ਪੰਜਾਬ ਪੁਲਿਸ ਵੱਲੋਂ ਕਿਸ਼ੋਰ ਕੁੜੀਆਂ ਲਈ ਸਸ਼ਕਤੀਕਰਨ ਅਤੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

Punjab Police launches empowerment and awareness campaign for adolescent girls

ਚੰਡੀਗੜ੍ਹ/ਲੁਧਿਆਣਾ, 18 ਸਤੰਬਰ: ਪੰਜਾਬ ਪੁਲਿਸ ਵੱਲੋਂ 12 ਤੋਂ 18 ਸਾਲ ਦੀ ਉਮਰ ਦੀਆਂ ਕਿਸ਼ੋਰ ਲੜਕੀਆਂ ਲਈ ਵਿਆਪਕ ਜਾਗਰੂਕਤਾ ਅਤੇ ਸਸ਼ਕਤੀਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਉਨ੍ਹਾਂ ਦੀ ਸਿਹਤ, ਸੁਰੱਖਿਆ, ਸਿੱਖਿਆ ਅਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਸਬੰਧੀ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਗੁਰਪ੍ਰੀਤ ਕੌਰ ਦਿਓ ਦੀ ਪ੍ਰਧਾਨਗੀ ਹੇਠ ਲੁਧਿਆਣਾ ਪੁਲਿਸ ਲਾਈਨਜ਼ ਦੇ ਕਾਨਫਰੰਸ ਹਾਲ ਵਿਖੇ ਵਿਭਾਗਾਂ ਅਤੇ ਏਜੰਸੀਆਂ ਦਰਮਿਆਨ ਸਾਂਝੇ ਪ੍ਰੋਗਰਾਮ ਦੀ ਸ਼ੁਰੂਆਤ ਸਬੰਧੀ ਤਿਆਰੀਆਂ ਵਜੋਂ ਇੱਕ ਤਾਲਮੇਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਬਿਹਤਰ ਪਹੁੰਚ ਲਈ ਕਾਰਵਾਈਯੋਗ ਮਾਡਿਊਲ ਤਿਆਰ ਲਈ ਮੁੱਖ ਪ੍ਰਸ਼ਾਸਕੀ, ਮੈਡੀਕਲ, ਵਿਦਿਅਕ ਅਤੇ ਸਮਾਜਿਕ ਭਾਈਵਾਲ ਵਿਭਾਗ ਇੱਕ ਮੰਚ ‘ਤੇ ਇਕੱਠੇ ਹੋਏ। ਮੀਟਿੰਗ ਦੌਰਾਨ ਉਨ੍ਹਾਂ ਇਲਾਕਿਆਂ ਦੀ ਪਛਾਣ ਕਰਨ ਅਤੇ ਲੋੜੀਂਦੀ ਕਰਵਾਈ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਜਿੱਥੇ ਲੋਕ ਸਮਾਜਿਕ-ਆਰਥਿਕ ਪੱਖੋਂ ਕਮਜ਼ੋਰ ਹਨ ਅਤੇ ਜਿੱਥੇ ਨੌਜਵਾਨ ਕੁੜੀਆਂ ਵਿਰੁੱਧ ਅਪਰਾਧਾਂ ਦਾ ਵੱਧ ਜ਼ੋਖਮ ਹੈ।

ਇਸ ਪਹਿਲਕਦਮੀ ਦੇ ਉਦੇਸ਼ ‘ਤੇ ਚਾਨਣਾ ਪਾਉਂਦਿਆਂ, ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਇਹ ਮੁਹਿੰਮ ਸੁਰੱਖਿਅਤ ਫੈਸਲੇ ਲੈਣ ਅਤੇ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਦੇ ਸਮਰੱਥ ਨੌਜਵਾਨ ਕੁੜੀਆਂ ਦੀ ਇੱਕ ਸੂਝਵਾਨ, ਆਤਮਵਿਸ਼ਵਾਸੀ ਪੀੜ੍ਹੀ ਤਿਆਰ ਕਰਨ ਲਈ ਏਕੀਕ੍ਰਿਤ ਪਹੁੰਚ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇੰਟਰਵੈਂਸ਼ਨ ਮਾਡਿਊਲ ਦੌਰਾਨ ਸਰੀਰਕ ਅਤੇ ਮਾਨਸਿਕ ਸਿਹਤ, ਪੋਸ਼ਣ, ਮਾਹਵਾਰੀ ਦੌਰਾਨ ਸਫ਼ਾਈ, ਕਾਨੂੰਨੀ ਅਤੇ ਸੁਰੱਖਿਆ ਜਾਗਰੂਕਤਾ, ਡਿਜੀਟਲ ਅਤੇ ਵਿੱਤੀ ਸਾਖਰਤਾ, ਭਾਵਨਾਤਮਕ ਸਥਿਰਤਾ, ਲੀਡਰਸ਼ਿਪ ਗੁਣਾਂ ਦਾ ਵਿਕਾਸ, ਕਰੀਅਰ ਸਬੰਧੀ ਮਾਰਗਦਰਸ਼ਨ, ਸੰਚਾਰ ਦੇ ਹੁਨਰ ਅਤੇ ਭਲਾਈ ਯੋਜਨਾ ਦੀ ਪਹੁੰਚਯੋਗਤਾ ਨੂੰ ਵਿਆਪਕ ਤੌਰ ‘ਤੇ ਕਵਰ ਕੀਤਾ ਜਾਵੇਗਾ।

ਹੋਰ ਖ਼ਬਰਾਂ :-  ਵਿਜੀਲੈਂਸ ਬਿਊਰੋ ਵੱਲੋਂ ਜੰਗਲਾਤ ਗਾਰਡ ਅਤੇ ਦਿਹਾੜੀਦਾਰ 20,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਇਹ ਮੁਹਿੰਮ ਸਿਰਫ਼ ਵਿਦਿਅਕ ਸੰਸਥਾਵਾਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਇਸ ਵਿੱਚ ਸਕੂਲ ਛੱਡਣ ਵਾਲੀਆਂ ਕੁੜੀਆਂ, ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਪ੍ਰਵਾਸੀ ਪਰਿਵਾਰਾਂ ਨਾਲ ਸਬੰਧਤ ਕੁੜੀਆਂ, ਦਿਵਿਆਂਗ ਅਤੇ ਬਾਲ ਮਜ਼ਦੂਰੀ ਜਾਂ ਛੋਟੀ ਉਮਰ ਵਿੱਚ ਵਿਆਹ ਦੇ ਜ਼ੋਖਮ ਦਾ ਸਾਹਮਣਾ ਕਰਨ ਵਾਲੀਆਂ ਕੁੜੀਆਂ ਵੀ ਕਵਰ ਕੀਤੀਆਂ ਜਾਣਗੀਆਂ।

ਇਸ ਮੁਹਿੰਮ ਤਹਿਤ ਸਿਹਤ ਸਬੰਧੀ ਜਾਂਚ, ਕਿੱਤਾਮੁਖੀ ਸਿਖਲਾਈ ਸੈਸ਼ਨ, ਇੰਟਰਐਕਟਿਵ ਫਲਾਇਰ, ਨੁੱਕੜ ਨਾਟਕ ਅਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਛੋਟੇ ਵੀਡੀਓ/ਸੋਸ਼ਲ ਮੀਡੀਆ ਮੁਹਿੰਮਾਂ ਵਰਗੇ ਪ੍ਰੋਗਰਾਮ ਸ਼ਾਮਲ ਹੋਣਗੇ। ਜ਼ਿਲ੍ਹੇ ਭਰ ਵਿੱਚ ਵਿਆਪਕ ਜਨਤਕ ਸ਼ਮੂਲੀਅਤ ਅਤੇ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਲਈ ਸਕੂਲਾਂ, ਕਾਲਜਾਂ, ਮਾਪਿਆਂ, ਅਧਿਆਪਕਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਭਾਈਚਾਰਕ ਆਗੂਆਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਸ ਤਾਲਮੇਲ ਮੀਟਿੰਗ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਇੰਵੈਸਟੀਗੇਸ਼ਨ-ਕਮ-ਡਿਸਟ੍ਰਿਕਟ ਕਮਿਊਨਿਟੀ ਪੁਲਿਸਿੰਗ ਅਫ਼ਸਰ) ਲੁਧਿਆਣਾ ਰੁਪਿੰਦਰ ਭੱਟੀ, ਸਿਵਲ ਸਰਜਨ ਡਾ. ਰਮਨਦੀਪ ਕੌਰ, ਡੀ.ਐਮ.ਸੀ. ਲੁਧਿਆਣਾ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਡਾ. ਅਨੁਰਾਗ ਚੌਧਰੀ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ (ਡੀਸੀਪੀਓ) ਲੁਧਿਆਣਾ ਰਸ਼ਮੀ, ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਅਮਨਦੀਪ ਸਿੰਘ, ‘ਡੂ ਗੁੱਡ ਫਾਊਂਡੇਸ਼ਨ’  ਤੋਂ ਜੈਸਮੀਨ ਪਾਹਵਾ ਅਤੇ ਆਈ.ਡੀ.ਆਰ.ਐਫ., ਚੰਡੀਗੜ੍ਹ ਦੇ ਖੋਜਕਰਤਾ ਸ਼ਾਮਲ ਸਨ।

 

Leave a Reply

Your email address will not be published. Required fields are marked *