ਪੰਜਾਬ ਪੁਲਿਸ ਨੇ ਵੱਡੇ ਪੱਧਰ ਤੇ ਅਪਰੇਸ਼ਨ ਦੌਰਾਨ ਨਸ਼ਿਆਂ ਦੇ ਹੌਟਸਪੌਟਸ ਨੂੰ ਬਣਾਇਆ ਨਿਸ਼ਾਨਾ; ਚਾਰ ਭਗੌੜਿਆਂ ਸਮੇਤ 86 ਵਿਅਕਤੀ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ ਤਹਿਤ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਨਸ਼ਿਆਂ ਦੇ ਸ਼ਨਾਖਤ ਕੀਤੇ ਹੌਟਸਪੌਟਸ –ਸੂਬੇ ਭਰ ’ਚ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਖ਼ਰੀਦ-ਫ਼ਰੋਖ਼ਤ ਵਾਲੀਆਂ ਥਾਵਾਂ, ’ਤੇ ਇੱਕ ਵਿਆਪਕ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ)- ‘ਈਗਲ-5’ ਚਲਾਇਆ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਆਪ੍ਰੇਸ਼ਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਜ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਇੱਕੋ ਸਮੇਂ ’ਤੇ ਚਲਾਇਆ ਗਿਆ। ਇਸ ਦੌਰਾਨ ਰੇਂਜ ਅਧਿਕਾਰੀਆਂ ਅਤੇ ਸੀਪੀਜ਼/ਐਸਐਸਪੀਜ਼ ਨੂੰ ਨਿੱਜੀ ਤੌਰ ’ਤੇ ਇਸ ਵਿਸ਼ੇਸ਼ ਕਾਰਵਾਈ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਨੁਕਾਤੀ ਰਣਨੀਤੀ- ਇਨਫੋਰਸਮੈਂਟ, ਡੈੱਡਡੀਕਸ਼ਨ ਐਂਡ ਪ੍ਰੀਵੈਨਸ਼ਨ (ਈਡੀਪੀ) ਨੂੰ ਲਾਗੂ ਕੀਤਾ ਹੈ। ਪੁਲਿਸ ਅਧਿਕਾਰੀਆਂ ਨੂੰ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਜਾ ਰਹੇ ਸਾਰੇ ਕੇਸਾਂ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਕਿ ਰਾਜ ਪੱਧਰ ’ਤੇ ਆਪਰੇਸ਼ਨ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਹਨ, ਨੇ ਦੱਸਿਆ ਕਿ ਸੀਪੀਜ਼/ਐਸਐਸਪੀਜ਼ ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਜ਼ਿਲਿ੍ਹਆਂ ਵਿੱਚ ਨਸ਼ਿਆਂ ਦੇ ਹੌਟਸਪੌਟਸ ਦੀ ਪਛਾਣ ਕਰਕੇ ਸੁਚੱਜੇ ਢੰਗ ਨਾਲ  ਅਪਰੇਸ਼ਨ ਨੂੰ ਨੇਪਰੇ ਚੜ੍ਹਾਉਣ ਸਬੰਧੀ ਯੋਜਨਾ ਬਣਾਉਣ ਅਤੇ  ਐਸਪੀ/ਡੀਐਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਅਜਿਹੇ ਖੇਤਰਾਂ ’ਤੇ ਛਾਪੇਮਾਰੀ ਕਰਨ, ਜੋ ਨਸ਼ਾ ਤਸਕਰਾਂ ਲਈ ਪਨਾਹਗਾਹ/ਸੁਰੱਖਿਅਤ ਟਿਕਾਣੇ ਬਣ ਚੁੱਕੇ ਹਨ।

ਹੋਰ ਖ਼ਬਰਾਂ :-  ਮੁੱਖ ਮੰਤਰੀ ਵੱਲੋਂ ਸਿਹਤ ਸੇਵਾਵਾਂ ਦੇ 1000 ਕਰੋੜ ਦੇ ਫੰਡ ਜਾਣ-ਬੁੱਝ ਕੇ ਜਾਰੀ ਨਾ ਕਰਨ ਲਈ ਕੇਂਦਰ ਸਰਕਾਰ ਦੀ ਕਰੜੀ ਨਿੰਦਾ

ਉਨ੍ਹਾਂ ਦੱਸਿਆ ਕਿ 4000 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ ਵਾਲੀਆਂ 518 ਤੋਂ ਵੱਧ ਪੁਲਿਸ ਟੀਮਾਂ, ਨੇ 512 ਨਸ਼ਿਆਂ ਦੇ ਹੌਟਸਪੌਟਸ ’ਤੇ ਇਸ ਅਪਰੇਸ਼ਨ ਨੂੰ ਅੰਜਾਮ ਦਿੱਤਾ । ਇਸ ਦੌਰਾਨ ਨਸ਼ਿਆਂ ਦੇ ਹੌਟਸਪੌਟਸ ’ਤੇ ਅਤੇ ਇਨ੍ਹਾਂ ਦੇ ਆਲੇ-ਦੁਆਲੇ ਵਾਲੀਆਂ ਥਾਵਾਂ ’ਤੇ 419 ਮਜ਼ਬੂਤ ਨਾਕੇ ਵੀ ਲਗਾਏ ਗਏ।

ਅਪਰੇਸ਼ਨ ਦੌਰਾਨ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 82 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 61 ਐਫਆਈਆਰ ਦਰਜ ਕੀਤੀਆਂ ਹਨ। ਪੁਲਿਸ ਟੀਮਾਂ ਨੇ 3741 ਸ਼ੱਕੀ ਵਿਅਕਤੀਆਂ ਦੀ ਜਾਂਚ ਕਰਕੇ ਉਨ੍ਹਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਤੋਂ ਇਲਾਵਾ ਚਾਰ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਸ ਵੱਡੇ ਅਪ੍ਰੇਸ਼ਨ ਦੌਰਾਨ 270 ਗ੍ਰਾਮ ਹੈਰੋਇਨ, 15210 ਰੁਪਏ ਦੀ ਡਰੱਗ ਮਨੀ, 74 ਕਿਲੋ ਭੁੱਕੀ, 2 ਕਿਲੋ ਗਾਂਜਾ, 1868 ਨਸ਼ੀਲੀਆਂ ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਗਈ ਹੈ।

Leave a Reply

Your email address will not be published. Required fields are marked *