ਮਾਲੇਰਕੋਟਲਾ ਦੇ ਮੁਹੰਮਦ ਯਾਸਰ ਨੇ ਚਾਂਦੀ ਦਾ ਤਗਮਾ ਜਿੱਤ ਕੇ ਰਚਿਆ ਮਾਣਮੱਤਾ ਇਤਿਹਾਸ-ਵਿਰਾਜ ਐਸ. ਤਿੜਕੇ

Mohammad Yasar of Malerkotla created proud history by winning a silver medal-Viraj S. Tidke

ਮਾਲੇਰਕੋਟਲਾ, 26 ਅਕਤੂਬਰ:              ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਪਿਛਲੇ ਦਿਨੀਂ ਹੋਈਆਂ ਪੰਜਵੀਆਂ ਏਸ਼ੀਅਨ ਪੈਰਾ ਖੇਡਾਂ-2026 ਵਿੱਚ ਭਾਰਤੀ ਖਿਡਾਰੀਆਂ ਨੇ ਪੁਰਸ਼ਾਂ ਦੇ ਸ਼ਾਟਪੁੱਟ ਐੱਫ-46 ਮੁਕਾਬਲੇ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਿੰਨੇ ਤਗਮੇ ਜਿੱਤ ਕੇ ਦੇਸ਼ ਨੂੰ ਮਾਣਮੱਤੀ ਪ੍ਰਾਪਤੀ ਦਿਵਾਈ ਹੈ। ਇਸ ਸ਼ਾਨਦਾਰ ਜਿੱਤ ਵਿੱਚ ਮਾਲੇਰਕੋਟਲਾ ਜ਼ਿਲ੍ਹੇ ਦੇ ਅਮਰਗੜ੍ਹ ਨਾਲ ਸਬੰਧਤ ਮੁਹੰਮਦ ਯਾਸਰ ਨੇ 15.06 ਮੀਟਰ ਗੋਲਾ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਇਤਿਹਾਸਕ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਮੁਹੰਮਦ ਯਾਸਰ, ਉਸ ਦੇ ਪਰਿਵਾਰ ਅਤੇ ਕੋਚ ਨੂੰ ਦਿਲੀ ਮੁਬਾਰਕਬਾਦ ਦਿੱਤੀ।
                ਉਨ੍ਹਾਂ ਦੱਸਿਆ ਕਿ ਇਸੇ ਮੁਕਾਬਲੇ ਵਿੱਚ ਸਚਿਨ ਖਿਲਾਰੀ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ 15.87 ਮੀਟਰ ਗੋਲਾ ਸੁੱਟ ਕੇ ਨਵਾਂ ਗੇਮਜ਼ ਰਿਕਾਰਡ ਬਣਾਉਂਦਿਆਂ ਸੋਨ ਤਗਮਾ ਜਿੱਤਿਆ, ਜਦਕਿ ਮੁਹੰਮਦ ਯਾਸਰ ਨੇ 15.06 ਮੀਟਰ ਨਾਲ ਚਾਂਦੀ ਅਤੇ ਪ੍ਰਵੀਨ ਨੇ 14.94 ਮੀਟਰ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਤਰ੍ਹਾਂ ਜੇਤੂ ਮੰਚ ਦੇ ਤਿੰਨੋਂ ਸਥਾਨਾਂ ’ਤੇ ਭਾਰਤੀ ਖਿਡਾਰੀਆਂ ਦਾ ਕਬਜ਼ਾ ਰਿਹਾ।
              ਵਿਰਾਜ ਐਸ.ਤਿੜਕੇ ਨੇ ਕਿਹਾ ਕਿ ਜਦੋਂ ਕੌਮਾਂਤਰੀ ਖੇਡ ਮੰਚ ’ਤੇ ਤਿੰਨੋਂ ਤਗਮੇ ਭਾਰਤ ਦੇ ਹਿੱਸੇ ਆਉਣ ਅਤੇ ਉਨ੍ਹਾਂ ਵਿੱਚ ਮਾਲੇਰਕੋਟਲਾ ਦਾ ਨੌਜਵਾਨ ਵੀ ਸ਼ਾਮਲ ਹੋਵੇ, ਤਾਂ ਇਹ ਖੁਸ਼ੀ ਸ਼ਬਦਾਂ ਵਿੱਚ ਬਿਆਨ ਕਰਨੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਬਚਪਨ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਵੀ ਮੁਹੰਮਦ ਯਾਸਰ ਨੇ ਆਪਣੇ ਸੁਪਨਿਆਂ ਦਾ ਪਿੱਛਾ ਨਹੀਂ ਛੱਡਿਆ। ਸਾਲ 2018 ਦੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਉਪਰੰਤ ਹੁਣ ਚਾਂਦੀ ਦਾ ਤਗਮਾ ਹਾਸਲ ਕਰਨਾ ਉਸ ਦੀ ਲਗਾਤਾਰ ਮਿਹਨਤ ਅਤੇ ਬੁਲੰਦ ਹੌਸਲੇ ਦਾ ਪ੍ਰਮਾਣ ਹੈ।
             ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਵੀ ਮੁਹੰਮਦ ਯਾਸਰ ਨੂੰ ਵਧਾਈ ਦੇਣਾ ਸਮੁੱਚੇ ਜ਼ਿਲ੍ਹੇ ਲਈ ਵਿਸ਼ੇਸ਼ ਮਾਣ ਵਾਲੀ ਗੱਲ ਹੈ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ। ਉਨ੍ਹਾਂ ਕਿਹਾ ਕਿ ਨਸ਼ੇ ਨੌਜਵਾਨੀ ਦੀ ਸਮਰੱਥਾ ਨੂੰ ਕਮਜ਼ੋਰ ਕਰਦੇ ਹਨ, ਜਦਕਿ ਖੇਡਾਂ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਜਜ਼ਬਾ ਪੈਦਾ ਕਰਦੀਆਂ ਹਨ।
           ਤਿੜਕੇ ਨੇ ਕਿਹਾ ਕਿ ਮਾਲੇਰਕੋਟਲਾ ਦੀ ਨੌਜਵਾਨੀ ਦੀ ਅਸਲ ਪਛਾਣ ਨਸ਼ਿਆਂ ਨਾਲ ਨਹੀਂ, ਸਗੋਂ ਖੇਡ ਮੈਦਾਨਾਂ ਵਿੱਚ ਜਿੱਤੇ ਤਗਮਿਆਂ ਅਤੇ ਬੁਲੰਦ ਹੌਸਲਿਆਂ ਨਾਲ ਬਣਨੀ ਚਾਹੀਦੀ ਹੈ। ਉਨ੍ਹਾਂ ਮੁਹੰਮਦ ਯਾਸਰ ਦੇ ਕੋਚ ਹਰਮਿੰਦਰਪਾਲ ਸਿੰਘ ਘੁੰਮਣ ਅਤੇ ਪਿਤਾ ਸੌਦਾਗਰ ਖ਼ਾਨ ਸਮੇਤ ਸਮੁੱਚੇ ਪਰਿਵਾਰ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਜਿੱਤ ਮਾਪਿਆਂ ਦੇ ਵਿਸ਼ਵਾਸ, ਕੋਚ ਦੀ ਅਗਵਾਈ ਅਤੇ ਖਿਡਾਰੀ ਦੀ ਅਣਥੱਕ ਮਿਹਨਤ ਦਾ ਸਾਂਝਾ ਨਤੀਜਾ ਹੈ।
ਉਨ੍ਹਾਂ ਯਾਸਰ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮੁਹੰਮਦ ਯਾਸਰ ਦੀ ਕਹਾਣੀ ਸਿਰਫ਼ ਤਗਮਾ ਜਿੱਤਣ ਦੀ ਨਹੀਂ, ਸਗੋਂ ਮੁਸ਼ਕਲਾਂ ਨੂੰ ਮਾਤ ਦੇ ਕੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਕਹਾਣੀ ਹੈ। 

ਹੋਰ ਖ਼ਬਰਾਂ :-  ‘ਯੁੱਧ ਨਸ਼ਿਆਂ ਵਿਰੁੱਧ’ ਦਾ 210ਵਾਂ ਦਿਨ: ਪੰਜਾਬ ਪੁਲਿਸ ਵੱਲੋਂ 431 ਗ੍ਰਾਮ ਹੈਰੋਇਨ ਅਤੇ 42 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ 66 ਨਸ਼ਾ ਤਸਕਰ ਕਾਬੂ

Leave a Reply

Your email address will not be published. Required fields are marked *