ਅੰਮ੍ਰਿਤਸਰ ਵਿੱਚ 7 ਕਿਲੋਗ੍ਰਾਮ ਹੈਰੋਇਨ ਸਮੇਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਕਾਬੂ

ਚੰਡੀਗੜ੍ਹ/ਅੰਮ੍ਰਿਤਸਰ, 25 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਕਾਰਕੁਨਾਂ ਨੂੰ 7 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਕਲਸੀਆਂ ਖੁਰਦ, ਤਰਨਤਾਰਨ ਅਤੇ ਰਵਿੰਦਰ ਸ਼ਰਮਾ ਵਾਸੀ ਗੁਰਬਖਸ਼ ਨਗਰ, ਨਵਾਂ ਕੋਟ, ਅੰਮ੍ਰਿਤਸਰ ਵਜੋਂ ਹੋਈ ਹੈ। ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਮਾਰੂਤੀ ਸੁਜ਼ੂਕੀ ਬ੍ਰੇਜ਼ਾ ਕਾਰ (ਰਜਿਸਟ੍ਰੇਸ਼ਨ ਨੰਬਰ ਪੀਬੀ39ਐਲ7651) ਅਤੇ ਇੱਕ ਮੋਟਰਸਾਈਕਲ ਹੀਰੋ ਪੈਸ਼ਨ (ਰਜਿਸਟ੍ਰੇਸ਼ਨ ਨੰਬਰ ਪੀਬੀ02ਬੀਯੂ2253), ਜਿਸ ਦੀ ਵਰਤੋਂ ਖੇਪਾਂ ਦੀ ਡਿਲਵਰੀ ਲਈ ਕੀਤੀ ਜਾਂਦੀ ਸੀ, ਨੂੰ ਵੀ ਜ਼ਬਤ ਕਰ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹੈਰੋਇਨ ਦੀ ਖੇਪ ਦੀ ਢੋਆ-ਢੁਆਈ ਵਿੱਚ ਸਰਗਰਮੀ ਨਾਲ ਸ਼ਾਮਲ ਸਨ ਅਤੇ ਸੰਭਾਵੀ ਤੌਰ ‘ਤੇ ਉਹ ਇਸ ਖੇਤਰ ਵਿੱਚ ਕਾਰਜਸ਼ੀਲ ਨਸ਼ੀਲੇ ਪਦਾਰਥਾਂ ਦੇ ਵਿਆਪਕ ਨੈੱਟਵਰਕ ਦਾ ਹਿੱਸਾ ਹਨ।

ਹੋਰ ਖ਼ਬਰਾਂ :-  “ਆਪ ਦੀ ਸਰਕਾਰ ਆਪ ਦੇ ਦੁਆਰ” - 28 ਫ਼ਰਵਰੀ ਨੂੰ 8 ਥਾਵਾਂ ਤੇ ਲਗਾਏ ਜਾਣਗੇ ਸਪੈਸ਼ਲ ਕੈਂਪ : ਜਸਪ੍ਰੀਤ ਸਿੰਘ

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੀਆਈ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੂੰ ਖਾਸ ਸੂਚਨਾ ਮਿਲੀ ਸੀ ਕਿ ਸ਼ੱਕੀ ਇੰਦਰਜੀਤ ਸਿੰਘ ਅਤੇ ਰਵਿੰਦਰ ਸ਼ਰਮਾ ਹੈਰੋਇਨ ਦੀ ਇੱਕ ਵੱਡੀ ਖੇਪ ਦੀ ਡਿਲਿਵਰੀ ਦੇ ਸਬੰਧ ਵਿੱਚ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਤੋਂ ਝਬਾਲ ਰੋਡ, ਅੱਡਾ ਬੋਹੜੂ ਦੇ ਨਜਦੀਕ ਸਥਿਤ ਖੇਤਰ ਵਿੱਚ, ਦਰਿਆ ਦੇ ਨਾਲ ਲੱਗਦੇ ਰਸਤੇ ‘ਤੇ ਆ ਰਹੇ ਹਨ।

ਡੀਜੀਪੀ ਨੇ ਦੱਸਿਆ ਕਿ ਤਰੁੰਤ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਇਸ ਖੇਤਰ ਦੇ ਆਲੇ-ਦੁਆਲੇ ਨਾਕੇ ਲਗਾਏ ਅਤੇ ਦੋਵਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ, ਇੰਦਰਜੀਤ ਸਿੰਘ ਦੀ ਕਾਰ ਦੀ ਡਰਾਈਵਰ ਸੀਟ ਦੇ ਹੇਠਾਂ ਤੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਰਵਿੰਦਰ ਸ਼ਰਮਾ ਕੋਲੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਗਈ।

ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਇਸ ਸਬੰਧੀ, ਐਫਆਈਆਰ ਨੰਬਰ 19 ਮਿਤੀ 25-03-2026 ਨੂੰ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21, 25 ਅਤੇ 29 ਤਹਿਤ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *