ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੀ.ਐਸ.ਪੀ.ਸੀ.ਐਲ. ਦਫਤਰ, ਉਮਰਪੁਰਾ, ਬਲਾਕ ਬਟਾਲਾ, ਜ਼ਿਲਾ ਗੁਰਦਾਸਪੁਰ ਵਿਖੇ ਤਾਇਨਾਤ ਲਾਈਨਮੈਨ ਰਾਜੇਸ਼ ਕੁਮਾਰ ਨੂੰ 40,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਪਿੰਡ ਸੰਗਤਪੁਰਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਮਨਜਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਹ ਪਿੰਡ ਸੰਗਤਪੁਰਾ ਵਿੱਚ ਵਾਹੀਯੋਗ ਜ਼ਮੀਨ ਦਾ ਮਾਲਕ ਹੈ, ਜਿੱਥੇ ਉਸ ਨੇ ਆਪਣੇ ਟਿਊਬਵੈੱਲ ਦੇ ਨਵੇਂ ਕੁਨੈਕਸ਼ਨ ਲਈ ਨਵਾਂ ਟਰਾਂਸਫਾਰਮਰ ਲਗਾਉਣਾ ਸੀ। ਇਸ ਸਬੰਧੀ ਉਪਰੋਕਤ ਰਾਜੇਸ਼ ਕੁਮਾਰ ਲਾਈਨਮੈਨ ਨੇ 40,000 ਰੁਪਏ ਦੀ ਰਿਸ਼ਵਤ ਲੈ ਲਈ ਪਰ ਉਸ ਨੇ ਟਰਾਂਸਫਾਰਮਰ ਨਹੀਂ ਲਗਾਇਆ। ਜਦੋਂ ਬਿਜਲੀ ਅਧਿਕਾਰੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਤਾਂ ਸ਼ਿਕਾਇਤਕਰਤਾ ਨੇ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।
ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਨੇ ਇਸ ਸ਼ਿਕਾਇਤ ਦੀ ਜਾਂਚ ਕੀਤੀ ਜਿਸ ਦੌਰਾਨ ਦੋਸ਼ ਸਹੀ ਅਤੇ ਸੱਚ ਪਾਏ ਗਏ। ਇਸ ਸਬੰਧੀ ਕਥਿਤ ਦੋਸ਼ੀ ਰਾਜੇਸ਼ ਕੁਮਾਰ ਲਾਈਨਮੈਨ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।