vigilance bureau: ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਮੌਕੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਚੁੱਕੀ ਸਹੁੰ

vigilance bureau: ਸਮਾਜ ਤੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿੱਚ ਜਵਾਬਦੇਹੀ, ਇਮਾਨਦਾਰੀ ਅਤੇ ਪ੍ਰਸ਼ਾਸ਼ਨ ਵਿੱਚ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਦੇ ਦ੍ਰਿੜ ਯਤਨਾਂ ਨਾਲ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 5 ਨਵੰਬਰ ਤੱਕ ‘ਵਿਜੀਲੈਂਸ ਜਾਗਰੂਕਤਾ ਹਫ਼ਤਾ’ ਮਨਾਇਆ ਜਾਵੇਗਾ। ਇਸ ਸਾਲ ਦੇ ਸੰਦੇਸ਼ ‘ਭ੍ਰਿਸ਼ਟਾਚਾਰ ਨੂੰ ਕਹੋ ਨਾਂਹ : ਰਾਸ਼ਟਰ ਪ੍ਰਤੀ ਹੋਵੇ ਵਚਨਬੱਧਤਾ’ ਦੇ ਨਾਲ ਇਹ ਹਫ਼ਤਾ ਭ੍ਰਿਸ਼ਟਾਚਾਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਸਮਰਪਿਤ ਹੋਵੇਗਾ।

ਅੱਜ ਤੋਂ ਇਸ ਸਪਤਾਹ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਪ੍ਰਭਾਵਸ਼ਾਲੀ ਸੰਦੇਸ਼ ਦੇ ਕੇ ਕੀਤੀ। ਉਨ੍ਹਾਂ ਨੇ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੀ ਸਾਂਝੀ ਇੱਛਾ ਨਾਲ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਵਿੱਚ ਸਰਕਾਰ ਦਾ ਸਾਥ ਦੇਣ ਅਪੀਲ ਕੀਤੀ ਹੈ।

ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਰੋਕੂ ਐਕਸ਼ਨ ਲਾਈਨ ਦੇ ਨੰਬਰ 95012-00200 ‘ਤੇ ਵਟਸਐਪ ਰਾਹੀਂ ਪਹੁੰਚ ਕਰਕੇ ਸਹੀ ਜਾਣਕਾਰੀ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਸਰਕਾਰ ਦੀ ਅਟੱਲ ਵਚਨਬੱਧਤਾ ਹੇਠ ਭ੍ਰਿਸ਼ਟਾਚਾਰ ਦੇ ਹਰੇਕ ਮਾਮਲੇ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ। 

ਇਹਨਾਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਡੀ.ਜੀ.ਪੀ.-ਕਮ-ਚੀਫ਼ ਡਾਇਰੈਕਟਰ ਵਰਿੰਦਰ ਕੁਮਾਰ ਨੇ ਕਿਹਾ ਕਿ ਹਫਤੇ ਭਰ ਚੱਲਣ ਵਾਲੀ ਇਸ ਜਾਗਰੂਕਤਾ ਮੁਹਿੰਮ ਦਾ ਉਦੇਸ਼ ਸਰਕਾਰੀ ਦਫਤਰਾਂ ਤੇ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਸਬੰਧੀ ਸਮੂਹਿਕ ਮਿਸ਼ਨ ਵਿੱਚ ਲੋਕਾਂ ਦੀ ਸਰਗਰਮ ਭੂਮਿਕਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ‘ਵਿਜੀਲੈਂਸ ਜਾਗਰੂਕਤਾ ਹਫ਼ਤਾ’ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਸਿਰਜਣਾ ਲਈ ਸਾਂਝੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।

ਵਿਜੀਲੈਂਸ ਬਿਊਰੋ ਦੇ ਮੁਖੀ ਨੇ ਅੱਗੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਸਾਰੇ ਖੇਤਰੀ ਅਧਿਕਾਰੀ ‘ਭ੍ਰਿਸ਼ਟਾਚਾਰ ਮੁਕਤ ਸੂਬਾ’ ਬਣਾਉਣ ਦੇ ਨੇਕ ਕਾਰਜ ਵਿੱਚ ਲੋਕਾਂ ਨੂੰ ਉਤਸ਼ਾਹੀ ਭਾਗੀਦਾਰ ਵਜੋਂ ਸ਼ਾਮਲ ਕਰਨ ਲਈ ਯਤਨ ਕਰਨਗੇ। 

ਹੋਰ ਖ਼ਬਰਾਂ :-  ਵਿਜੀਲੈਂਸ ਬਿਊਰੋ ਨੇ ਐਸਬੀਆਈ ਦੇ ਸਹਾਇਕ ਮੈਨੇਜਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਉਨ੍ਹਾਂ ਅੱਗੇ ਕਿਹਾ ਕਿ ਇਹ ਹਫ਼ਤਾ ਅਧਿਕਾਰੀਆਂ/ਕਰਮਚਾਰੀਆਂ ਲਈ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਬਰਕਰਾਰ ਰੱਖਦਿਆਂ ਰੋਕਥਾਮ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰੇਗਾ। 

ਚੀਫ਼ ਡਾਇਰੈਕਟਰ ਵਰਿੰਦਰ ਕੁਮਾਰ ਨੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਨਦੇਹੀ ਨਾਲ ਕੰਮ ਕਰਨ, ਵਿਜੀਲੈਂਸ ਦੇ ਬਕਾਇਆ ਮਾਮਲਿਆਂ ਦੇ ਬੈਕਲਾਗ ਦਾ ਨਿਪਟਾਰਾ ਕਰਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨੂੰ ਹੋਰ ਹੁਲਾਰਾ ਦੇਣ ਦਾ ਸੱਦਾ ਦਿੱਤਾ।

ਵਿਜੀਲੈਂਸ ਜਾਗਰੂਕਤਾ ਹਫ਼ਤੇ ਦੇ ਉਦਘਾਟਨ ਦੌਰਾਨ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਪ੍ਰਸ਼ਾਸਨ, ਕੰਵਲਦੀਪ ਸਿੰਘ ਨੇ ਬਿਊਰੋ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਮਾਨਦਾਰੀ ਦੀ ਸਹੁੰ ਚੁਕਾਈ। ਇਸ ਮੌਕੇ ਗੁਰਸੇਵਕ ਸਿੰਘ ਅਤੇ ਅਰੁਣ ਸੈਣੀ (ਦੋਵੇਂ ਜੁਆਇੰਟ ਡਾਇਰੈਕਟਰ), ਮਨਮੋਹਨ ਕੁਮਾਰ, ਦਲਜੀਤ ਸਿੰਘ, ਅਤੇ ਦਿਗਵਿਜੈ ਕਪਿਲ (ਸਾਰੇ ਏ.ਆਈ.ਜੀ), ਐਸ.ਐਸ.ਪੀ. ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਗੁਰਮੀਤ ਸਿੰਘ ਅਤੇ ਮੁੱਖ ਦਫਤਰ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ।

ਵਿਜੀਲੈਂਸ ਮੁਖੀ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਜਾਗਰੂਕਤਾ ਹਫ਼ਤਾ ਸਾਰੀਆਂ ਵਿਜੀਲੈਂਸ ਰੇਂਜਾਂ ਅਤੇ ਸਬ-ਡਵੀਜ਼ਨਾਂ ਵਿੱਚ ਮਨਾਇਆ ਗਿਆ ਜਿੱਥੇ ਸਾਰੇ ਫੀਲਡ ਅਧਿਕਾਰੀਆਂ/ਕਰਮਚਾਰੀਆਂ ਨੇ ਆਪਣੀ ਸੇਵਾਵਾਂ ਵਿੱਚ ਉੱਚ ਨੈਤਿਕ ਮਾਪਦੰਡਾਂ ਨੂੰ ਬਰਕਰਾਰ ਰੱਖਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਇਮਾਨਦਾਰੀ ਦੀ ਸਹੁੰ ਚੁੱਕੀ। ਉਨ੍ਹਾਂ ਅੱਗੇ ਕਿਹਾ ਕਿ ਇਸ ਪੂਰੇ ਹਫ਼ਤੇ ਲਈ ਰੇਂਜ ਦੇ ਐਸ.ਐਸ.ਪੀਜ਼. ਵੱਲੋਂ ਵਿਦਿਅਕ ਸੰਸਥਾਵਾਂ ਅਤੇ ਦਫ਼ਤਰਾਂ ਲਈ ਕਈ ਜਾਗਰੂਕਤਾ ਪ੍ਰੋਗਰਾਮ ਵੀ ਉਲੀਕੇ ਗਏ ਹਨ।

Leave a Reply

Your email address will not be published. Required fields are marked *