ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਦਾ ਕਾਰਿੰਦਾ 3,000 ਰੁਪਏ ਰਿਸ਼ਵਤ ਲੈਂਦਾ ਕਾਬੂ

Vigilance Bureau Punjab

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਰਾਮਪਾਲ ਨਾਮਕ ਇੱਕ ਆਮ ਵਿਅਕਤੀ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਮਾਲ ਹਲਕਾ ਨਵਾਂਸ਼ਹਿਰ-1 ਵਿੱਚ ਤਾਇਨਾਤ ਪਟਵਾਰੀ ਵਿਪਨ ਕੁਮਾਰ ਦਾ ਸਾਥੀ ਹੈ ਅਤੇ ਉਸ ਪਟਵਾਰੀ ਖਾਤਰ 3,000 ਰੁਪਏ ਦੀ ਰਿਸ਼ਵਤ ਦੀ ਦੂਜੀ ਕਿਸ਼ਤ ਪ੍ਰਾਪਤ ਕਰ ਰਿਹਾ ਸੀ।

ਇਸ ਬਾਰੇ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਖੁਲਾਸਾ ਕੀਤਾ ਕਿ ਇਹ ਗ੍ਰਿਫ਼ਤਾਰੀ ਐਸਬੀਐਸ ਨਗਰ ਜ਼ਿਲ੍ਹੇ ਦੇ ਨਵਾਂਸ਼ਹਿਰ ਸ਼ਹਿਰ ਵਿੱਚ ਨਿਊ ਆਬਾਦੀ ਦੇ ਵਸਨੀਕ ਪ੍ਰਦੀਪ ਕੁਮਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਮੱਦਦ ਲਈ ਪਹੁੰਚ ਕੀਤੀ ਸੀ ਕਿਉਂਕਿ ਪਟਵਾਰੀ ਵਿਪਨ ਕੁਮਾਰ ਨੇ ਆਪਣੇ ਜੱਦੀ ਘਰ ਦੇ ਵਿਰਾਸਤੀ ਇੰਤਕਾਲ ਦੀ ਪ੍ਰਕਿਰਿਆ ਲਈ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਸ਼ਿਕਾਇਤਕਰਤਾ ਨੇ ਪਟਵਾਰੀ ਦੀ ਹਦਾਇਤ ਮੰਨਦਿਆਂ ਉਸਦੇ ਕਾਰਿੰਦੇ ਰਾਮਪਾਲ ਨੂੰ 2,000 ਰੁਪਏ ਪੇਸ਼ਗੀ ਰਿਸ਼ਵਤ ਦੇ ਦਿੱਤੀ ਸੀ। ਜਦੋਂ ਮੁਲਜ਼ਮ ਪਟਵਾਰੀ ਨੇ ਤੈਅ ਕੀਤੀ ਰਿਸ਼ਵਤ ਦੀ ਬਾਕੀ ਰਕਮ ਦੇਣ ਲਈ ਜ਼ੋਰ ਪਾਇਆ ਤਾਂ ਸ਼ਿਕਾਇਤਕਰਤਾ ਨੇ ਮੱਦਦ ਲਈ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ।

ਹੋਰ ਖ਼ਬਰਾਂ :-  ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸੂਬਾ ਸਰਕਾਰ ਕਰ ਰਹੀ ਹੈ ਵਿਸ਼ੇਸ਼ ਉਪਰਾਲੇ ਤੇ ਨਿਵੇਕਲੀਆਂ ਪਹਿਲਕਦਮੀਆਂ

ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਕਰਨ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਰਾਮਪਾਲ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 3000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਛਾਪੇ ਦੌਰਾਨ ਪਟਵਾਰੀ ਵਿਪਨ ਕੁਮਾਰ ਗ੍ਰਿਫ਼ਤਾਰੀ ਤੋਂ ਬਚਦਾ ਹੋਇਆ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਕਤ ਮੁਲਜ਼ਮ ਅਤੇ ਪਟਵਾਰੀ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਦੋਂ ਕਿ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਫਰਾਰ ਪਟਵਾਰੀ ਦਾ ਸਰਗਰਮੀ ਨਾਲ ਪਿੱਛਾ ਕਰ ਰਹੀਆਂ ਹਨ। ਇਸ ਮੁਕੱਦਮੇ ਦੀ ਹੋਰ ਜਾਂਚ ਜਾਰੀ ਹੈ।

Leave a Reply

Your email address will not be published. Required fields are marked *