ਦਿਲਜੀਤ ਦੋਸਾਂਝ ਦੀ ਨਵੀਂ ਬਹੁ-ਚਰਚਿਤ ਫਿਲਮ “ਪੰਜਾਬ-95” ਅਗਲੇ ਮਹੀਨੇ 7 ਫਰਵਰੀ ਨੂੰ ਹੋਵੇਗੀ ਰਿਲੀਜ਼।

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਨਵੀਂ ਬਹੁ-ਚਰਚਿਤ ਫਿਲਮ “ਪੰਜਾਬ-95” ਅਗਲੇ ਮਹੀਨੇ 7 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਖੁਦ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਫਿਲਮ ਦੀ ਰਿਲੀਜ਼ ਬਾਰੇ ਜਾਣਕਾਰੀ ਦਿੰਦੇ ਹੋਏ ਦਿਲਜੀਤ ਨੇ ਲਿਖਿਆ – ਪੂਰੀ ਫਿਲਮ, ਕੋਈ ਕੱਟ ਨਹੀਂ। ਹਾਲਾਂਕਿ, ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ।

ਸੈਂਸਰ ਬੋਰਡ ਨੇ ਫਿਲਮ ਵਿੱਚ 120 ਕੱਟ ਲਗਾਉਣ ਲਈ ਕਿਹਾ ਸੀ, ਪਰ ਫਿਲਮ ਨਿਰਮਾਤਾ, ਨਿਰਦੇਸ਼ਕ ਤੇ ਖਾਲੜਾ ਦੇ ਪਰਿਵਾਰਕ ਮੈਂਬਰ ਇਸ ਲਈ ਤਿਆਰ ਨਹੀਂ ਸਨ ਜਿਸ ਕਾਰਨ ਭਾਰਤ ਵਿੱਚ ਫ਼ਿਲਮ ਦੀ ਰਿਲੀਜ਼ ਰੋਕ ਦਿੱਤੀ ਗਈ ਹੈ। ਇਸ ਫਿਲਮ ਨੂੰ ਰਿਲੀਜ਼ ਹੋਣ ਲਈ ਲਗਭਗ 1 ਸਾਲ ਇੰਤਜ਼ਾਰ ਕਰਨਾ ਪਿਆ। ਜ਼ਿਕਰ ਕਰ ਦਈਏ ਕਿ ਹੁਣ ਯੂਟਿਊਬ ਉੱਤੋਂ ਫਿਲਮ ਦਾ ਟੀਜ਼ਰ ਵੀ ਗ਼ਾਇਬ ਹੋ ਗਿਆ ਹੈ।

ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੇ ਪਹਿਲਾਂ ਫਿਲਮ ਵਿੱਚ 120 ਕੱਟਾਂ ਦੀ ਮੰਗ ਕੀਤੀ ਸੀ ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਦਿਲਜੀਤ ਦੀ ਪੋਸਟ ਤੋਂ ਇਹ ਸਪੱਸ਼ਟ ਹੈ ਕਿ ਇਹ ਫਿਲਮ ਹੁਣ ਬਿਨਾਂ ਕੱਟਾਂ ਦੇ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਮਸ਼ਹੂਰ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ ਅਤੇ ਅੱਤਵਾਦ ਦੇ ਯੁੱਗ ਨੂੰ ਦਰਸਾਉਂਦੀ ਹੈ।

ਹੋਰ ਖ਼ਬਰਾਂ :-  ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਸਰਕਾਰੀ ਰਿਹਾਇਸ਼ ਦੇ ਨੋ ਡਿਊ ਸਰਟੀਫਿਕੇਟ ਬਾਰੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਤੋਂ ਰਿਪੋਰਟ ਮੰਗੀ

ਪਿਛਲੇ ਸਾਲ ਜਦੋਂ ਇਸ ਫਿਲਮ ਦੀ ਰਿਲੀਜ਼ ਰੋਕ ਦਿੱਤੀ ਗਈ ਸੀ, ਤਾਂ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਸੈਂਸਰ ਬੋਰਡ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਫਿਲਮ ਉਸਦੇ ਪਤੀ ਦੇ ਜੀਵਨ ‘ਤੇ ਇੱਕ ਸੱਚੀ ਬਾਇਓਪਿਕ ਹੈ, ਜੋ ਉਸਦੇ ਪਰਿਵਾਰ ਦੀ ਸਹਿਮਤੀ ਨਾਲ ਬਣਾਈ ਗਈ ਹੈ, ਅਤੇ ਇਸਨੂੰ ਬਿਨਾਂ ਕਿਸੇ ਕਟੌਤੀ ਦੇ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ।

ਪਰਮਜੀਤ ਕੌਰ ਖਾਲੜਾ ਨੇ ਇਹ ਵੀ ਦੱਸਿਆ ਸੀ ਕਿ ਲਗਭਗ ਚਾਰ ਸਾਲ ਪਹਿਲਾਂ ਉਨ੍ਹਾਂ ਦੇ ਪਰਿਵਾਰ ਨੇ ਇਸ ਫਿਲਮ ਦੀ ਸਕ੍ਰਿਪਟ ਪੜ੍ਹੀ ਸੀ ਤੇ ਨਿਰਦੇਸ਼ਕ ਹਨੀ ਤ੍ਰੇਹਨ ਨੂੰ ਫਿਲਮ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਦਿਲਜੀਤ ਦੋਸਾਂਝ ਨੂੰ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਸੀ ਅਤੇ ਪਰਿਵਾਰ ਇਸ ਚੋਣ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ।

Leave a Reply

Your email address will not be published. Required fields are marked *