਨਵਾਦੀ ਹਨ।
ਆਪਣੇ ਹਲਕੇ ਦੇ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਹਲਕਾ ਕੋਟਕਪੂਰਾ ਦੇ ਪੰਚਾਂ, ਸਰਪੰਚਾਂ, ਨੰਬਰਦਾਰਾਂ, ਪਾਰਟੀ ਦੇ ਸਾਰੇ ਵਿੰਗਾਂ ਦੇ ਅਹੁਦੇਦਾਰਾਂ ਅਤੇ ਸਾਰੇ ਸਾਥੀਆਂ ਨੇ ਰੈਲੀ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਖ਼ਾਸ ਤੌਰ ‘ਤੇ ਹਲਕੇ ਦੀਆਂ ਉਨ੍ਹਾਂ ਭੈਣਾਂ ਦਾ ਧੰਨਵਾਦ ਕੀਤਾ, ਜੋ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਪਹੁੰਚੀਆਂ। ਉਨ੍ਹਾਂ ਕਿਹਾ ਕਿ ਕੋਟਕਪੂਰਾ ਸ਼ਹਿਰ ਵੱਲੋਂ ਇਸ ਵਾਰ ਪੰਜ ਗੁਣਾ ਵੱਧ ਹਾਜ਼ਰੀ ਲਵਾਈ ਗਈ ਹੈ, ਜਿਸ ਲਈ ਉਹ ਸ਼ਹਿਰ ਵਾਸੀਆਂ ਦੇ ਬਹੁਤ ਧੰਨਵਾਦੀ ਹਨ।
ਸਪੀਕਰ ਸੰਧਵਾਂ ਨੇ ਮੀਡੀਆ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੀਡੀਆ ਨੇ ਬਹੁਤ ਵਧੀਆ ਢੰਗ ਨਾਲ ਪੂਰੀ ਰੈਲੀ ਨੂੰ ਕਵਰ ਕੀਤਾ ਅਤੇ ਪੰਜਾਬ ਦੇ ਲੋਕਾਂ ਦੀ ਖ਼ੁਸ਼ੀ ਨੂੰ ਘਰ-ਘਰ ਪਹੁੰਚਾਉਣ ਦਾ ਕੰਮ ਕੀਤਾ। “ਤੁਹਾਡਾ ਇਹ ਯੋਗਦਾਨ ਅਸੀਂ ਕਿਸੇ ਵੀ ਤਰ੍ਹਾਂ ਮੋੜ ਨਹੀਂ ਸਕਦੇ,”।
ਅਖ਼ੀਰ ਵਿੱਚ ਕੁਲਤਾਰ ਸਿੰਘ ਸੰਧਵਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਿਹਾ ਕਿ ਸੱਚਾ ਪਾਤਸ਼ਾਹ ਸਾਨੂੰ ਇਸੇ ਤਰ੍ਹਾਂ ਇੱਕ-ਦੂਜੇ ਦਾ ਹੱਥ ਫੜ ਕੇ ਰੰਗਲਾ ਪੰਜਾਬ ਬਣਾਉਣ ਵੱਲ ਕਦਮ ਵਧਾਉਣ ਦਾ ਬਲ ਬਖ਼ਸ਼ਦਾ ਰਹੇ, ਤਾਂ ਜੋ ਪੰਜਾਬੀਆਂ ਅਤੇ ਸਾਡੇ ਬੱਚਿਆਂ ਦਾ ਸੁਨਹਿਰੀ ਭਵਿੱਖ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇੱਕ ਵਾਰ ਫਿਰ ਰੈਲੀ ਵਿੱਚ ਪਹੁੰਚਣ ਅਤੇ ਇਸ ਦੇ ਪ੍ਰਬੰਧ ਲਈ ਸਭ ਦਾ ਬਹੁਤ-ਬਹੁਤ ਧੰਨਵਾਦ ਕੀਤਾ।