ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Our government is working to realize the dreams of Shaheed-e-Azam Sardar Bhagat Singh: Chief Minister Bhagwant Singh Mann

*ਲੁਧਿਆਣਾ; 28 ਸਤੰਬਰ: *
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਦੇਸ਼ ਭਗਤੀ, ਬਰਾਬਰੀ, ਇਨਸਾਫ਼ ਅਤੇ ਲੋਕ ਭਲਾਈ ‘ਤੇ ਆਧਾਰਿਤ ਪੰਜਾਬ ਦੀ ਸਿਰਜਣਾ ਦੇ ਦ੍ਰਿੜ੍ਹ ਸੰਕਲਪ ਨਾਲ ਕੰਮ ਕਰ ਰਹੀ ਹੈ। ਮਹਾਨ ਸ਼ਹੀਦ ਦੇ ਜਨਮ ਦਿਹਾੜੇ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਸਤਿਕਾਰ ਵਿੱਚ ਵੱਡੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਹਵਾਈ ਅੱਡੇ ਦਾ ਨਾਂ ਉਨ੍ਹਾਂ ਦੇ ਨਾਂ ‘ਤੇ ਰੱਖਣ ਅਤੇ 30 ਫੁੱਟ ਉੱਚਾ ਬੁੱਤ ਸਥਾਪਤ ਕਰਨ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਲਾਉਣ ਦੇ ਨਾਲ-ਨਾਲ ਖਟਕੜ ਕਲਾਂ ਵਿਖੇ 52 ਕਰੋੜ ਰੁਪਏ ਦਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਹੈਰੀਟੇਜ ਕੰਪਲੈਕਸ ਬਣਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਤਰੱਕੀ, ਸਿੱਖਿਆ, ਭਲਾਈ ਅਤੇ ਇਸ ਦੇ ਪਾਣੀਆਂ ਦੇ ਸਰੋਤਾਂ ਦੀ ਰਾਖੀ ਉਸ ਸੰਕਲਪ ਦਾ ਕੇਂਦਰ ਬਿੰਦੂ ਹਨ ਜਿਸ ਲਈ ਸ਼ਹੀਦਾਂ ਨੇ ਲਾਮਿਸਾਲ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਆਪ ਨੂੰ ਪੰਜਾਬ ਦੇ ਲੋਕਾਂ ਲਈ ਸਮਰਪਿਤ ਰੱਖਣਗੇ ਅਤੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਜੋ ਵੀ ਕਰਨਾ ਪਵੇਗਾ, ਉਹ ਕਰਨਗੇ।
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਯਾਦ ਵਿੱਚ ਕਰਵਾਏ  ਪੱਧਰੀ ਸਮਾਗਮ ‘ਜਸ਼ਨ-ਏ-ਇਨਕਲਾਬ’ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਖਟਕੜ ਕਲਾਂ ਨੂੰ  ਵਿਰਾਸਤੀ, ਵਿਦਿਅਕ ਅਤੇ ਸੱਭਿਆਚਾਰਕ-ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ, “ਇਹ ਪ੍ਰਾਜੈਕਟ ਖਟਕੜ ਕਲਾਂ ਦੇ ਇਤਿਹਾਸਕ ਸਰੂਪ ਨੂੰ ਬਰਕਰਾਰ ਰੱਖਦੇ ਹੋਏ ਇਨਕਲਾਬੀ ਸ਼ਹੀਦਾਂ ਦੇ ਜੀਵਨ, ਆਦਰਸ਼ਾਂ, ਕੁਰਬਾਨੀਆਂ ਅਤੇ ਵਿਰਾਸਤ ਨੂੰ ਸਮਕਾਲੀ ਰੂਪ ਵਿੱਚ ਪੇਸ਼ ਕਰਨ ਲਈ ਤਿਆਰ ਕੀਤਾ ਗਿਆ ਹੈ। ਅਸੀਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਨੂੰ ਕੌਮੀ ਮਹੱਤਵ ਵਾਲੇ ਵਿਰਾਸਤੀ ਸਥਾਨ ਵਿੱਚ ਬਦਲ ਰਹੇ ਹਾਂ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਆਜ਼ਾਦੀ ਅੰਦੋਲਨ ਦੇ ਸ਼ਾਨਦਾਰ ਇਤਿਹਾਸ ਨਾਲ ਜੁੜੀਆਂ ਰਹਿਣ।”
ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ ਅਤੇ ਹੋਰ ਆਜ਼ਾਦੀ ਘੁਲਾਟੀਆਂ ਨਾਲ ਜੁੜੀਆਂ ਦੇਸ਼ ਭਗਤੀ, ਬਹਾਦਰੀ, ਸਮਾਜਿਕ ਇਨਸਾਫ਼ ਅਤੇ ਕੁਰਬਾਨੀ ਦੀਆਂ ਕਦਰਾਂ-ਕੀਮਤਾਂ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ, “ਕੰਪਲੈਕਸ ਵਿੱਚ ਜੱਦੀ ਘਰ ਅਤੇ ਹਾਊਸ ਦਾ ਸਰੂਪ, ਅਦਾਲਤ ਦਾ ਅਨੁਭਵ, ਵਿਰਾਸਤੀ ਗਲੀ, ਪੁਨਰ-ਸਿਰਜਿਤ ਪਿੰਡ ਦਾ ਮਾਹੌਲ, ਪਿੰਡ ਦੇ ਦਾਖਲੇ ਤੇ ਨਿਕਾਸ ਗੇਟ, ਮਸ਼ਾਲ ਗੇਟ, ਰਾਸ਼ਟਰੀ ਝੰਡਾ ਖੇਤਰ, ਲਾਇਬ੍ਰੇਰੀ ਅਤੇ ਵਿਸ਼ੇਸ਼ ਪ੍ਰਦਰਸ਼ਨੀਆਂ ਸ਼ਾਮਲ ਹਨ। ਕੰਧ ਚਿੱਤਰ, ਮੂਰਤੀਆਂ, ਇਤਿਹਾਸਕ ਵਸਤੂਆਂ, ਗ੍ਰਾਫਿਕਸ ਅਤੇ ਹੋਰ ਪ੍ਰਦਰਸ਼ਨੀਆਂ ਇਤਿਹਾਸਕ ਤੌਰ ‘ਤੇ ਪ੍ਰਮਾਣਿਤ ਸਮੱਗਰੀ ਰਾਹੀਂ ਆਜ਼ਾਦੀ ਦੀ ਲਹਿਰ ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਬਿਆਨ ਕਰਨਗੀਆਂ।”
ਉਨ੍ਹਾਂ ਕਿਹਾ ਕਿ ਇੱਕ ਆਧੁਨਿਕ ਆਡੀਟੋਰੀਅਮ, ਇੰਟੇਗ੍ਰਿਟਡ ਆਡੀਓ-ਵੀਡੀਓ ਪੇਸ਼ਕਾਰੀ, ਪ੍ਰੋਜੈਕਸ਼ਨ ਤੇ ਇੰਟਰਪ੍ਰੀਟੇਸ਼ਨ ਸਿਸਟਮ, ਮਿਊਜ਼ੀਕਲ ਫੁਹਾਰਾ, ਸਮਾਰਕੀ ਰੌਸ਼ਨੀ ਅਤੇ ਤਿਆਰ ਕੀਤੇ ਗਏ ਸਾਊਂਡ ਤੇ ਲਾਈਟਿੰਗ ਪ੍ਰਭਾਵ, ਵਿਸ਼ੇ ਦੀ ਮਹੱਤਤਾ ਅਤੇ ਅਸਲੀਅਤ ਨੂੰ ਬਰਕਰਾਰ ਰੱਖਦੇ ਹੋਏ ਖਿੱਚਵਾਂ ਅਨੁਭਵ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ, “ਪ੍ਰਾਜੈਕਟ ਵਿੱਚ ਇੱਕ ਟੂਰਿਸਟ ਫੈਸਿਲੀਟੇਸ਼ਨ ਸੈਂਟਰ (ਸੈਲਾਨੀ ਸੁਵਿਧਾ ਕੇਂਦਰ), ਕਾਟੇਜ, ਗੈਸਟ ਹਾਊਸ, ਰੈਸਟੋਰੈਂਟ/ਕੈਫੇਟੇਰੀਆ, ਟਾਇਲਟ ਬਲਾਕ, ਪਾਰਕਿੰਗ, ਪੈਦਲ ਰਸਤੇ, ਛੱਪੜ ਅਤੇ ਲੈਂਡਸਕੇਪ ਵਾਲੀਆਂ ਖੁੱਲ੍ਹੀਆਂ ਥਾਵਾਂ ਵੀ ਸ਼ਾਮਲ ਹਨ। ਇਹ ਸਹੂਲਤਾਂ ਵਿਦਿਆਰਥੀਆਂ, ਖੋਜਕਰਤਾਵਾਂ, ਸੈਲਾਨੀਆਂ, ਪਰਿਵਾਰਾਂ ਅਤੇ ਵੱਡੇ ਸਮਾਗਮਾਂ ਲਈ ਸੁਚੱਜਾ, ਪਹੁੰਚਯੋਗ ਅਤੇ ਸੁਖਾਵਾਂ ਅਨੁਭਵ ਪ੍ਰਦਾਨ ਕਰਨਗੀਆਂ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਾਸਟਰ ਪਲਾਨ ਵਿਰਾਸਤੀ ਆਰਕੀਟੈਕਚਰ ਰਾਹੀਂ ਬੂਟੇ ਲਾਉਣ, ਸਿੰਚਾਈ, ਲਾਅਨ, ਛਾਂਦਾਰ ਆਰਾਮ ਕਰਨ ਵਾਲੀਆਂ ਥਾਵਾਂ, ਵਾਟਰ ਫੀਚਰਜ਼, ਪੈਦਲ ਆਵਾਜਾਈ, ਅੰਦਰੂਨੀ ਤੇ ਬਾਹਰੀ ਰੌਸ਼ਨੀ, ਸੁਰੱਖਿਆ ਅਤੇ ਜ਼ਰੂਰੀ ਮਕੈਨੀਕਲ, ਇਲੈਕਟ੍ਰੀਕਲ ਤੇ ਜਨ-ਸਿਹਤ ਸੇਵਾਵਾਂ ਨਾਲ ਜੋੜਦਾ ਹੈ। ਉਨ੍ਹਾਂ ਕਿਹਾ, “ਸਾਰੇ ਮੁੱਖ ਹਿੱਸਿਆਂ ਦੀ ਰਾਤ ਸਮੇਂ ਪੇਸ਼ਕਾਰੀ ਅਤੇ ਢੁਕਵੀਂ ਲਾਈਟਿੰਗ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਪ੍ਰਾਜੈਕਟ ਪੰਜਾਬ ਦੇ ਆਜ਼ਾਦੀ ਅੰਦੋਲਨ ਅਤੇ ਵਿਰਾਸਤੀ ਸਰਕਟ ‘ਤੇ ਮਹੱਤਵਪੂਰਨ ਸਥਾਨ ਵਜੋਂ ਖਟਕੜ ਕਲਾਂ ਦੀ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ।”
ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਵਿਰਾਸਤੀ ਸਿੱਖਿਆ ਨੂੰ ਹੁਲਾਰਾ ਮਿਲਣ, ਘਰੇਲੂ ਸੈਰ-ਸਪਾਟੇ ਵਿੱਚ ਵਾਧਾ ਹੋਣ, ਸਥਾਨਕ ਅਰਥਚਾਰੇ ਨੂੰ ਹੁੰਗਾਰਾ ਮਿਲਣ ਅਤੇ ਯਾਦਗਾਰੀ ਸਮਾਗਮਾਂ, ਅਕਾਦਮਿਕ ਗਤੀਵਿਧੀਆਂ ਅਤੇ ਜਨਤਕ ਭਾਈਵਾਲੀ ਲਈ ਵੱਕਾਰੀ ਮੰਚ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ, “ਇਹ ਪ੍ਰਾਜੈਕਟ ਅੰਤਿਮ ਪੜਾਅ ’ਤੇ ਹੈ। ਕੰਮ ਸਿਵਲ ਅਤੇ ਅੰਦਰੂਨੀ ਫਿਨਿਸ਼ਿੰਗ, ਰਚਨਾਤਮਕ ਪ੍ਰਦਰਸ਼ਨੀਆਂ ਦੀ ਸਥਾਪਨਾ, ਆਡੀਓ-ਵੀਡੀਓ ਅਤੇ ਲਾਈਟਿੰਗ ਸਿਸਟਮ, ਲੈਂਡਸਕੇਪਿੰਗ, ਫਰਨੀਚਰ, ਟੈਸਟਿੰਗ ਅਤੇ ਦਰਸ਼ਕਾਂ ਲਈ ਸਮੁੱਚੀ ਤਿਆਰੀ ਨੂੰ ਪੂਰਾ ਕਰਨ ‘ਤੇ ਕੇਂਦਰਿਤ ਹੈ। ਰਸਮੀ ਉਦਘਾਟਨ ਤੋਂ ਪਹਿਲਾਂ ਹਰੇਕ ਹਿੱਸੇ ਦੀ ਗੁਣਵੱਤਾ ਦੀ ਜਾਂਚ ਅਤੇ ਸਮੁੱਚੇ ਟਰਾਇਲ ਕੀਤੇ ਜਾ ਰਹੇ ਹਨ। ਕੰਪਲੈਕਸ ਬਹੁਤ ਜਲਦ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।”
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੁਰਜ਼ੋਰ ਯਤਨ ਕਰ ਰਹੀ ਹੈ ਅਤੇ ਇਸ ਮਹਾਨ ਕਾਰਜ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ, “ਇਹ ਕੋਈ ਸਿਆਸੀ ਸਮਾਗਮ ਨਹੀਂ ਹੈ। ਇਹ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਇੱਕ ਪਵਿੱਤਰ ਮੌਕਾ ਹੈ ਜਿਸ ਨੇ ਮਾਤ-ਭੂਮੀ ਲਈ ਆਪਣੀ ਜਾਨ ਨਿਛਾਵਰ ਕੀਤੀ। ਸਾਡੀ ਸਰਕਾਰ ਇਸ ਅਜ਼ੀਮ ਸ਼ਹੀਦ ਦੀ ਵਿਰਾਸਤ ਨੂੰ ਅਮਰ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਆਦਰਸ਼ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਕਰਕੇ ਹੀ ਮੋਹਾਲੀ ਹਵਾਈ ਅੱਡੇ ਦਾ ਨਾਂ ਮਹਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ, “ਪਿਛਲੀਆਂ ਸਰਕਾਰਾਂ ਵਿੱਚੋਂ ਕਿਸੇ ਨੇ ਵੀ ਇਸ ਮਹਾਨ ਸ਼ਹੀਦ ਦੇ ਨਾਂ ‘ਤੇ ਹਵਾਈ ਅੱਡੇ ਦਾ ਨਾਂ ਰੱਖਣ ਦੀ ਪ੍ਰਵਾਹ ਨਹੀਂ ਕੀਤੀ ਸੀ। ਅਹੁਦਾ ਸੰਭਾਲਣ ਤੋਂ ਬਾਅਦ ਸਾਡੀ ਸਰਕਾਰ ਨੇ ਇਸ ਮੁੱਦੇ ਨੂੰ ਸਭ ਤੋਂ ਵੱਧ ਪਹਿਲ ਦਿੱਤੀ ਅਤੇ ਇਹ ਯਕੀਨੀ ਬਣਾਇਆ ਕਿ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਹੋਵੇ। ਸਾਡੇ ਮਹਾਨ ਸ਼ਹੀਦਾਂ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣ ਲਈ ਹਵਾਈ ਅੱਡਿਆਂ, ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਦੇ ਨਾਂ ਉਨ੍ਹਾਂ ਦੇ ਨਾਂ ‘ਤੇ ਰੱਖਣਾ ਬਹੁਤ ਜ਼ਰੂਰੀ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮੋਹਾਲੀ ਵਿੱਚ ਏਅਰਪੋਰਟ ਰੋਡ ‘ਤੇ ‘ਨਿਸ਼ਾਨ-ਏ-ਇਨਕਲਾਬ ਪਲਾਜ਼ਾ’ ਵੀ ਲੋਕਾਂ ਨੂੰ ਸਮਰਪਿਤ ਕੀਤਾ ਹੈ, ਜਿਸ ਵਿੱਚ ਮਹਾਨ ਸ਼ਹੀਦ ਦਾ 30 ਫੁੱਟ ਉੱਚਾ ਕਾਂਸੀ ਦਾ ਬੁੱਤ ਲਾਇਆ ਗਿਆ ਹੈ। ਉਨ੍ਹਾਂ ਕਿਹਾ, “ਇਹ ਬੁੱਤ ਇਸ ਲਈ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇਸ ਮਾਰਗ ‘ਤੇ ਲੰਘਣ ਵਾਲਾ ਹਰ ਵਿਅਕਤੀ ਹਰ ਪਲ ਇਸ ਮਹਾਨ ਸ਼ਹੀਦ ਨੂੰ ਯਾਦ ਕਰੇ। ਮੈਨੂੰ ਉਮੀਦ ਹੈ ਕਿ ਅਜਿਹੇ ਯਤਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਲਈ ਚਾਨਣ ਮੁਨਾਰੇ ਵਜੋਂ ਕੰਮ ਕਰਨਗੇ ਅਤੇ ਉਨ੍ਹਾਂ ਨੂੰ ਇਸ ਮਹਾਨ ਸ਼ਹੀਦ ਦੇ ਯੋਗਦਾਨ ਤੋਂ ਜਾਣੂੰ ਕਰਵਾਉਣਗੇ।”
ਉਨ੍ਹਾਂ ਨੇ ਦੁਹਰਾਇਆ ਕਿ ਸੂਬਾ ਸਰਕਾਰ ਮਹਾਨ ਸ਼ਹੀਦਾਂ ਦੀਆਂ ਦੇਸ਼ ਪ੍ਰਤੀ ਇਛਾਵਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਮੁੱਖ ਮੰਤਰੀ ਨੇ ਕਿਹਾ, “ਜਦੋਂ ਵੀ ਦੇਸ਼ ਜਾਂ ਵਿਦੇਸ਼ ਤੋਂ ਕੋਈ ਸ਼ਖ਼ਸੀਅਤ ਪੰਜਾਬ ਆਉਂਦੀ ਹੈ, ਮੈਂ ਉਨ੍ਹਾਂ ਨੂੰ ਇਸ ਪਵਿੱਤਰ ਧਰਤੀ ‘ਤੇ ਸੀਸ ਨਿਵਾਉਣ ਦੀ ਯਾਦ ਦਿਵਾਉਣਾ ਨਹੀਂ ਭੁੱਲਦਾ। ਖਟਕੜ ਕਲਾਂ ਸਿਰਫ਼ ਇੱਕ ਜਗ੍ਹਾ ਨਹੀਂ ਹੈ; ਇਹ ਦੇਸ਼ ਲਈ ਕੁਰਬਾਨੀ, ਸਾਹਸ ਅਤੇ ਸਮਰਪਣ ਦਾ ਪ੍ਰਤੀਕ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨੇ ਅਜੇ ਵੀ ਪੂਰੀ ਤਰ੍ਹਾਂ ਸਾਕਾਰ ਹੋਣੇ ਬਾਕੀ ਹਨ ਕਿਉਂਕਿ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਗਰੀਬੀ ਸਮਾਜ ਲਈ ਚੁਣੌਤੀਆਂ ਬਣੇ ਹੋਏ ਹਨ। ਉਨ੍ਹਾਂ ਕਿਹਾ, “ਇਨ੍ਹਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਇਸ ਲਈ ਨਹੀਂ ਵਾਰੀਆਂ ਸਨ ਕਿ ਦੇਸ਼ ਵਿੱਚ ਬੇਲਗਾਮ ਭ੍ਰਿਸ਼ਟਾਚਾਰ ਅਤੇ ਸਮਾਜਿਕ ਨਾ-ਬਰੋਬਰੀ ਫੈਲੀ ਰਹੇ। ਉਨ੍ਹਾਂ ਦੀ ਕੁਰਬਾਨੀ ਅਜਿਹੇ ਦੇਸ਼ ਲਈ ਸੀ ਜਿੱਥੇ ਹਰ ਨਾਗਰਿਕ ਗੌਰਵ, ਬਰਾਬਰੀ ਅਤੇ ਸਭ ਲਈ ਇਕੋ ਜਿਹੇ ਮੌਕਿਆਂ ਵਾਲਾ ਜੀਵਨ ਬਤੀਤ ਕਰ ਸਕੇ।”
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਣਥੱਕ ਯਤਨ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ, “ਮਾਰਚ 2022 ਵਿੱਚ ਸਹੁੰ ਚੁੱਕਣ ਤੋਂ ਬਾਅਦ, ਸਾਡੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਜੁਲਾਈ, 2022 ਤੋਂ ਪੰਜਾਬ ਦੇ ਲਗਭਗ 90 ਫੀਸਦੀ ਘਰਾਂ ਨੂੰ ਜ਼ੀਰੋ ਬਿਜਲੀ ਬਿੱਲ ਮਿਲ ਰਹੇ ਹਨ। ਪੰਜਾਬ ਦੀ ਬਿਜਲੀ ਉਤਪਾਦਨ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਸੂਬੇ ਨੂੰ ਬਿਜਲੀ ਸਰਪਲੱਸ ਬਣਾਉਣ ਲਈ ਸੂਬਾ ਸਰਕਾਰ ਨੇ ਪਹਿਲੀ ਵਾਰ ਕਿਸੇ ਪ੍ਰਾਈਵੇਟ ਫਰਮ ਤੋਂ ਪਾਵਰ ਪਲਾਂਟ ਖਰੀਦਿਆ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਭਰ ਵਿੱਚ ਲਗਭਗ 1,100 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿੱਥੇ ਪੰਜ ਕਰੋੜ ਤੋਂ ਵੱਧ ਮਰੀਜ਼ਾਂ ਨੇ ਮੁਫ਼ਤ ਇਲਾਜ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ, “ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿਉਂਕਿ ਲੋਕ ਭਲਾਈ ਸਾਡੇ ਸ਼ਾਸਨ ਦੇ ਕੇਂਦਰ ਵਿੱਚ ਹੈ।”
ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ 70,000 ਤੋਂ ਵੱਧ ਨੌਜਵਾਨਾਂ ਨੂੰ ਪੂਰੀ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ, “ਪੰਜਾਬ ਦੇ ਨੌਜਵਾਨ ਯੋਗਤਾ ਅਤੇ ਸਮਰੱਥਾ ਦੇ ਆਧਾਰ ‘ਤੇ ਮੌਕਿਆਂ ਦੇ ਹੱਕਦਾਰ ਹਨ। ਸਾਡੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਰਕਾਰੀ ਭਰਤੀ ਪਾਰਦਰਸ਼ੀ ਅਤੇ ਮੈਰਿਟ-ਆਧਾਰਿਤ ਹੋਵੇ।”
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 18 ਟੋਲ ਪਲਾਜ਼ੇ ਬੰਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ, “ਇਨ੍ਹਾਂ ਟੋਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਪੰਜਾਬ ਦੇ ਆਮ ਲੋਕਾਂ ਦੀ ਜੇਬ ਵਿੱਚੋਂ ਰੋਜ਼ਾਨਾ ਲਗਭਗ 63 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਸਾਡੇ ਮਹਾਨ ਰਾਸ਼ਟਰਵਾਦੀਆਂ ਦੀਆਂ ਆਸਾਂ ਅਨੁਸਾਰ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਯਕੀਨੀ ਬਣਾਉਣ ਲਈ ਵਚਨਬੱਧ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸ਼ਹੀਦ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਵੱਧ ਸਮੇਂ ਦੌਰਾਨ ਲੋਕਾਂ ਦੀ ਭਲਾਈ ਅਤੇ ਪੰਜਾਬ ਦੀ ਤਰੱਕੀ ਲਈ ਪੂਰੇ ਸਿਦਕ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ, “ਅਸੀਂ ਸੂਬੇ ਦਾ ਵਿਕਾਸ ਯਕੀਨੀ ਬਣਾਉਣ ਲਈ ਆਪਣਾ ਖ਼ੂਨ-ਪਸੀਨਾ ਵਹਾਇਆ ਹੈ ਅਤੇ ਹਰ ਬੀਤਦੇ ਦਿਨ ਨਾਲ ਰਹਿਣ-ਸਹਿਣ ਦੇ ਪੱਧਰ ਨੂੰ ਸੁਧਾਰਨ ਲਈ ਕਈ ਨਵੀਆਂ ਲੋਕ-ਹਿਤੈਸ਼ੀ ਪਹਿਲਕਦਮੀਆਂ ਕਰ ਰਹੇ ਹਾਂ। ਪਿਛਲੀਆਂ ਸਰਕਾਰਾਂ ਦੇ ਉਲਟ, ਮੈਂ ਆਪਣੇ ਲਈ ਸਰਕਾਰੀ ਖਜ਼ਾਨੇ ‘ਚੋਂ ਇੱਕ ਪੈਸਾ ਵੀ ਨਹੀਂ ਲਿਆ; ਸਗੋਂ ਸਾਡੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਕਰਦਾਤਿਆਂ ਦੇ ਪੈਸੇ ਦਾ ਇੱਕ-ਇੱਕ ਰੁਪਿਆ ਲੋਕ ਭਲਾਈ ਲਈ ਸਮਝਦਾਰੀ ਨਾਲ ਖਰਚ ਕੀਤਾ ਜਾਵੇ।”
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੜਕਾਂ ਦੇ ਸੁਧਾਰ, ਮਿਆਰੀ ਸਿੱਖਿਆ ਤੇ ਸਿਹਤ ਸੰਭਾਲ ਪ੍ਰਦਾਨ ਕਰਨ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਤੋਂ ਇਲਾਵਾ ਹੋਰ ਵੀ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਹਨ। ਮੁੱਖ ਮੰਤਰੀ ਨੇ ਕਿਹਾ, “ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਪੰਜਾਬ ਭਰ ਵਿੱਚ 3,100 ਸਟੇਡੀਅਮ ਬਣਾਏ ਜਾ ਰਹੇ ਹਨ। ਸਿੱਖਿਆ ਨੂੰ ਵੀ ਪਹਿਲ ਦਿੱਤੀ ਗਈ ਹੈ ਅਤੇ ਸਿੱਖਿਆ ਖੇਤਰ ਨੂੰ ਬਦਲਣ ਤੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਕਈ ਉਪਰਾਲੇ ਕੀਤੇ ਗਏ ਹਨ।”

ਹੋਰ ਖ਼ਬਰਾਂ :-  ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ-ਯੂਜੀ 2026 ਪ੍ਰੀਖਿਆ ਕੀਤੀ ਪਾਸ

ਮੁੱਖ ਮੰਤਰੀ ਨੇ ਇਸ਼ਾਰਾ ਕੀਤਾ ਕਿ ਸਿਰਫ਼ ਮੁਫ਼ਤ ਸਕੀਮਾਂ ਜਾਂ ਰਿਆਇਤੀ ਕਾਰਡ ਹੀ ਗਰੀਬੀ ਜਾਂ ਹੋਰ ਸਮਾਜਿਕ ਬੁਰਾਈਆਂ ਨੂੰ ਖ਼ਤਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ, “ਕੋਈ ਵੀ ਮੁਫ਼ਤ ਸਹੂਲਤ ਜਾਂ ਰਿਆਇਤੀ ਕਾਰਡ ਗਰੀਬੀ ਨੂੰ ਖ਼ਤਮ ਨਹੀਂ ਕਰ ਸਕਦਾ। ਸਿੱਖਿਆ ਹੀ ਉਹ ਕੁੰਜੀ ਹੈ, ਜੋ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਕੇ ਉਨ੍ਹਾਂ ਨੂੰ ਇਸ ਕੁਚੱਕਰ ਵਿੱਚੋਂ ਕੱਢ ਸਕਦੀ ਹੈ। ਇਸੇ ਲਈ ਸਾਡੀ ਸਰਕਾਰ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਅਤੇ ਆਮ ਆਦਮੀ ਨੂੰ ਸਮਰੱਥ ਬਣਾਉਣ ਲਈ ਅਣਥੱਕ ਯਤਨ ਕਰ ਰਹੀ ਹੈ।”
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਵਸਨੀਕਾਂ ਦੀ ਸਹੂਲਤ ਲਈ ਲਗਪਗ 45,000 ਕਿਲੋਮੀਟਰ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਦੀ ਸਰਕਾਰ ਨੇ ਅਹੁਦਾ ਸੰਭਾਲਿਆ ਹੈ, ਨਹਿਰੀ ਸਿੰਜਾਈ ਅਧੀਨ ਖੇਤਰ 26 ਫੀਸਦੀ ਤੋਂ ਵੱਧ ਕੇ 80 ਫੀਸਦੀ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ, “ਇਸ ਨਾਲ ਸਾਡੇ ਕਿਸਾਨਾਂ ਨੂੰ ਬਹੁਤ ਲਾਭ ਹੋਇਆ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਖੇਤੀਬਾੜੀ ਲਈ ਉਪਲਬਧ ਪਾਣੀ ਦੀ ਹਰ ਬੂੰਦ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਵੇ ਅਤੇ ਇਹ ਸਾਡੇ ਕਿਸਾਨਾਂ ਤੱਕ ਪਹੁੰਚੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ ਕੀਤੀ ਹੈ, ਜੋ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦਾ ਕੈਸ਼ਲੇਸ ਇਲਾਜ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ, “ਇਹ ਬਹੁਤ ਮਾਣ ਤੇ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਆਪਣੇ ਨਿਵਾਸੀਆਂ ਨੂੰ ਇੰਨੀ ਵਿਆਪਕ ਸਿਹਤ ਸੰਭਾਲ ਸਹੂਲਤ ਦੇ ਰਿਹਾ ਹੈ। ਇਸ ਸਕੀਮ ਨੇ ਮਿਆਰੀ ਸਿਹਤ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਂਦੇ ਹੋਏ ਪਰਿਵਾਰਾਂ ‘ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਇਆ ਹੈ।”
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਲਾਭਪਾਤਰੀ ਨੂੰ 1,000 ਰੁਪਏ ਅਤੇ ਅਨੁਸੂਚਿਤ ਜਾਤੀ ਮਹਿਲਾਵਾਂ ਨੂੰ 1,500 ਰੁਪਏ ਦੀ ਵਿੱਤੀ ਸਹਾਇਤਾ ਮਿਲ ਰਹੀ ਹੈ। ਉਨ੍ਹਾਂ ਕਿਹਾ, “ਸਹਾਇਤਾ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ। ਪਹਿਲਾਂ ਤੋਂ ਹੀ ਸਮਾਜਿਕ ਸੁਰੱਖਿਆ ਪੈਨਸ਼ਨਾਂ ਪ੍ਰਾਪਤ ਕਰ ਰਹੀਆਂ ਮਹਿਲਾਵਾਂ ਵੀ ਇਸ ਲਈ ਯੋਗ ਹਨ। ਪੰਜਾਬ ਦੀਆਂ ਲਗਪਗ 97 ਫੀਸਦੀ ਮਹਿਲਾਵਾਂ ਨੂੰ ਇਸ ਸਕੀਮ ਦਾ ਲਾਭ ਮਿਲਣ ਦੀ ਉਮੀਦ ਹੈ ਅਤੇ ਸੂਬਾ ਸਰਕਾਰ ਨੇ ਬਜਟ ਵਿੱਚ ਇਸ ਲਈ 9,300 ਕਰੋੜ ਰੁਪਏ ਅਲਾਟ ਕੀਤੇ ਹਨ।”
ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਦੇ ਸਾਂਝੇ ਯਤਨਾਂ ਸਦਕਾ ਪੰਜਾਬ ਦੇਸ਼ ਵਿੱਚੋਂ ਮੋਹਰੀ ਸੂਬੇ ਵਜੋਂ ਉੱਭਰੇਗਾ। ਉਨ੍ਹਾਂ ਕਿਹਾ, “ਸਾਡੀ ਸਰਕਾਰ ਸ਼ਹੀਦ ਭਗਤ ਸਿੰਘ ਦੇ ਹਰ ਸੁਪਨੇ ਨੂੰ ਪੂਰਾ ਕਰਨ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਵਚਨਬੱਧ ਹੈ। ਸੁਤੰਤਰਤਾ ਸੰਗਰਾਮ ਦੇ ਇਸ ਨੌਜਵਾਨ ਨਾਇਕ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਛੋਟੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੀਤੇ ਦਹਾਕਿਆਂ ਦੌਰਾਨ ਪਿਛਲੀਆਂ ਹਕੂਮਤਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਦੀ ਸੋਚ ਤੇ ਸੁਪਨਿਆਂ ਨੂੰ ਅਣਗੌਲਿਆ ਕੀਤਾ ਸੀ। ਉਨ੍ਹਾਂ ਕਿਹਾ, “ਇੰਨੀ ਛੋਟੀ ਉਮਰ ਵਿੱਚ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੇ ਕਰੋੜਾਂ ਨੌਜਵਾਨਾਂ ਨੂੰ ਰਾਸ਼ਟਰੀ ਆਜ਼ਾਦੀ ਸੰਗਰਾਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ। ਸ਼ਹੀਦ-ਏ-ਆਜ਼ਮ ਭਗਤ ਸਿੰਘ ਕਰੋੜਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ।”
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਅਤੇ ਭਾਰਤ ਨੂੰ ਪ੍ਰਗਤੀਸ਼ੀਲ ਤੇ ਖ਼ੁਸ਼ਹਾਲ ਦੇਸ਼ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, “ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਂ ਇਸ ਪਵਿੱਤਰ ਧਰਤੀ ‘ਤੇ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਆਇਆ ਹਾਂ, ਜਿਸ ਨੇ ਆਜ਼ਾਦੀ ਦੀ ਲੜਾਈ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ। ਦੇਸ਼ ਹਮੇਸ਼ਾ ਇਸ ਸ਼ਹੀਦ ਦਾ ਰਿਣੀ ਰਹੇਗਾ।”
ਉਨ੍ਹਾਂ ਕਿਹਾ ਕਿ ਇਹ ਮਹਾਨ ਸ਼ਹੀਦ ਮਹਿਜ਼ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਸੀ। ਮੁੱਖ ਮੰਤਰੀ ਨੇ ਕਿਹਾ, “ਸ਼ਹੀਦ-ਏ-ਆਜ਼ਮ ਭਗਤ ਸਿੰਘ ਸਿਰਫ਼ ਇੱਕ ਵਿਅਕਤੀ ਨਹੀਂ ਸਨ, ਉਹ ਇੱਕ ਸੰਸਥਾ ਸਨ। ਦੇਸ਼ ਦੀ ਤਰੱਕੀ ਲਈ ਸਾਨੂੰ ਉਨ੍ਹਾਂ ਦੇ ਪੂਰਨਿਆਂ ‘ਤੇ ਚੱਲਣਾ ਚਾਹੀਦਾ ਹੈ। ਸਾਡੀ ਸਰਕਾਰ ਦਾ ਹਰ ਉਪਰਾਲਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਪ੍ਰਗਤੀਸ਼ੀਲ ਤੇ ਖ਼ੁਸ਼ਹਾਲ ਪੰਜਾਬ ਸਿਰਜਣ ਵੱਲ ਸੇਧਿਤ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਮਹਾਨ ਸ਼ਹੀਦ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਮੂਹਿਕ ਤੌਰ ‘ਤੇ ਕੰਮ ਕਰਨ ਦਾ ਸੱਦਾ ਦਿੱਤਾ, ਜਿਨ੍ਹਾਂ ਲਈ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ, “ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਓ, ਅਸੀਂ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦੇ ਹੋਏ, ਉਸ ਪੰਜਾਬ ਤੇ ਭਾਰਤ ਦੇ ਨਿਰਮਾਣ ਲਈ ਮਿਲ ਕੇ ਕੰਮ ਕਰੀਏ, ਜਿਸ ਦਾ ਸੁਪਨਾ ਉਨ੍ਹਾਂ ਨੇ ਦੇਖਿਆ ਸੀ।”
ਪੰਜਾਬ ਦੇ ਸੱਭਿਆਚਾਰ ਅਤੇ ਸੰਗੀਤ ਰਾਹੀਂ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ
ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ‘ਜਸ਼ਨ-ਏ-ਇਨਕਲਾਬ’ ਸਮਾਗਮ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੂੰ ਭਾਵਪੂਰਤ ਸ਼ਰਧਾਂਜਲੀ ਵਿੱਚ ਬਦਲ ਗਿਆ, ਜਿੱਥੇ ਇਕ ਵੱਡੇ ਇਕੱਠ ਦੇ ਸਾਹਮਣੇ ਪੰਜਾਬ ਦੇ ਅਮੀਰ ਸੱਭਿਆਚਾਰ, ਸੰਗੀਤ ਅਤੇ ਇਨਕਲਾਬੀ ਮੋਰਚੇ ਦੀ ਰੂਹ ਜੀਵੰਤ ਹੋ ਉੱਠੀ। ਦਰਸ਼ਕਾਂ ਨੇ ਰਣਜੀਤ ਬਾਵਾ ਅਤੇ ਕੁਲਵਿੰਦਰ ਬਿੱਲਾ ਸਮੇਤ ਪ੍ਰਮੁੱਖ ਪੰਜਾਬੀ ਕਲਾਕਾਰਾਂ ਦੇ ਜੋਸ਼ੀਲੇ ਸੰਗੀਤਕ ਪ੍ਰਦਰਸ਼ਨਾਂ ਦੇ ਨਾਲ-ਨਾਲ ਢਾਡੀ ਜਥਿਆਂ ਦੀਆਂ ਵਾਰਾਂ ਦਾ ਆਨੰਦ ਮਾਣਿਆ, ਜਦੋਂ ਕਿ ਪੰਜਾਬ ਦੀਆਂ ਸੱਭਿਆਚਾਰਕ ਰਵਾਇਤਾਂ ਅਤੇ ਲੋਕ ਭਾਵਨਾਵਾਂ ਨੇ ਜਸ਼ਨਾਂ ਵਿੱਚ ਜੋਸ਼ ਭਰ ਦਿੱਤਾ।

ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ‘ਤੇ ਆਧਾਰਿਤ ਨਾਟਕ ਨੇ ਨੌਜਵਾਨਾਂ ਨੂੰ ਇਨਕਲਾਬੀ ਵਿਰਸੇ ਨਾਲ ਜੋੜਿਆ
ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਨਾਟਕ ‘ਗਗਨ ਦਮਾਮਾ ਬਾਜਿਓ’ ਦਾ ਮੰਚਨ ਵੀ ਕੀਤਾ ਗਿਆ, ਜਿਸ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਇਨਕਲਾਬੀ ਯਾਤਰਾ ਤੇ ਕੁਰਬਾਨੀਆਂ ਨੂੰ ਤਾਜ਼ਾ ਕਰ ਦਿੱਤਾ। ਰੰਗਮੰਚ, ਸੰਗੀਤ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਦੇ ਜ਼ਰੀਏ ਪੰਜਾਬ ਸਰਕਾਰ ਨੇ ਨਵੀਂ ਪੀੜ੍ਹੀ ਨੂੰ ਸ਼ਹੀਦਾਂ ਦੇ ਇਤਿਹਾਸ, ਆਦਰਸ਼ਾਂ ਅਤੇ ਕੁਰਬਾਨੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਜਸ਼ਨਾਂ ਵਿੱਚ ਭਾਗ ਲੈ ਰਹੇ ਨੌਜਵਾਨਾਂ ਅਤੇ ਪਰਿਵਾਰਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਭਰ ਗਿਆ। ਇਹ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਇਹ ਯਕੀਨੀ ਬਣਾਉਣ ਲਈ ਉਲੀਕਿਆ ਗਿਆ ਸੀ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇ। 

Leave a Reply

Your email address will not be published. Required fields are marked *