ਫ਼ਰਜੀ ਵਿਜੀਲੈਂਸ ਅਧਿਕਾਰੀ ਬਣ ਕੇ ਕਿਸਾਨ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਭਗੌੜਾ ਮੁਲਜ਼ਮ ਪਿੰਦਰ ਸੋਢੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

VB Arrests Absconding Accused Pinder Sodhi Wanted in Pseudo Vigilance Official Case

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਿੰਦਰ ਸੋਢੀ ਵਾਸੀ ਕਸਬਾ ਚੱਬੇਵਾਲ, ਜ਼ਿਲ੍ਹੇ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਆਪਣੇ ਆਪ ਨੂੰ ਵਿਜੀਲੈਂਸ ਮੁਲਾਜ਼ਮ ਦੱਸ ਕੇ ਇੱਕ ਕਿਸਾਨ ਤੋਂ 25 ਲੱਖ ਰੁਪਏ ਦੇ ਦੋ ਚੈੱਕ ਲਏ ਸਨ ਜਿਸ ਕਾਰਨ ਉਨ੍ਹਾਂ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਸ਼ਿਕਾਇਤਕਰਤਾ ਪਲਵਿੰਦਰ ਸਿੰਘ ਵਾਸੀ ਪਿੰਡ ਭੈਣੀ ਸਾਲੂ, ਥਾਣਾ ਕੂੰਮ ਕਲਾਂ, ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਵਿੱਚੋਂ 18 ਏਕੜ ਜ਼ਮੀਨ ਵੇਚ ਦਿੱਤੀ ਸੀ। ਇਸ ਉਪਰੰਤ ਉਸ ਨੂੰ ਪੰਚਾਇਤੀ ਜ਼ਮੀਨ ਵੇਚਣ ਸਬੰਧੀ ਇੱਕ ਨੋਟਿਸ ਮਿਲਿਆ, ਜਿਸ ਤੋਂ ਬਾਅਦ 12 ਅਗਸਤ 2023 ਨੂੰ ਤਿੰਨ ਅਣਪਛਾਤੇ ਵਿਅਕਤੀ ਉਸ ਦੇ ਘਰ ਆਏ ਜਿੰਨਾ ਨੇ ਆਪਣੇ ਆਪ ਨੂੰ ਵਿਜੀਲੈਂਸ ਵਿਭਾਗ, ਸੈਕਟਰ-17 ਚੰਡੀਗੜ੍ਹ ਦਫ਼ਤਰ ਦੇ ਕਰਮਚਾਰੀ ਦੱਸਿਆ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪੰਚਾਇਤੀ ਜ਼ਮੀਨ ਵੇਚਣ ਦੇ ਮਾਮਲੇ ਨੂੰ ਸੁਲਝਾਉਣ ਲਈ ਉਕਤ ਵਿਅਕਤੀਆਂ ਨੇ ਚੰਡੀਗੜ੍ਹ ਦਫ਼ਤਰ ਵਿਖੇ ਜਾਂਚ ਲੰਬਿਤ ਹੋਣ ਦਾ ਦਾਅਵਾ ਕਰਦਿਆਂ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਧਮਕੀ ਤੋਂ ਡਰਦਿਆਂ ਸ਼ਿਕਾਇਤਕਰਤਾ 25 ਲੱਖ ਰੁਪਏ ਦੇਣ ਲਈ ਰਾਜ਼ੀ ਹੋ ਗਿਆ ਅਤੇ ਉਕਤ ਮੁਲਜ਼ਮਾਂ ਨੇ ਉਸ ਨੂੰ 15 ਲੱਖ ਅਤੇ 10 ਲੱਖ ਰੁਪਏ ਦੇ ਦੋ ਚੈੱਕਾਂ ‘ਤੇ ਦਸਤਖਤ ਕਰਨ ਲਈ ਰਾਜ਼ੀ ਕਰ ਲਿਆ ਅਤੇ 25 ਲੱਖ ਰੁਪਏ ਨਕਦ ਮਿਲਣ ‘ਤੇ ਦੋਵੇਂ ਚੈੱਕ ਵਾਪਸ ਕਰਨ ਦੀ ਗਰੰਟੀ ਦਿੱਤੀ। ਉਸ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਵਿਅਕਤੀ ਉਸ ਦੀ ਜੇਬ ਵਿੱਚੋਂ 27 ਹਜ਼ਾਰ ਰੁਪਏ ਵੀ ਕੱਢ ਕੇ ਲੈ ਗਿਆ ਅਤੇ ਉਸ ਦਾ ਫ਼ੋਨ ਨੰਬਰ ਲੈ ਕੇ ਚਲੇ ਗਏ।

ਹੋਰ ਖ਼ਬਰਾਂ :-  ਮਾਨਸਾ ਦੇ ਪੈਟਰੋਲ ਪੰਪ ਗ੍ਰਨੇਡ ਹਮਲੇ ਪਿੱਛੇ ਵੀ ਕੈਨੇਡਾ ਸਥਿਤ ਅਰਸ਼ ਡੱਲਾ ਦਾ ਹੱਥ; ਮੁੱਖ ਦੋਸ਼ੀ ਗ੍ਰਿਫਤਾਰ

ਬੁਲਾਰੇ ਨੇ ਦੱਸਿਆ ਕਿ ਇਸ ਉਪਰੰਤ ਸ਼ਿਕਾਇਤਕਰਤਾ ਨੂੰ ਉਸਦੇ ਵਟਸਐਪ ‘ਤੇ ਧਮਕੀ ਭਰੀ ਕਾਲ ਆਈ ਕਿ ਜੇਕਰ ਉਹ ਵਾਅਦੇ ਮੁਤਾਬਿਕ ਨਕਦ 25 ਲੱਖ ਰੁਪਏ ਨਹੀਂ ਦਿੰਦਾ ਤਾਂ ਉਸਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ। ਇਸ ਸਬੰਧੀ ਮਿਤੀ 28.8.2023 ਨੂੰ ਐਫ.ਆਈ.ਆਰ. ਨੰਬਰ 20 ਤਹਿਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ 384, 120-ਬੀ ਅਧੀਨ ਪਿੰਡ ਭੈਣੀ ਸਾਲੂ ਨਿਵਾਸੀ ਮਨਜੀਤ ਸਿੰਘ ਅਤੇ ਚਾਰ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਮਨਜੀਤ ਸਿੰਘ ਅਤੇ ਪਰਮਜੀਤ ਸਿੰਘ ਵਾਸੀ ਪਿੰਡ ਮੇਹਲੋਂ, ਤਹਿਸੀਲ ਸਮਰਾਲਾ ਅਤੇ ਪਰਮਿੰਦਰ ਸਿੰਘ ਵਾਸੀ ਅਕਾਸ਼ ਕਲੋਨੀ, ਹੁਸ਼ਿਆਰਪੁਰ ਸ਼ਹਿਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਪਰ ਮੁੱਖ ਮੁਲਜ਼ਮ ਪਿੰਦਰ ਸੋਢੀ ਅਤੇ ਹਰਦੀਪ ਸਿੰਘ ਵਾਸੀ ਖਮਾਣੋਂ ਕਸਬਾ ਫਰਾਰ ਸਨ ਅਤੇ ਉਨ੍ਹਾਂ ਨੂੰ ਇਸ ਸਾਲ ਜਨਵਰੀ ਵਿੱਚ ਅਦਾਲਤ ਵੱਲੋਂ ਪੀ.ਓ. (ਭਗੌੜੇ ਮੁਜਰਮ) ਐਲਾਨ ਕਰ ਦਿੱਤਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਮੁੱਖ ਦੋਸ਼ੀ ਪਿੰਦਰ ਸੋਢੀ ਨੂੰ ਬਿਊਰੋ ਦੇ ਮੁਲਾਜ਼ਮਾਂ ਨੇ ਬੜੀ ਮੁਸ਼ਤੈਦੀ ਨਾਲ ਸੈਕਟਰ 32, ਬੀ.ਸੀ.ਐਮ. ਸਕੂਲ ਨੇੜੇ, ਚੰਡੀਗੜ੍ਹ ਰੋਡ, ਲੁਧਿਆਣਾ ਦੇ ਇੱਕ ਪਾਰਕ ਨੇੜਿਓਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਆਪਣੀ ਮਾਰੂਤੀ ਸਵਿਫਟ ਕਾਰ ਪੀ.ਬੀ.-07 ਸੀ.ਡੀ. -2603 ਵਿੱਚ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਦੀ ਉਕਤ ਕਾਰ ਦੀ ਤਲਾਸ਼ੀ ਦੌਰਾਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਕਈ ਲੋਗੋ, ਤਿੰਨ ਮੋਬਾਈਲ ਫੋਨ, ਯੂ.ਏ.ਈ. ਦੇਸ਼ ਦਾ ਡਰਾਈਵਿੰਗ ਲਾਇਸੰਸ, ਭਾਰਤੀ ਕਰੰਸੀ ਨੋਟ ਸਮੇਤ 305 ਦਿਰਹਾਮ ਦੇ ਕਰੰਸੀ ਨੋਟ ਬਰਾਮਦ ਹੋਏ ਹਨ।

ਉਨ੍ਹਾਂ ਦੱਸਿਆ ਕਿ ਦੋਸ਼ੀ ਪਿੰਦਰ ਸੋਢੀ ਨੂੰ ਭਲਕੇ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

dailytweetnews.com

Leave a Reply

Your email address will not be published. Required fields are marked *