ਪੰਜਾਬ ਸਰਕਾਰ ਨੇ ਅਬੋਹਰ ਅਤੇ ਬੱਲੂਆਣਾ ਖੇਤਰਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਯਕੀਨੀ ਬਣਾਈ: ਬਰਿੰਦਰ ਕੁਮਾਰ ਗੋਇਲ

Punjab Government ensured access of canal water to the tailings of Abohar and Balluana areas: Barinder Kumar Goyal

*ਚੰਡੀਗੜ੍ਹ, 4 ਅਗਸਤ:* ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਵਿੱਚ ਦੱਸਿਆ ਕਿ ਅਬੋਹਰ ਅਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਅਧੀਨ ਮਲੂਕਪੁਰ, ਪੰਜਾਵਾ ਅਤੇ ਲੰਬੀ ਰਜਵਾਹਿਆਂ ਦੀਆਂ ਟੇਲਾਂ ’ਤੇ ਪੈਂਦੇ ਖੇਤਾਂ ਤੱਕ ਨਹਿਰੀ ਨੈੱਟਵਰਕ ਦੀ ਸਮਰੱਥਾ ਅਨੁਸਾਰ ਲੋੜੀਂਦਾ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਪੰਜਾਬ ਵਿਧਾਨ ਸਭਾ ਵਿੱਚ ਅਬੋਹਰ ਦੇ ਵਿਧਾਇਕ ਸ੍ਰੀ ਸੰਦੀਪ ਜਾਖੜ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਲ ਸਰੋਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਰਜਬਾਹਿਆਂ ਦੀਆਂ ਟੇਲਾਂ ’ਤੇ ਪੈਂਦੇ ਖੇਤਾਂ ਤੱਕ ਨਹਿਰੀ ਪਾਣੀ ਦੀ ਘਾਟ ਹੋਣ ਦਾ ਦਾਅਵਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਝੋਨੇ ਦੇ ਸੀਜ਼ਨ ਦੌਰਾਨ ਲਏ ਗਏ ਟੇਲ-ਗੇਜ ਦੇ ਅੰਕੜਿਆਂ ਤੋਂ ਹੁੰਦੀ ਹੈ ਕਿਉਂਕਿ ਟੇਲਾਂ ਲਗਭਗ ਪੂਰੀ ਪ੍ਰਵਾਨਿਤ ਡਿਸਚਾਰਜ ‘ਤੇ ਚਲ ਰਹੀਆਂ ਹਨ।

ਸ੍ਰੀ ਗੋਇਲ ਨੇ ਦੱਸਿਆ ਕਿ ਮਲੂਕਪੁਰ, ਪੰਜਾਵਾ ਅਤੇ ਲੰਬੀ ਰਜਬਾਹਿਆਂ ਨੂੰ ਸਰਹਿੰਦ ਫੀਡਰ ਰਾਹੀਂ ਪਾਣੀ ਮਿਲਦਾ ਹੈ, ਜਦਕਿ ਸਰਹਿੰਦ ਫੀਡਰ ਨੂੰ ਫਿਰੋਜ਼ਪੁਰ ਫੀਡਰ ਤੋਂ ਪਾਣੀ ਦੀ ਸਪਲਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਫੀਡਰ ਵਿੱਚ ਪਾਣੀ ਦਾ ਵਹਾਅ ਹਰੀਕੇ ਪੱਤਣ ਵਿਖੇ ਪਾਣੀ ਦੀ ਉਪਲਬਧਤਾ ’ਤੇ ਨਿਰਭਰ ਕਰਦਾ ਹੈ।

ਪੰਜਾਬ ਸਰਕਾਰ ਵੱਲੋਂ ਨਹਿਰੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਯਤਨਾਂ ਦਾ ਜ਼ਿਕਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਫਿਰੋਜ਼ਪੁਰ ਫੀਡਰ ਦੀ ਸਮਰੱਥਾ 2017-2022 ਦੇ 11192 ਕਿਊਸਿਕ ਤੋਂ ਵਧਾ ਕੇ ਹੁਣ 13873 ਕਿਊਸਿਕ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 2681 ਕਿਊਸਿਕ (ਲਗਭਗ 24 ਫ਼ੀਸਦੀ) ਦੇ ਇਸ ਵਾਧੇ ਨਾਲ ਖੇਤਰ ਵਿੱਚ ਨਹਿਰੀ ਪਾਣੀ ਦੀ ਉਪਲਬਧਤਾ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ।

ਉਨ੍ਹਾਂ ਦੱਸਿਆ ਕਿ 1954-55 ਵਿੱਚ ਬਣੀ ਫਿਰੋਜ਼ਪੁਰ ਫੀਡਰ ਦੀ ਸਮਰੱਥਾ ਵਿੱਚ ਕਈ ਦਹਾਕਿਆਂ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ ਸੀ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਨਹਿਰ ਨੂੰ ਮਜ਼ਬੂਤ ਕਰਨ, ਕੰਕਰੀਟ ਲਾਈਨਿੰਗ ਕਰਨ ਅਤੇ ਇਸ ਦੀ ਚੌੜਾਈ ਤੇ ਡੂੰਘਾਈ ਵਧਾਉਣ ਦੇ ਕੰਮ ਕਰਵਾਏ, ਜਿਸ ਨਾਲ ਇਸ ਦੀ ਪਾਣੀ ਲਿਜਾਣ ਦੀ ਸਮਰੱਥਾ ਵਿੱਚ 2681 ਕਿਊਸਿਕ ਦਾ ਵਾਧਾ ਹੋਇਆ। ਇਸੇ ਤਰ੍ਹਾਂ ਸਰਹਿੰਦ ਫੀਡਰ ਦੀ ਸਮਰੱਥਾ ਵੀ 4703 ਕਿਊਸਿਕ ਤੋਂ ਵਧਾ ਕੇ 7000 ਕਿਊਸਿਕ ਕਰ ਦਿੱਤੀ ਗਈ ਹੈ, ਜਿਸ ਨਾਲ ਇਸ ਨਹਿਰ ਵਿੱਚ 2297 ਕਿਊਸਿਕ (ਲਗਭਗ 24 ਫੀਸਦੀ) ਦਾ ਵਾਧਾ ਹੋਇਆ ਹੈ।

ਜਲ ਸਰੋਤ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਹਿੰਦ ਫੀਡਰ ਤੋਂ ਪੰਪਿੰਗ ਸਟੇਸ਼ਨਾਂ ਰਾਹੀਂ ਅਬੋਹਰ ਅਤੇ ਫਾਜ਼ਿਲਕਾ ਖੇਤਰਾਂ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਸੀ, ਜਿਸ ਕਾਰਨ ਅਕਸਰ ਪਾਣੀ ਦੀ ਘਾਟ ਬਣੀ ਰਹਿੰਦੀ ਸੀ। ਨਹਿਰੀ ਨੈੱਟਵਰਕ ਦੀ ਸਮਰੱਥਾ ਵਧਣ ਤੋਂ ਬਾਅਦ ਹੁਣ ਰੋਟੇਸ਼ਨਲ ਸਿਸਟਮ ਦੀ ਥਾਂ ਲਗਾਤਾਰ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਮੌਜੂਦਾ ਨਹਿਰੀ ਨੈੱਟਵਰਕ ਦੀ ਪਾਣੀ ਲਿਜਾਣ ਦੀ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ। ਜਿੱਥੇ ਨਹਿਰੀ ਪ੍ਰਣਾਲੀ ਦੀ ਡਿਜ਼ਾਈਨ ਸਮਰੱਥਾ ਲਗਭਗ 36000 ਕਿਊਸਿਕ ਹੈ, ਉੱਥੇ ਮੌਜੂਦਾ ਸਮੇਂ ਪੰਜਾਬ ਦੀਆਂ ਨਹਿਰਾਂ ਵਿੱਚ ਫ੍ਰੀ-ਬੋਰਡ ਖੇਤਰ ਸਣੇ ਪਾਣੀ ਦਾ ਵਹਾਅ ਕਰੀਬ 39000 ਕਿਊਸਿਕ ਚੱਲ ਰਿਹਾ ਹੈ।

ਹੋਰ ਖ਼ਬਰਾਂ :-  ਜ਼ਿਲ੍ਹੇ ‘ਚ ਅਪਰਾਧ 'ਤੇ ਫੈਸਲਾਕੁੰਨ ਪ੍ਰਹਾਰ, 450 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ, 63 ਗ੍ਰਿਫ਼ਤਾਰ

ਸ੍ਰੀ ਗੋਇਲ ਨੇ ਸਦਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੀ ਮੌਜੂਦਾ ਨਹਿਰੀ ਪ੍ਰਣਾਲੀ ਦੀ  ਸਮਰੱਥਾ ਵਿੱਚ ਲਗਭਗ 12000 ਤੋਂ 13000 ਕਿਊਸਿਕ ਦਾ ਵਾਧਾ ਕੀਤਾ ਹੈ, ਜੋ ਇੱਕ ਹੋਰ ਭਾਖੜਾ ਨਹਿਰ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਨਹਿਰੀ ਬੁਨਿਆਦੀ ਢਾਂਚੇ ਵਿੱਚ ਕੀਤੇ ਇਸ ਮਹੱਤਵਪੂਰਨ ਵਾਧੇ ਨਾਲ ਬਿਨਾਂ ਕੋਈ ਨਵੀਂ ਨਹਿਰ ਬਣਾਏ ਖੇਤੀਬਾੜੀ ਖੇਤਰਾਂ ਨੂੰ ਵਾਧੂ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਸੰਭਵ ਹੋਇਆ ਹੈ।

ਜਲ ਸਰੋਤ ਮੰਤਰੀ ਨੇ ਕਿਹਾ ਕਿ ਨਹਿਰੀ ਪਾਣੀ ਦੀ ਵਧੀ ਹੋਈ ਉਪਲਬਧਤਾ ਨੇ ਮੌਜੂਦਾ ਸੋਕੇ ਵਰਗੇ ਹਾਲਾਤ ਦੌਰਾਨ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਸੂਬੇ ਭਰ ਵਿੱਚ ਸਿੰਚਾਈ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਨੇ ਮੌਜੂਦਾ ਸਮੇਂ ਹੋ ਰਹੀ ਘੱਟ ਬਾਰਿਸ਼ ਦੇ ਬਾਵਜੂਦ ਝੋਨੇ ਦੀ ਫ਼ਸਲ ਨੂੰ ਸਹਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਅਬੋਹਰ ਅਤੇ ਖੂਈਆਂ ਸਰਵਰ ਬਲਾਕ ਦੇ ਟੇਲਾਂ ’ਤੇ ਪੈਂਦੇ ਕਈ ਪਿੰਡਾਂ ਤੱਕ ਪਿਛਲੇ ਇੱਕ ਦਹਾਕੇ ਵਿੱਚ ਪਹਿਲੀ ਵਾਰ ਨਹਿਰੀ ਪਾਣੀ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਕਿੱਕਰ ਖੇੜਾ, ਗੁੰਮਜਾਲ, ਝੁੰਮੀਆਂਵਾਲੀ ਅਤੇ ਤੂਤਵਾਲਾ ਸਮੇਤ ਕਈ ਪਿੰਡਾਂ ਦੀਆਂ ਟੇਲਾਂ ’ਤੇ ਸਾਲ 2022 ਤੋਂ ਪਹਿਲਾਂ ਸਿੰਚਾਈ ਸੀਜ਼ਨ ਦੌਰਾਨ ਨਹਿਰੀ ਪਾਣੀ ਨਹੀਂ ਪਹੁੰਚਦਾ ਸੀ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਸਿਰਫ਼ ਨਹਿਰਾਂ ਰਾਹੀਂ ਪਾਣੀ ਦੀ ਸਪਲਾਈ ਵਿੱਚ ਸੁਧਾਰ ਕੀਤਾ ਹੈ, ਸਗੋਂ ਆਖ਼ਰੀ ਸਿਰੇ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਸਿੰਚਾਈ ਨੈੱਟਵਰਕ ਨੂੰ ਵੀ ਮਜ਼ਬੂਤ ਕੀਤਾ ਹੈ। ਅਬੋਹਰ ਖੇਤਰ ਵਿੱਚ ਲਗਭਗ 200 ਤੋਂ ਵੱਧ ਖਾਲਾਂ  ਦਾ ਨਿਰਮਾਣ/ਨਵੀਨੀਕਰਨ ਕੀਤਾ ਗਿਆ ਅਤੇ ਪਾਈਪ-ਲਾਈਨਾਂ ਵਿਛਾਈਆਂ ਗਈਆਂ ਤਾਂ ਜੋ ਨਹਿਰੀ ਪਾਣੀ ਸਿੱਧਾ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਇਆ ਜਾ ਸਕੇ।

ਸਪਲੀਮੈਂਟਰੀ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਵਿਭਾਗ ਵੱਲੋਂ ਤਰੀਕ-ਵਾਰ ਟੇਲ-ਗੇਜ ਰਿਕਾਰਡ ਸੰਭਾਲਿਆ ਜਾਂਦਾ ਹੈ ਅਤੇ ਇਹ ਅੰਕੜੇ ਨਜ਼ਰਸਾਨੀ ਲਈ ਉਪਲਬਧ ਹਨ। ਉਨ੍ਹਾਂ ਕਿਹਾ ਕਿ ਸਬੰਧਤ ਰਜਬਾਹਿਆਂ ਦੀਆਂ ਟੇਲਾਂ ਨੂੰ ਅਧਿਕਾਰਤ ਡਿਸਚਾਰਜ ਅਨੁਸਾਰ ਪਾਣੀ ਮਿਲਿਆ ਹੈ ਅਤੇ ਕੁਝ ਮੌਕਿਆਂ ’ਤੇ ਦਰਜ ਕੀਤੀ ਗਈ ਸਪਲਾਈ ਨਿਰਧਾਰਤ ਡਿਸਚਾਰਜ ਤੋਂ ਵੀ ਵੱਧ ਰਹੀ ਹੈ।

ਜਲ ਸਰੋਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਖੇਤਰ ਦੇ ਕਿਸਾਨਾਂ ਨੂੰ ਬਰਾਬਰੀ ਦੇ ਆਧਾਰ ’ਤੇ ਨਹਿਰੀ ਪਾਣੀ ਦੀ ਵੰਡ ਯਕੀਨੀ ਬਣਾਉਣ ਅਤੇ ਭਰੋਸੇਯੋਗ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਵਿੱਚ ਜੋ ਦਹਾਕਿਆਂ ਤੋਂ ਨਹਿਰੀ ਪਾਣੀ ਤੋਂ ਵਾਂਝੇ ਰਹੇ ਹਨ।

 

Leave a Reply

Your email address will not be published. Required fields are marked *