ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਣਕ ਹਾੜੀ ਦੀ ਮੁੱਖ ਫਸਲ ਹੈ ਪਰ ਹਰ ਸਾਲ ਹਜ਼ਾਰਾਂ ਦੇ ਏਕੜ ਕਣਕ ਦੀ ਫਸਲ ਅੱਗ ਨਾਲ ਸੜ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੁੰਦਾ ਹੈ। ਇਹ ਦੇਖਿਆ ਗਿਆ ਹੈ ਕਿ ਕਣਕ ਦੀ ਵਾਢੀ ਸਮੇਂ ਬਿਜਲੀ ਦੀਆਂ ਢਿੱਲੀਆਂ ਤਾਰਾਂ, ਬਿਜਲੀ ਦੇ ਟਰਾਂਸਫਾਰਾਂ ਵਿੱਚ ਚੰਗਿਆੜੀ, ਧੂਆਂ ਨਿਕਲਦੀ ਬੀੜੀ, ਮਜ਼ਦੂਰ ਵੱਲੋਂ ਸੁੱਟੀ ਗਈ ਸਿਗਰੇਟ ਜਾਂ ਕਿਸੇ ਹੋਰ ਲਾਪਰਵਾਹੀ ਕਾਰਨ ਕਣਕ ਦੀ ਫਸਲ ਜਾਂ ਕਣਕ ਦੇ ਨਾੜ ਨੂੰ ਅੱਗ ਲੱਗ ਜਾਂਦੀ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਡੇ ਖੇਤਾਂ ਵਿੱਚ ਕਣਕ ਪੱਕਣ ਵਾਲੀ ਹੈ। ਵੱਧਦੀ ਗਰਮੀ ਤੇਜ਼ ਹਵਾ ਜਾਂ ਬਿਜਲੀ ਦੇ ਸ਼ਾਰਟ ਸਰਕਟ ਜਾਂ ਕਿਸੇ ਮਜ਼ਦੂਰ ਵੱਲੋਂ ਬੀੜੀ ਸਿਗਰਟ ਨੂੰ ਅੱਗ ਲਾਉਣਾ ਜਾਂ ਖਾਣਾ ਪਕਾਉਣ ਲਈ ਜਗਾਈ ਗਈ ਚੰਗਿਆੜੀ ਆਦਿ ਸਾਡੀਆਂ ਫਸਲਾਂ ਨੂੰ ਅੱਗ ਲੱਗਣ ਦਾ ਮੁੱਖ ਕਾਰਨ ਹਨ।
ਡਾ. ਕਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਅਜਿਹੀਆਂ ਅਣਕਿਆਸੀ ਘਟਨਾਵਾਂ ਆਮ ਤੌਰ ਤੇ ਹੋ ਜਾਂਦੀਆਂ ਹਨ, ਜਿਸ ਲਈ ਅਸੀਂ ਸਰਕਾਰ ਜਾਂ ਬਿਜਲੀ ਮਹਿਕਮੇ ਨੂੰ ਜਿੰਮੇਵਾਰ ਠਹਿਰਾਉਂਦੇ ਹਾਂ। ਅੱਗ ਬੁਝਾਉਣ ਲਈ ਸਰਕਾਰੀ ਫਾਇਰ ਬਗਰੇਡ ਤੋਂ ਮਦਦ ਦੀ ਉਮੀਦ ਕਰਦੇ ਹਾਂ। ਇਸ ਕਾਰਨ ਉਹਨਾਂ ਤੇ ਜਿਆਦਾ ਦਬਾਅ ਪੈਂਦਾ ਹੈ ਪਰ ਫਿਰ ਵੀ ਕੱਚੀਆਂ ਸੜਕਾਂ, ਪਹੀਆਂ ਆਦਿ ਕਾਰਨ ਗੱਡੀਆਂ ਦਾ ਲੇਟ ਆਉਣਾ ਸੁਭਾਵਿਕ ਹੈ। ਸਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੋਵੇਗਾ। ਇਸ ਲਈ ਕੁਝ ਨੁਕਤੇ ਹਨ, ਜਿਨਾਂ ਰਾਹੀਂ ਅਸੀਂ ਆਪਣੇ ਪਿੰਡ ਪੱਧਰ ਤੇ ਇਹ ਪ੍ਰਬੰਧ ਕਰ ਸਕਦੇ ਹਾਂ। ਇਸ ਤੇ ਕੋਈ ਖਰਚਾ ਨਹੀਂ ਹੋਵੇਗਾ, ਸਗੋਂ ਅਸੀਂ ਸੁਚੇਤ ਅਤੇ ਚਿੰਤਾ ਮੁਕਤ ਰਹਿ ਸਕਦੇ ਹਾਂ, ਆਪਣੀਆਂ ਫਸਲਾਂ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਰਹਿ ਸਕਦੇ ਹਾਂ।
ਜਿੱਥੇ ਟਰਾਂਸਫਾਰਮ ਲਾਇਆ ਹੋਇਆ ਹੈ ਉੱਥੋਂ ਹੀ ਕਣਕ ਦੀ ਕਟਾਈ ਕਰੋ। ਜੇਕਰ ਪਾਣੀ ਦੀ ਲੋੜ ਨਾ ਹੋਵੇ ਤਾਂ ਟਰਾਂਸਫਾਰਮਰ ਦੀ ਸਵਿੱਚ ਵਿੱਚ ਬੰਦ ਰੱਖੋ। ਲੋਹੇ ਦੀਆਂ ਟੈਂਕੀਆਂ ਨੂੰ ਪਾਣੀ ਨਾਲ ਭਰ ਕੇ ਖੇਤਾਂ ਦੇ ਵਿਚਕਾਰ ਰੱਖੋ, ਜੇ ਸੰਭਵ ਹੋਵੇ ਤਾਂ ਉਸ ਨਾਲ 100 ਫੁੱਟ ਡੂੰਘਾ ਲੰਬਾ ਪਾਈਪ ਦਾ ਟੁਕੜਾ ਲਗਾ ਦਿਓ। ਪਿੰਡ ਦੇ ਸਾਰੇ ਵੱਡੇ ਸਪ੍ਰੇ ਪੰਪਾਂ ਦੀਆਂ ਟੈਂਕੀਆਂ ਨੂੰ ਪਾਣੀ ਨਾਲ ਭਰ ਕੇ ਤਿਆਰ ਰੱਖੋ। ਜੇਕਰ ਪਿੰਡ ਦੇ ਲੋਕ ਇਕੱਠੇ ਹੋ ਕੇ ਪੰਜਦ ਅੱਗ ਬੁਝਾਉਣ ਵਾਲੇ ਸਿਲੰਡਰ ਖਰੀਦ ਲੈਣ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਅੱਗ ਬੁਝਾਉਣ ਲਈ ਪਿੰਡ ਦੇ 5 ਤੋਂ 10 ਦਲੇਰ ਨੌਜਵਾਨਾਂ ਦੀ ਸੂਚੀ ਰੱਖੀ ਜਾਵੇ ਤੇ ਇਹ ਕੋਸ਼ਿਸ਼ ਕੀਤੀ ਜਾਵੇ ਕਿ ਉਹ ਅਜਿਹੇ ਸਮੇਂ ਪਿੰਡ ਤੋਂ ਬਾਹਰ ਨਾ ਜਾਣ।
ਖੇਤ ਵਿੱਚ ਹੀ ਹੱਲ/ਕਾਸ਼ਤਕਾਰ ਰੱਖੋ ਤਾਂ ਜੋ ਮੁਸੀਬਤ ਵੇਲੇ ਪਿੰਡ ਵੱਲ ਨਾ ਭੱਜਣਾ ਪਏ। ਹਰ ਕਿਸਾਨ ਕੋਲ ਗੁਰਦੁਆਰਾ ਸਾਹਿਬ ਦੇ ਜਿੰਮੇਵਾਰ ਵਿਅਕਤੀ ਦਾ ਮੋਬਾਇਲ ਨੰਬਰ ਵੀ ਹੋਣਾ ਚਾਹੀਦਾ ਹੈ ਤਾਂ ਜੋ ਜਲਦੀ ਤੋਂ ਜਲਦੀ ਸੂਚਨਾ ਪੂਰੇ ਪਿੰਡ ਵਿੱਚ ਫੈਲਾਈ ਜਾ ਸਕੇ। ਹਰ ਕਿਸਾਨ ਕੋਲ ਬਿਜਲੀ ਦਾ ਗਰਿਡ ਨੰਬਰ ਵੀ ਹੋਣਾ ਲਾਜ਼ਮੀ ਹੈ ਤਾਂ ਜੋ ਸੰਕਟ ਸਮੇਂ ਬਿਜਲੀ ਸਪਲਾਈ ਬੰਦ ਕੀਤੀ ਜਾ ਸਕੇ।