ਸੁਨਾਮ ਦੇ ਸਟੇਡੀਅਮ ਵਿੱਚ ਲੰਮੀ ਛਾਲ ਲਈ ਮੈਦਾਨ ਦੇ ਇੱਕ ਪਾਸੇ ਬਣੇਗੀ ਪਿੱਟ — ਅਮਨ ਅਰੋੜਾ

A pit will be built on one side of the field for long jump in Sunam's stadium — Aman Arora
ਸੁਨਾਮ, 17 ਨਵੰਬਰ-    ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਦੇ ਸਟੇਡੀਅਮ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਸਥਾਨਕ ਖਿਡਾਰੀਆਂ, ਕੋਚਾਂ, ਖੇਡ ਪ੍ਰੇਮੀਆਂ ਅਤੇ ਵਾਰਡ ਕੌਂਸਲਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਖਿਡਾਰੀਆਂ ਦੀ ਮੰਗ ਮੌਕੇ ’ਤੇ ਹੀ ਪ੍ਰਵਾਨ ਕਰਦਿਆਂ ਕਿਹਾ ਕਿ ਸਟੇਡੀਅਮ ਦੇ ਮੈਦਾਨ ਵਿੱਚ ਲੰਮੀ ਛਾਲ ਲਈ ਰੇਤ ਵਾਲੀ ਪਿੱਟ ਮੈਦਾਨ ਦੇ ਇੱਕ ਪਾਸੇ ਬਣਾਈ ਜਾਵੇਗੀ।
 
ਮੀਟਿੰਗ ਦੌਰਾਨ ਖਿਡਾਰੀਆਂ ਅਤੇ ਵਾਰਡ ਨੁਮਾਇੰਦਿਆਂ ਨੇ ਦੱਸਿਆ ਕਿ ਇਲਾਕੇ ਦੇ ਸੈਂਕੜੇ ਬੱਚੇ ਅਤੇ ਨੌਜਵਾਨ ਰੋਜ਼ਾਨਾ ਇਸ ਸਟੇਡੀਅਮ ਵਿੱਚ ਅਭਿਆਸ ਕਰਨ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਹਰ ਸਾਲ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਂਦੇ ਹਨ ਅਤੇ ਇਸ ਮੈਦਾਨ ਤੋਂ ਆਪਣਾ ਖੇਡ ਸਫ਼ਰ ਸ਼ੁਰੂ ਕਰਨ ਵਾਲੇ ਕਈ ਖਿਡਾਰੀਆਂ ਨੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸੁਨਾਮ ਦਾ ਨਾਂ ਰੌਸ਼ਨ ਕੀਤਾ ਹੈ। ਖਿਡਾਰੀਆਂ ਨੇ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਸੌਂਪਣ ਦੇ ਨਾਲ-ਨਾਲ ਪਿੱਟ ਲਈ ਸੁਝਾਈ ਥਾਂ ਦਾ ਨਕਸ਼ਾ ਅਤੇ ਲੋੜੀਂਦੇ ਮਾਪ ਵੀ ਪੇਸ਼ ਕੀਤੇ।
 
ਅਮਨ ਅਰੋੜਾ ਨੇ ਕਿਹਾ ਕਿ ਖਿਡਾਰੀਆਂ ਵੱਲੋਂ ਪੇਸ਼ ਕੀਤੇ ਨਕਸ਼ੇ ਅਤੇ ਮਾਪਾਂ ਬਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਖੇਡ ਮਾਹਿਰਾਂ ਨਾਲ ਛੇਤੀ ਵਿਚਾਰ-ਵਟਾਂਦਰਾ ਕਰਕੇ ਪਿੱਟ ਲਈ ਢੁੱਕਵੀਂ ਥਾਂ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਟੇਡੀਅਮ ਦੇ ਆਧੁਨਿਕੀਕਰਨ ਦੌਰਾਨ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ, ਤਾਂ ਜੋ ਐਥਲੈਟਿਕਸ ਲਈ ਅਭਿਆਸ ਦੀ ਸਹੂਲਤ ਮਿਲੇ 
 
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਬੱਚਿਆਂ ਤੇ ਨੌਜਵਾਨਾਂ ਲਈ ਖੇਡ ਸਹੂਲਤਾਂ ਵਧਾਉਣ ਵਾਸਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ ’ਤੇ ਖੇਡ ਮੈਦਾਨ ਅਤੇ ਅਭਿਆਸ ਦੀਆਂ ਸਹੂਲਤਾਂ ਉਪਲਬਧ ਹੋਣ ਨਾਲ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜਾਅ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
 
ਖਿਡਾਰੀਆਂ ਅਤੇ ਵਾਰਡ ਨੁਮਾਇੰਦਿਆਂ ਨੇ ਉਨ੍ਹਾਂ ਦੀ ਮੰਗ ਪ੍ਰਵਾਨ ਕਰਨ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਵੀ ਕੀਤਾ।
 
ਇਸ ਮੌਕੇ ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਰਿਸ਼ੀਪਾਲ ਖੈਰਾ, ਅਹੁਦੇਦਾਰ ਨਰੇਸ਼ ਸ਼ਰਮਾ, ਯਸ਼ਪਾਲ ਮੰਗਲਾ, ਸੈਕਟਰੀ ਵਿਕਰਮ ਜੀ, ਅਨੁਰਿਧ ਵਸ਼ਿਸ਼ਟ, ਯਾਦਵਿੰਦਰ ਸਿੰਘ ਨਿਰਮਾਣ, ਭਾਨੂ ਪ੍ਰਤਾਪ, ਨੀਟੂ ਸਕਸੈਨਾ, ਰਜਿੰਦਰ ਕੁਮਾਰ,ਸਨੀ ਖਟਕ ਵੱਖ-ਵੱਖ ਵਾਰਡਾਂ ਦੇ ਕੌਂਸਲਰ, , ਕੋਚ, ਖੇਡ ਪ੍ਰੇਮੀ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਖਿਡਾਰੀ ਹਾਜ਼ਰ ਸਨ। 
ਹੋਰ ਖ਼ਬਰਾਂ :-  ਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ, ਪੰਜਾਬ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਦੇ ਮਾਮਲੇ ਵਿੱਚ ਦੇਸ਼ ‘ਚ ਮੋਹਰੀ

Leave a Reply

Your email address will not be published. Required fields are marked *