ਪੰਜਾਬ ਵਿੱਚ ਖੇਤੀਬਾੜੀ ਤੇ ਸਹਾਇਕ ਧੰਦਿਆਂ ਨੂੰ ਹੁਲਾਰਾ ਦੇਣ ਲਈ ਵਿਕਾਸਮੁਖੀ ਬਜਟ ਪੇਸ਼

Punjab Agriculture and Farmers Welfare Minister Gurmeet Singh Khudian

ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਵਿਧਾਨ ਸਭਾ ਵਿੱਚ ਅੱਜ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬਜਟ 2024-25 ਨੂੰ ਵਿਕਾਸਮੁਖੀ ਅਤੇ ਭਵਿੱਖਮੁਖੀ ਕਰਾਰ ਦਿੰਦਿਆਂ ਇਸ ਦੀ ਸ਼ਲਾਘਾ ਕੀਤੀ ਹੈ ਅਤੇ ਭਰੋਸਾ ਪ੍ਰਗਟਾਇਆ ਹੈ ਕਿ ਇਹ ਖੇਤੀਬਾੜੀ ਸੈਕਟਰ ਅਤੇ ਸਹਾਇਕ ਧੰਦਿਆਂ ਨੂੰ ਹੋਰ ਹੁਲਾਰਾ ਦੇਵੇਗਾ।

  • ਪਿਛਲੇ ਸਾਲ ਦੇ ਮੁਕਾਬਲੇ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਬਜਟ 2024-25 ਵਿੱਚ 12.74 ਫ਼ੀਸਦੀ ਵਾਧਾ
  • ਖੇਤੀਬਾੜੀ ਲਈ ਮੁਫ਼ਤ ਬਿਜਲੀ ਜਾਰੀ ਰਹੇਗੀ, ਬਿਜਲੀ ਸਬਸਿਡੀ ਲਈ 9,330 ਕਰੋੜ ਰੁਪਏ ਦਾ ਉਪਬੰਧ
  • ਖੇਤੀਬਾੜੀ ਮੰਤਰੀ ਵੱਲੋਂ ਫ਼ਸਲੀ ਵਿਭਿੰਨਤਾ ਲਈ 575 ਕਰੋੜ ਰੁਪਏ ਤਜਵੀਜ਼ਤ ਕਰਨ ਦੀ ਸ਼ਲਾਘਾ 

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਜਟ ਵਿੱਚ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ 13,784 ਕਰੋੜ ਰੁਪਏ ਰੱਖੇ ਹਨ, ਜੋ ਕਿ ਪਿਛਲੇ ਸਾਲ (12027.70 ਕਰੋੜ ਰੁਪਏ) ਦੇ ਮੁਕਾਬਲੇ 12.74 ਫ਼ੀਸਦੀ ਵੱਧ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਵਿੱਤੀ ਵਰ੍ਹੇ 2024-25 ਵਿੱਚ ਖੇਤੀਬਾੜੀ ਟਿਊਬਵੈੱਲਾਂ ਲਈ ਮੁਫ਼ਤ ਬਿਜਲੀ ਜਾਰੀ ਰੱਖਣ ਲਈ ਬਿਜਲੀ ਸਬਸਿਡੀ ਵਾਸਤੇ 9,330 ਕਰੋੜ ਰੁਪਏ ਰੱਖੇ ਗਏ ਹਨ।

ਸੂਬੇ ਦੇ ਅੰਨਦਾਤਾ ਦੀ ਭਲਾਈ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ‘ਚੋਂ ਬਾਹਰ ਕੱਢਣ ਵਾਸਤੇ ਵੱਖ-ਵੱਖ ਫ਼ਸਲੀ ਵਿਭਿੰਨਤਾ ਸਕੀਮਾਂ ਲਈ 575 ਕਰੋੜ ਰੁਪਏ ਦਾ ਪ੍ਰਸਤਾਵ ਵੀ ਰੱਖਿਆ ਹੈ, ਜਿਸ ਨਾਲ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ, ਜ਼ਮੀਨ ਦੀ ਸਿਹਤ ਵਿੱਚ ਸੁਧਾਰ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਵਿੱਚ ਮਦਦ ਮਿਲੇਗੀ।

ਸ. ਖੁੱਡੀਆਂ ਨੇ ਕਿਹਾ ਕਿ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਉਦੇਸ਼ ਨਾਲ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਹੁਲਾਰਾ ਦੇਣ ਲਈ 250 ਕਰੋੜ ਰੁਪਏ ਦੇ ਪ੍ਰੋਜੈਕਟ ਸਥਾਪਤ ਕਰਨ ਵਾਸਤੇ ਐਸ.ਆਈ.ਡੀ.ਬੀ.ਆਈ. ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਹ ਪ੍ਰਾਜੈਕਟ ਫ਼ਲਾਂ ਅਤੇ ਸਬਜ਼ੀਆਂ ਦੇ ਪ੍ਰੋਸੈਸਿੰਗ ਯੂਨਿਟ ਲਈ ਇੰਡਵਿਜ਼ੂਅਲ ਕੁਇਕ ਫਰੀਜ਼ਿੰਗ, ਮੋਟੇ ਅਨਾਜ, ਦਾਲਾਂ, ਅਨਾਜ ਅਤੇ ਮਸਾਲਿਆਂ ਦੀ ਪ੍ਰੋਸੈਸਿੰਗ ਲਈ ਕੇਂਦਰ, ਸੈਂਟਰ ਫ਼ਾਰ ਚਿਲੀ ਪ੍ਰੋਸੈਸਿੰਗ ਯੂਨਿਟ, ਸੈਂਟਰ ਫ਼ਾਰ ਆਟੋਮੇਟਿਡ ਬਿਵਰੇਜ, ਕਲਨਰੀ ਸਪ੍ਰੈਡਸ ਫਿੱਲਿੰਗ ਐਂਡ ਪੈਕਿੰਗ ਯੂਨਿਟ, ਟਮੈਟੋ ਫੋਕਸਡ ਫਰੂਟਸ ਐਂਡ ਵੈਜੀਟੇਬਲਸ ਲਈ ਇੰਟੀਗ੍ਰੇਟਿਡ ਪ੍ਰੋਡਕਸ਼ਨ ਸੈਂਟਰ ਲਈ ਸਥਾਪਿਤ ਕੀਤੇ ਜਾ ਰਹੇ ਹਨ। ਪੀ.ਏ.ਜੀ.ਆਰ.ਈ.ਐਕਸ.ਸੀ.ਓ. (ਪ੍ਰੈਗਰੇਕਸੋ) ਨੂੰ ਮੌਜੂਦਾ ਵਰ੍ਹੇ ਵਿੱਚ ਪ੍ਰੋਜੈਕਟ ਸ਼ੁਰੂ ਕਰਨ ਲਈ 50 ਕਰੋੜ ਰੁਪਏ ਵੀ ਪ੍ਰਦਾਨ ਕੀਤੇ ਗਏ ਹਨ।

ਹੋਰ ਖ਼ਬਰਾਂ :-  ਚੇਤਨ ਸਿੰਘ ਜੌੜਾਮਾਜਰਾ ਵੱਲੋਂ ਜਲ ਸਰੋਤ ਅਤੇ ਖਣਨ ਤੇ ਭੂ-ਵਿਗਿਆਨ ਵਿਭਾਗਾਂ ਦੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ

ਨਰਮੇ ਦੀ ਕਾਸ਼ਤ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਸਮੇਂ ਸਿਰ ਤਕਨੀਕੀ ਤੇ ਸਟੀਕ ਜਾਣਕਾਰੀ ਦੇਣ ਲਈ “ਮਿਸ਼ਨ ਉੱਨਤ ਕਿਸਾਨ” ਸ਼ੁਰੂ ਕਰਨ ਤੋਂ ਇਲਾਵਾ ਨਰਮੇ ਦੇ ਬੀਜਾਂ ‘ਤੇ ਲਗਭਗ 87,000 ਕਿਸਾਨਾਂ ਨੂੰ 33 ਫੀਸਦੀ ਸਬਸਿਡੀ ਮੁਹੱਈਆ ਵੀ ਕਰਵਾਈ ਗਈ।

ਉਨ੍ਹਾਂ ਦੱਸਿਆ ਹੈ ਕਿ ਸੂਬਾ ਸਰਕਾਰ ਨੇ ਖੇਤੀ ਦੇ ਸਹਾਇਕ ਧੰਦੇ ਪਸ਼ੂ ਪਾਲਣ ਨਾਲ ਜੁੜੇ ਕਿਸਾਨਾਂ ਤੱਕ ਵੈਟਰਨਰੀ ਸੇਵਾਵਾਂ ਦੇ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਵਿੱਤੀ ਸਾਲ 2022-23 ਅਤੇ ਵਿੱਤੀ ਸਾਲ 2023-24 ਦੌਰਾਨ 326 ਵੈਟਰਨਰੀ ਅਫਸਰ ਅਤੇ 535 ਵੈਟਰਨਰੀ ਇੰਸਪੈਕਟਰ ਭਰਤੀ ਕੀਤੇ ਗਏ ਹਨ। ਫਾਜ਼ਿਲਕਾ ਦੇ ਪਿੰਡ ਕਿੱਲਿਆਂ ਵਾਲੀ ਵਿਖੇ ਨਵਾਂ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 3,233 ਏਕੜ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਵਰ ਰੈਂਚਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ 3 ਲੱਖ ਮੱਛੀ ਪੂੰਗ ਦਰਿਆਈ ਪਾਣੀ ਦੀਆਂ ਬਾਡੀਜ਼ ਵਿੱਚ ਛੱਡਿਆ ਗਿਆ ਹੈ।

dailytweetnews.com

Leave a Reply

Your email address will not be published. Required fields are marked *