ਗੈਂਗਸਟਰ ਹੈਰੀ ਚੱਠਾ ਦੇ ਜ਼ਬਰਨ ਵਸੂਲੀ ਰੈਕਿਟ ਦਾ ਕੀਤਾ ਪਰਦਾਫਾਸ਼

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਵੱਲੋਂ ਚਲਾਏ ਜਾ ਰਹੇ ਜ਼ਬਰਨ ਵਸੂਲੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਦੇ ਮੁੱਖ ਕਾਰਕੁੰਨ ਨਵਨੀਤ ਸਿੰਘ ਉਰਫ਼ ਨਵ ਵਾਸੀ ਬਟਾਲਾ ਨੂੰ ਇੱਕ ਸੰਖੇਪ ਜਿਹੀ ਮੁੱਠਭੇੜ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਜਾਣਕਾਰੀ ਦਿੰਦਿਆਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਬਟਾਲਾ ਦੇ ਪਿੰਡ ਬਲਪੁਰੀਆਂ ਨੇੜੇ ਹੋਏ ਸੰਖੇਪ ਮੁਕਾਬਲੇ ਤੋਂ ਬਾਅਦ ਉਕਤ ਗ੍ਰਿਫਤਾਰੀ ਅਮਲ ਵਿਚ ਲਿਆਂਦੀ  ਗਈ । ਉਹਨਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਤਿੰਨ ਹੋਰ ਵਿਅਕਤੀਆਂ, ਜਿਹਨਾਂ ਦੀ ਸ਼ਨਾਖਤ ਗਗਨਦੀਪ ਸਿੰਘ ਉਰਫ ਕਾਲਾ ਵਾਸੀ ਪਿੰਡ ਬੱਲ, ਬਲਰਾਜ ਸਿੰਘ ਉਰਫ ਬਾਜ਼ ਵਾਸੀ ਪਿੰਡ ਅਮਰਗੜ੍ਹ ਸ਼ਾਹਪੁਰ, ਗੁਰਦਾਸਪੁਰ ਅਤੇ ਪਿੰਡ ਉਮਰਵਾਲ ਦੇ ਪ੍ਰੇਮ ਕੁਮਾਰ ਉਰਫ ਘੁੱਲਾ ਵਜੋਂ ਕੀਤੀ ਹੈ, ਨੂੰ ਵੀ ਗ੍ਰਿਫਤਾਰ ਕਰ ਲਿਆ ਹੈ । ਜਦੋਂ ਕਿ ਲਾਜਿਸਟਿਕ ਸਬੰਧੀ ਸਹਾਇਤਾ ਦੇਣ ਲਈ ਗ੍ਰਿਫਤਾਰ ਕੀਤੇ ਗਏ ਤਿੰਨ ਹੋਰ ਮੁਲਜ਼ਮ, ਜਿਹਨਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਸੁਖਰਾਜ ਸਿੰਘ ਵਾਸੀ ਪਿੰਡ ਲਖਨਪਾਲ ਗੁਰਦਾਸਪੁਰ ਅਤੇ ਦਰਸ਼ਨ ਸਿੰਘ ਉਰਫ਼ ਦਰਸ਼ੀ ਵਾਸੀ ਸੁਧਾਰ, ਜਗਰਾਓਂ ਹੈ, ਨੂੰ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।
ਪੁਲਿਸ ਟੀਮਾਂ ਨੇ ਉਕਤਾਂ ਕੋਲੋਂ ਚਾਰ ਪਿਸਤੌਲਾਂ- ਜਿਹਨਾਂ ਵਿੱਚੋਂ ਇੱਕ 9 ਐਮਐਮ ਗਲੌਕ ਪਿਸਤੌਲ ਅਤੇ ਤਿੰਨ ਦੇਸੀ ਪਿਸਤੌਲ ਸਮੇਤ ਜਿੰਦਾ ਕਾਰਤੂਸ, ਅਪਰਾਧ ਵਿੱਚ ਵਰਤੇ ਗਏ ਦੋ ਮੋਟਰਸਾਈਕਲ ਅਤੇ ਇੱਕ ਹੁੰਡਈ ਆਈ-20 ਕਾਰ ਵੀ ਬਰਾਮਦ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਹਾਲ ਹੀ ਵਿੱਚ ਬਟਾਲਾ ਵਿੱਚ ਜ਼ਬਰਨ ਵਸੂਲੀ ਦੇ ਦੋ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਹੈਰੀ ਚੱਠਾ ਗਰੋਹ ਦੇ ਮੈਂਬਰਾਂ ਨੇ 28 ਅਕਤੂਬਰ ਨੂੰ ਇੱਕ ਟਰੈਵਲ ਏਜੰਟ ਦੀ ਦੁਕਾਨ ਦੇ ਬਾਹਰ ਅਤੇ 7 ਅਕਤੂਬਰ ਨੂੰ ਇੱਕ ਸਥਾਨਕ ਵਪਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ, ਕਿਉਂਕਿ ਕਿ ਪੀੜਤਾਂ ਵੱਲੋਂ ਜਬਰਨ ਵਸੂਲੀ ਲਈ ਮੰਗੇ ਜਾ ਰਹੀ ਰਕਮ ਉਪਲਬਧ ਨਹੀਂ ਕਰਵਾਈ ਗਈ ਸੀ।
ਭਰੋਸੇਮੰਦ ਸੂਤਰਾਂ ਤੋਂ ਪ੍ਰਾਪਤ ਪੁਖਤਾ ਇਤਲਾਹ ਦੇ ਆਧਾਰ ’ਤੇ ਜਦੋਂ ਬਟਾਲਾ ਪੁਲਿਸ ਨੇ ਆਈ-20 ਕਾਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਕਾਰ ਚਲਾ ਰਹੇ ਦੋਸ਼ੀ ਨਵਨੀਤ ਸਿੰਘ ਨੇ ਪੁਲਿਸ ਪਾਰਟੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।  ਇਸ ’ਤੇ ਪੁਲਿਸ ਟੀਮਾਂ ਨੇ ਵੀ ਆਪਣੇ ਬਚਾਅ ’ਚ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ  ਮੁਲਜ਼ਮ ਨਵਨੀਤ ਦੀ ਲੱਤ ਵਿੱਚ ਗੋਲੀ ਲੱਗੀ । ਉਨ੍ਹਾਂ ਦੱਸਿਆ ਕਿ ਮੁਲਜ਼ਮ ਨਵਨੀਤ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਬਟਾਲਾ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਤਕਨੀਕੀ ਜਾਣਕਾਰੀ ਉਪਰੰਤ, ਪੁਲਿਸ ਟੀਮਾਂ ਨੇ ਇਸ ਮਾਡਿਊਲ ਦੇ ਤਿੰਨ ਹੋਰ ਵਿਅਕਤੀਆਂ, ਜੋ ਗੋਲੀਬਾਰੀ ਨੂੰ ਅੰਜਾਮ ਦੇਣ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹਨ, ਨੂੰ  ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਹੋਰ ਪੁੱਛਗਿੱਛ ਜਾਰੀ ਹੈ ਅਤੇ ਜਲਦ ਹੀ ਹੋਰ ਗ੍ਰਿਫਤਾਰੀਆਂ ਦੀ ਵੀ ਆਸ  ਹੈ।
ਇਸ ਸਬੰਧੀ ਥਾਣਾ ਸਦਰ ਬਟਾਲਾ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 307, 353 ਅਤੇ 186 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਨਵਾਂ ਕੇਸ  ਐਫਆਈਆਰ ਨੰਬਰ 127 ਮਿਤੀ 3/11/2023 ਨੂੰ ਦਰਜ ਕੀਤਾ ਗਿਆ ਹੈ।
ਹੋਰ ਖ਼ਬਰਾਂ :-  ਔਜਲਾ ਨੇ ਗੁਹਾਟੀ ਲਈ ਉਡਾਣ ਸ਼ੁਰੂ ਕਰਨ ਲਈ ਏਵਿਏਸ਼ਨ ਮੰਤਰੀ ਨਾਲ ਮੁਲਾਕਾਤ ਕੀਤੀ

Leave a Reply

Your email address will not be published. Required fields are marked *