ਰੂਪਨਗਰ, 23 ਨਵੰਬਰ- ਰੂਪਨਗਰ ਪੁਲਿਸ ਨੇ ਸੱਤ ਸਾਲ ਦੀ ਬੱਚੀ ਦੇ ਕਾਤਲ ਨੂੰ ਮਹਿਜ਼ ਦਸ ਘੰਟਿਆਂ ਵਿੱਚ ਗ੍ਰਿਫਤਾਰ ਕੀਤਾ ਜੋ ਰੇਲਵੇ ਸਟੇਸ਼ਨ ਤੋਂ ਬਿਹਾਰ ਭੱਜਣ ਦੀ ਫਿਰਾਕ ਵਿੱਚ ਸੀ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਪਤਾਨ ਪੁਲਿਸ (ਡੀਟੈਕਟਿਵ) ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ ਮਨਿੰਦਰ ਸਿੰਘ ਦੀਆਂ ਹਦਾਇਤਾਂ ਉੱਤੇ 22 ਨਵੰਬਰ ਨੂੰ ਸੱਤ ਸਾਲਾਂ ਦੀ ਨਾਬਾਲਿਗ ਲੜਕੀ ਦੇ ਗੁੰਮ ਹੋਣ ਦੀ ਇਤਲਾਹ ਮਿਲਣ ਉੱਤੇ ਮੁਕੱਦਮਾ ਨੰਬਰ- 283 ਮਿਤੀ 23-11-2026 127 (6) ਐਕਟ ਅਧੀਨ ਬੀ.ਐੱਨ.ਐੱਸ. ਦਰਜ ਕਰਕੇ ਪੁਲਿਸ ਟੀਮਾਂ ਬਣਾਈਆਂ ਗਈਆਂ। ਇਸ ਦੇ ਨਾਲ ਹੀ ਲੜਕੀ ਦੇ ਰਿਸ਼ਤੇਦਾਰਾਂ ਨੂੰ ਵੀ ਉਸ ਦੀ ਭਾਲ ਵਿੱਚ ਲਗਾਇਆ ਗਿਆ, ਜਿਸ ਦੌਰਾਨ ਪੁਲਿਸ ਵੱਲੋਂ ਖੁਫੀਆ ਅਤੇ ਟੈਕਨੀਕਲ ਤਕਨੀਕ ਦੇ ਆਧਾਰ ਉੱਤੇ ਇੱਕ ਵਿਅਕਤੀ ਅਜੈ ਕੁਮਾਰ ਨੂੰ ਰੇਲਵੇ ਸਟੇਸ਼ਨ ਤੋਂ ਸ਼ੱਕੀ ਹਾਲਤ ਵਿੱਚ ਦੇਖਦੇ ਹੋਏ ਉਸ ਤੋਂ ਪੁੱਛ-ਗਿੱਛ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਅਜੈ ਕੁਮਾਰ ਨੇ ਮੰਨਿਆ ਕਿ ਉਸ ਨੇ ਪਹਿਲਾਂ ਲੜਕੀ ਨੂੰ ਦਸ ਰੁਪਏ ਦੇ ਕੇ ਕੁਰਕੁਰਿਆਂ ਦਾ ਪੈਕਟ ਦਿਵਾਇਆ ਅਤੇ ਲੜਕੀ ਨੂੰ ਜੰਗਲ ਵਿੱਚ ਲੈ ਗਿਆ। ਜਿੱਥੇ ਉਸ ਵੱਲੋਂ ਲੜਕੀ ਦੀਆਂ ਬਾਹਾਂ ਇੱਕ ਦਰੱਖਤ ਨਾਲ ਬੰਨ੍ਹ ਕੇ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੀ ਵੱਲੋਂ ਰੋਲਾ ਪਾਉਣ ਉੱਤੇ ਉਸ ਦੇ ਮੂੰਹ ਉੱਤੇ ਇੱਕ ਹੱਥ ਧਰ ਕੇ ਦੂਜੇ ਹੱਥ ਨਾਲ ਉਸ ਦਾ ਗਲਾ ਘੋਟ ਕੇ ਮਾਰ ਦਿੱਤਾ ਗਿਆ। ਜਿਸ ਉਪਰੰਤ ਉਸ ਦੀ ਲਾਸ਼ ਨੂੰ ਚੁੱਕ ਕੇ ਨੇੜੇ ਹੀ ਪਾਣੀ ਵਿੱਚ ਸੁੱਟ ਦਿੱਤਾ ਗਿਆ।
ਕਪਤਾਨ ਪੁਲਿਸ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਤ ਵੇਲੇ ਦੋਸ਼ੀ ਜੋ ਨਸ਼ੇ ਦੀ ਹਾਲਤ ਵਿੱਚ ਸੀ ਉਹ ਸਾਫ ਨਹੀਂ ਦੱਸ ਪਾ ਰਿਹਾ ਸੀ ਕਿ ਲਾਸ਼ ਜੰਗਲ ਵਿੱਚ ਸੁੱਟ ਦਿੱਤੀ ਹੈ। ਇਸ ਦੌਰਾਨ ਰਾਤ ਤੋਂ ਹੀ ਪੁਲਿਸ ਦੀਆਂ ਟੀਮਾਂ ਲੜਕੀ ਦੀ ਭਾਲ ਜੰਗਲ ਵਿੱਚ ਕਰ ਰਹੀਆਂ ਸਨ ਤਾਂ ਮੁੱਖ ਅਫਸਰ ਥਾਣਾ ਸਿਟੀ ਬਲਵਿੰਦਰ ਸਿੰਘ ਨੇ ਲੜਕੀ ਦੀ ਡੈੱਡ ਬਾਡੀ ਜੰਗਲ ਦੀਆਂ ਝਾੜੀਆਂ ਵਿੱਚ ਵਹਿ ਰਹੇ ਪਾਣੀ ਵਿੱਚ ਮੁੱਧੇ ਮੂੰਹ ਅਰਧ ਨਗਨ ਹਾਲਤ ਵਿੱਚ ਬਰਾਮਦ ਕੀਤਾ ਜਿਸ ਦੀ ਗਰਦਨ ਉੱਤੇ ਗਲਾ ਘੁੱਟਣ ਦੇ ਨਿਸ਼ਾਨ ਸਨ ਅਤੇ ਬੁੱਲ੍ਹਾਂ ਉੱਤੇ ਵੀ ਜਖਮ ਦੇ ਨਿਸ਼ਾਨ ਸਨ।
ਹਰਸਿਮਰਤ ਸਿੰਘ ਛੇਤਰਾ ਨੇ ਅੱਗੇ ਦੱਸਿਆ ਕਿ ਮੌਕੇ ਉੱਤੇ ਹੀ ਮੁੱਖ ਅਫਸਰ ਵੱਲੋਂ ਫੋਰੈਂਸਿਕ ਟੀਮਾਂ ਨੂੰ ਬੁਲਾ ਕੇ ਲੜਕੀ ਦਾ ਮੁਲਾਹਜ਼ਾ ਕਰਕੇ ਲੜਕੀ ਦੀ ਲਾਸ਼ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਵਾਰਦਾਤ ਵਾਲੀ ਜਗ੍ਹਾ ਉੱਤੇ ਹੋਰ ਬਾਰੀਕੀ ਨਾਲ ਭਾਲ ਕੀਤੀ ਤਾਂ ਨੇੜੇ ਹੀ ਦਰੱਖਤ ਨਾਲ ਬੰਨ੍ਹੀ ਹੋਈ ਪਲਾਸਟਿਕ ਦੀ ਰੱਸੀ ਮਿਲੀ। ਜਿਸ ਤੋਂ ਜਾਪਦਾ ਸੀ ਕਿ ਲੜਕੀ ਨੂੰ ਪਹਿਲਾਂ ਦਰੱਖਤ ਨਾਲ ਬੰਨ੍ਹ ਕੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਹ ਰੱਸੀ ਵੀ ਬਰਾਮਦ ਕੀਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਜੇਕਰ ਪੋਸਟ ਮਾਰਟਮ ਰਿਪੋਰਟ ਵਿੱਚ ਰੇਪ ਦੀ ਪੁਸ਼ਟੀ ਹੁੰਦੀ ਹੈ ਤਾਂ ਬਣਦੀਆਂ ਧਾਰਾਵਾਂ ਦਰਜ ਕੀਤੀਆਂ ਜਾਣਗੀਆਂ। ਲਾਸ਼ ਮਿਲਣ ਉਪਰੰਤ ਜੁਰਮ 103 ਬੀ.ਐੱਨ.ਐੱਸ. ਦਾ ਵਾਧਾ ਕੀਤਾ ਗਿਆ ਹੈ।