ਪੰਜਾਬ ਸਰਕਾਰ ਵੱਲੋਂ ਵਾਜਬ ਦਰਾਂ ‘ਤੇ ਰੇਤ ਮੁਹੱਈਆ ਕਰਵਾਉਣ ਲਈ ਖੋਲ੍ਹੀਆਂ ਜਾਣਗੀਆਂ 12 ਹੋਰ ਜਨਤਕ ਖੱਡਾਂ

Punjab Mining and Geology Minister S. Chetan Singh Jauramajra

ਸੂਬਾ ਵਾਸੀਆਂ ਨੂੰ ਵਾਜਬ ਦਰਾਂ ‘ਤੇ ਰੇਤ ਮੁਹੱਈਆ ਕਰਾਉਣਾ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 12 ਹੋਰ ਜਨਤਕ ਰੇਤ ਖੱਡਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ।

ਸਰਕਾਰੀ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਚੌਥੇ ਅਤੇ ਪੰਜਵੇਂ ਪੜਾਅ ਤਹਿਤ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ 28 ਫ਼ਰਵਰੀ ਨੂੰ ਪੰਜ ਜ਼ਿਲ੍ਹਿਆਂ ਫ਼ਿਰੋਜ਼ਪੁਰ, ਐਸ.ਬੀ.ਐਸ. ਨਗਰ, ਅੰਮ੍ਰਿਤਸਰ, ਮੋਗਾ ਅਤੇ ਜਲੰਧਰ ਵਿੱਚ 12 ਨਵੀਆਂ ਜਨਤਕ ਰੇਤ ਖੱਡਾਂ ਲੋਕਾਂ ਨੂੰ ਸਮਰਪਿਤ ਕਰਨਗੇ।

ਦੱਸ ਦੇਈਏ ਕਿ ਆਮ ਲੋਕਾਂ ਵੱਲੋਂ ਜਨਤਕ ਰੇਤ ਖੱਡਾਂ ਖੋਲ੍ਹਣ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਅਤੇ ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 60 ਜਨਤਕ ਖੱਡਾਂ ਚਲ ਰਹੀਆਂ ਹਨ। ਆਮ ਲੋਕਾਂ ਨੂੰ ਹੁਣ ਤੱਕ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ 15.90 ਲੱਖ ਮੀਟ੍ਰਿਕ ਟਨ ਰੇਤ ਪ੍ਰਦਾਨ ਕੀਤੀ ਜਾ ਚੁੱਕੀ ਹੈ, ਜੋ ਇਸ ਪਹਿਲਕਦਮੀ ਦੀ ਸ਼ਾਨਦਾਰ ਸਫ਼ਲਤਾ ਨੂੰ ਦਰਸਾਉਂਦੀ ਹੈ।

ਹੋਰ ਖ਼ਬਰਾਂ :-  ‘ਆਪ ਦੀ ਸਰਕਾਰ-ਆਪ ਦੇ ਦੁਆਰ’ ਦੇ ਕੈਂਪਾਂ ਵਿਚ ਪਹਿਲੇ ਦਿਨ ਸੈਂਕੜੇ ਲੋਕਾਂ ਨੇ ਲਿਆ ਲਾਹਾ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਇਸ ਵੱਕਾਰੀ ਉਪਰਾਲੇ ਦਾ ਉਦੇਸ਼ ਲੋਕਾਂ ਨੂੰ ਕਿਫ਼ਾਇਤੀ ਦਰਾਂ ‘ਤੇ ਰੇਤ ਮੁਹੱਈਆ ਕਰਵਾਉਣਾ ਹੈ। ਖਣਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਸ਼ਨਾਖ਼ਤ ਕੀਤੀਆਂ ਗਈਆਂ ਨਵੀਆਂ ਜਨਤਕ ਰੇਤ ਖੱਡਾਂ ਦੇ ਉਦਘਾਟਨ ਨਾਲ ਇਨ੍ਹਾਂ ਖੱਡਾਂ ਦੀ ਕੁੱਲ ਗਿਣਤੀ 72 ਹੋ ਜਾਵੇਗੀ, ਜਿਸ ਨਾਲ ਆਮ ਲੋਕਾਂ ਨੂੰ ਵਧੇਰੇ ਲਾਭ ਮਿਲੇਗਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਜਨਤਕ ਰੇਤ ਖੱਡਾਂ ਦੀ ਮਦਦ ਨਾਲ ਵੱਡੀ ਪੱਧਰ ‘ਤੇ ਆਮ ਲੋਕ ਖ਼ੁਦ ਰੇਤ ਦੀ ਖੁਦਾਈ ਕਰਕੇ ਵੇਚ ਸਕਦੇ ਹਨ, ਜਿਸ ਨਾਲ ਬਾਜ਼ਾਰ ਵਿੱਚ ਰੇਤ ਦੀ ਸਪਲਾਈ ਵਧੇਗੀ ਅਤੇ ਰੇਤ ਦੇ ਮਾਰਕੀਟ ਰੇਟ ਵੀ ਘਟਣਗੇ।

ਜ਼ਿਕਰਯੋਗ ਹੈ ਕਿ ਆਮ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਰੇਤ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪਹਿਲੇ ਪੜਾਵਾਂ ਤਹਿਤ 10 ਜ਼ਿਲ੍ਹਿਆਂ ਵਿੱਚ ਜਨਤਕ ਰੇਤ ਖੱਡਾਂ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ।

dailytweetnews.com

Leave a Reply

Your email address will not be published. Required fields are marked *