ਪੀਐੱਸਪੀਸੀਐੱਲ ਵੱਲੋਂ ਅਕਤੂਬਰ 2026 ਦੇ ਇਨੋਵੇਸ਼ਨ ਮੁਕਾਬਲੇ ਤਹਿਤ ਚੁਣੇ ਗਏ ਨਵੀਨਤਮ ਵਿਚਾਰਾਂ ਨੂੰ ਲਾਗੂ ਕਰਨ ਲਈ ਟੀਮ ਲੀਡਰ ਨਿਯੁਕਤ

PSPCL appoints team leaders to implement innovative ideas selected under October 2026 Innovation Competition

ਚੰਡੀਗੜ੍ਹ/ਪਟਿਆਲਾ, 29 ਅਕਤੂਬਰ, 2026: ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਮਾਣਯੋਗ ਬਿਜਲੀ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਅਕਤੂਬਰ 2026 ਦੇ ਮਾਸਿਕ ਇਨੋਵੇਸ਼ਨ ਮੁਕਾਬਲੇ ਦੌਰਾਨ ਚੁਣੇ ਗਏ ਨਵੀਨਤਮ ਵਿਚਾਰਾਂ ਨੂੰ ਅਮਲੀ ਰੂਪ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਇਨ੍ਹਾਂ ਵਿਚਾਰਾਂ ਨੂੰ ਲਾਗੂ ਕਰਨ ਦੀ ਨਿਗਰਾਨੀ ਅਤੇ ਕਾਰਜਕਾਰੀ ਜ਼ਿੰਮੇਵਾਰੀ ਨਿਭਾਉਣ ਲਈ ਸਮਰਪਿਤ ਟੀਮ ਲੀਡਰ ਨਿਯੁਕਤ ਕੀਤੇ ਗਏ ਹਨ।

ਮੁਕਾਬਲੇ ਦੌਰਾਨ ਪੀਐੱਸਪੀਸੀਐੱਲ ਵੱਲੋਂ ਕਰਮਚਾਰੀਆਂ ਦੇ ਨਵੀਨਤਮ ਵਿਚਾਰਾਂ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚਾਰਾਂ ਦਾ ਉਦੇਸ਼ ਸੰਗਠਨਾਤਮਕ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਨਾ, ਕਾਰਜ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਸੇਵਾਵਾਂ ਦੀ ਗੁਣਵੱਤਾ ਵਿੱਚ ਵਾਧਾ ਕਰਨਾ ਹੈ। ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਤੋਂ ਇਲਾਵਾ, ਸੱਤ ਹੋਰ ਭਾਗੀਦਾਰਾਂ ਨੂੰ ਵੀ ਆਪਣੇ-ਆਪਣੇ ਵਿਚਾਰਾਂ ਨੂੰ ਲਾਗੂ ਕਰਨ ਲਈ ਟੀਮ ਲੀਡਰ ਵਜੋਂ ਨਿਯੁਕਤ ਕੀਤਾ ਗਿਆ ਹੈ। ਪੀਐੱਸਪੀਸੀਐੱਲ ਵੱਲੋਂ ਇਨ੍ਹਾਂ ਵਿਚਾਰਾਂ ਨੂੰ ਵਿਹਾਰਕ ਨਤੀਜਿਆਂ ਵਿੱਚ ਬਦਲਣ ਲਈ ਇੱਕ ਵਿਵਸਥਿਤ ਕਾਰਜਕਾਰੀ ਢਾਂਚਾ ਅਪਣਾਇਆ ਗਿਆ ਹੈ।

ਨਿਯੁਕਤ ਕੀਤੇ ਗਏ ਟੀਮ ਲੀਡਰਾਂ ਵਿੱਚ ਮੁੱਖ ਇੰਜੀਨੀਅਰ/ਮੀਟਰਿੰਗ ਇੰਜ. ਵਿਕਾਸ ਸ਼ਰਮਾ; ਉਪ ਮੁੱਖ ਇੰਜੀਨੀਅਰ ਇੰਜ. ਗੁਲਸ਼ਨ ਚੁਟਾਨੀ; ਉਪ ਮੁੱਖ ਇੰਜੀਨੀਅਰ ਇੰਜ. ਜਸਵੀਰ ਧੀਮਾਨ; ਐੱਸ.ਈ.ਇੰਜ. ਪਰਉਪਕਾਰ ਸਿੰਘ; ਐੱਸ.ਈ. ਇੰਜ. ਅਮਨਦੀਪ ਸਿੰਘ; ਐੱਸ.ਈ. ਇੰਜ. ਚਰਨ ਕੰਵਲ ਸਿੰਘ; ਸੀ.ਏ.ਓ./ਮੁੱਖ ਦਫ਼ਤਰ ਸੀ.ਐੱਮ.ਏ. ਜਸਵਿੰਦਰ ਸਿੰਘ; ਸੀ.ਐੱਫ.ਓ. ਸੀ.ਏ. ਸੁਮਿਤ ਬਾਂਸਲ; ਏ.ਐੱਸ.ਈ. ਇੰਜ. ਗੁਰਵਿੰਦਰ ਸਿੰਘ; ਸੀਨੀਅਰ ਐਕਸੀਅਨ ਇੰਜ. ਹਰਮਨਦੀਪ ਸਿੰਘ; ਏ.ਈ.ਈ. ਇੰਜ. ਪ੍ਰਿੰਸ ਕੁਮਾਰ; ਏ.ਈ.ਈ. ਇੰਜ. ਪਿਯੂਸ਼ ਗਰਗ; ਏ.ਈ.ਈ. ਇੰਜ. ਗੌਰਵ ਗੁਪਤਾ ਅਤੇ ਏ.ਈ.ਈ.  ਇੰਜ. ਓਂਕਾਰਪ੍ਰੀਤ ਸਿੰਘ ਸ਼ਾਮਲ ਹਨ।

ਹੋਰ ਖ਼ਬਰਾਂ :-  ਅਮਨ ਅਰੋੜਾ ਨੇ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦੇਸ਼ ਨੂੰ ਇੱਕਜੁੱਟ ਕਰਨ ਵਾਲੀ ਪ੍ਰੇਰਨਾ ਦੱਸਿਆ

ਇਹ ਟੀਮ ਲੀਡਰ ਆਪਣੇ-ਆਪਣੇ ਪ੍ਰੋਜੈਕਟਾਂ ਦੀ ਯੋਜਨਾਬੰਦੀ, ਤਾਲਮੇਲ ਅਤੇ ਲਾਗੂ ਕਰਨ ਲਈ ਜ਼ਿੰਮੇਵਾਰ ਹੋਣਗੇ। ਸਬੰਧਤ ਵਿਭਾਗਾਂ ਦੇ ਮੁਖੀ (ਐੱਚ.ਓ.ਡੀ.) ਇਨ੍ਹਾਂ ਵਿਚਾਰਾਂ ਨੂੰ ਲਾਗੂ ਕਰਨ ਲਈ ਲੋੜੀਂਦਾ ਸਹਿਯੋਗ ਅਤੇ ਸਹਾਇਤਾ ਪ੍ਰਦਾਨ ਕਰਨਗੇ, ਜਦਕਿ ਨਿਯੁਕਤ ਟੀਮ ਲੀਡਰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਇਨ੍ਹਾਂ ਨੂੰ ਅਮਲੀ ਰੂਪ ਦੇਣ ਦੀ ਮੁੱਖ ਜ਼ਿੰਮੇਵਾਰੀ ਨਿਭਾਉਣਗੇ।

ਚੁਣੇ ਗਏ ਵਿਚਾਰਾਂ ਨੂੰ ਲਾਗੂ ਕਰਨ ਲਈ ਜੇਕਰ ਮੌਜੂਦਾ ਨਿਯਮਾਂ ਵਿੱਚ ਸੋਧ ਕਰਨ, ਨਵੇਂ ਨਿਯਮ ਬਣਾਉਣ ਜਾਂ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਦੀ ਜ਼ਰੂਰਤ ਪੈਂਦੀ ਹੈ, ਤਾਂ ਸਬੰਧਤ ਡਾਇਰੈਕਟਰ ਵੱਲੋਂ ਨਿਰਧਾਰਤ ਪ੍ਰਕਿਰਿਆ ਅਨੁਸਾਰ ਢੁਕਵੀਂ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਇਸ ਕਾਰਜਕਾਰੀ ਢਾਂਚੇ ਦੇ ਹਿੱਸੇ ਵਜੋਂ, ਸਾਰੇ ਨਿਯੁਕਤ ਟੀਮ ਲੀਡਰਾਂ ਨੂੰ 31 ਅਕਤੂਬਰ, 2026 ਤੱਕ ਪੀ.ਈ.ਆਰ.ਟੀ. (ਪ੍ਰੋਗਰਾਮ ਇਵੈਲੂਏਸ਼ਨ ਐਂਡ ਰਿਵਿਊ ਟੈਕਨੀਕ) ਚਾਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਚਾਰਟ ਵਿੱਚ ਸਬੰਧਤ ਪ੍ਰੋਜੈਕਟਾਂ ਦੀਆਂ ਪ੍ਰਸਤਾਵਿਤ ਗਤੀਵਿਧੀਆਂ, ਸਮਾਂ-ਸੀਮਾਵਾਂ, ਅਹਿਮ ਪੜਾਵਾਂ ਅਤੇ ਕਾਰਜਕਾਰੀ ਸਮਾਂ-ਸਾਰਣੀ ਦਾ ਵੇਰਵਾ ਹੋਵੇਗਾ, ਜਿਸ ਨਾਲ ਪ੍ਰੋਜੈਕਟਾਂ ਦੀ ਯੋਜਨਾਬੱਧ ਨਿਗਰਾਨੀ ਅਤੇ ਸਮੇਂ ਸਿਰ ਲਾਗੂਕਰਨ ਯਕੀਨੀ ਬਣਾਇਆ ਜਾ ਸਕੇਗਾ।

ਇਸ ਪਹਿਲਕਦਮੀ ਰਾਹੀਂ ਪੀਐੱਸਪੀਸੀਐੱਲ ਦਾ ਉਦੇਸ਼ ਕਰਮਚਾਰੀਆਂ ਵੱਲੋਂ ਦਿੱਤੇ ਗਏ ਨਵੀਨਤਮ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ, ਸੰਗਠਨਾਤਮਕ ਕਾਰਜਕੁਸ਼ਲਤਾ ਨੂੰ ਮਜ਼ਬੂਤ ਕਰਨਾ ਅਤੇ ਵਿਹਾਰਕ ਵਿਚਾਰਾਂ ਨੂੰ ਠੋਸ ਸੁਧਾਰਾਂ ਵਿੱਚ ਬਦਲਣਾ ਹੈ। ਇਹ ਪਹਿਲਕਦਮੀ ਕਰਮਚਾਰੀਆਂ ਦੀ ਸਿਰਜਣਾਤਮਕਤਾ ਨੂੰ ਮਾਨਤਾ ਦੇਣ, ਸੰਗਠਨ ਦੇ ਵਿਕਾਸ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਨਿਰੰਤਰ ਸੁਧਾਰ ਲਈ ਇੱਕ ਵਿਵਸਥਿਤ, ਜਵਾਬਦੇਹ ਅਤੇ ਨਤੀਜਾ-ਮੁਖੀ ਪਹੁੰਚ ਅਪਣਾਉਣ ਪ੍ਰਤੀ ਪੀਐੱਸਪੀਸੀਐੱਲ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

 

Leave a Reply

Your email address will not be published. Required fields are marked *