ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲ਼ਖ ਦੀ ਅਗਵਾਈ ਹੇਠ ਜਿਲ੍ਹੇ ਭਰ ਵਿਚ 10 ਤੋ 16 ਮਾਰਚ ਤੱਕ ਵਿਸ਼ਵ ਗਲੂਕੋਮਾ (ਕਾਲਾ ਮੋਤੀਆ) ਹਫਤਾ ਮਨਾਇਆ ਜਾ ਰਿਹਾ ਹੈ ਜਿਸਦੇ ਤਹਿਤ ਜਿਲ੍ਹਾ ਹਸਪਤਾਲ ਅਤੇ ਸਬ ਡਵੀਜ਼ਨ ਹਸਪਤਾਲਾਂ ਵਿਚ ਅੱਖਾਂ ਦੇ ਚੈਕਅਪ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਗਲੂਕੋਮਾਂ ਤੋ ਪੀਤੜ ਲੋਕਾਂ ਦੀ ਪਹਿਚਾਣ ਕਰਕੇ ਸਮੇ ਸਿਰ ਉਨਾਂ ਦਾ ਇਲਾਜ ਕੀਤਾ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਔਲਖ ਨੇ ਦੱਸਿਆ ਕਿ ਗਲੂਕੋਮਾ ਅੱਖਾਂ ਦਾ ਇਕ ਅਜਿਹਾ ਰੋਗ ਹੈ ਜੋ ਕਿ ਅੱਖਾਂ ਦੀ ਦ੍ਰਿਸ਼ਟੀ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਰੋਗ ਦਾ ਉਦੋ ਤੱਕ ਕੋਈ ਲੱਛਣ ਦਿਖਾਈ ਨਹੀ ਦਿੰਦਾ ਜਦੋ ਤੱਕ ਬਿਮਾਰੀ ਮਧੱਮ ਜਾ ਉਨਤ ਪੜਾਅ ਤੱਕ ਨਹੀ ਪਹੁੰਚ ਜਾਂਦੀ। ਉਨਾਂ ਕਿਹਾ ਕਿ ਕਾਲਾ ਮੋਤੀਆ ਕਿਸੇ ਵੀ ਵਿਅਕਤੀ ਨੂੰ ਹੋ ਸਕਦਾ ਹੈ ਪਰ ਕੁਝ ਲੋਕਾਂ ਨੂੰ ਇਸ ਦਾ ਵਧੇਰੇ ਖਤਰਾ ਹੁੰਦਾ ਹੈ ਜਿਨ੍ਹਾਂ ਵਿੱਚ 60 ਸਾਲ ਤੋ ਵੱਧ ਉਮਰ ਦੇ ਵਿਅਕਤੀ, ਪਰਿਵਾਰਕ ਹਿਸਟਰੀ, ਡਾਕਟਰੀ ਪਰਸਥਿਤੀਆਂ ਜਿਵੇ ਕਿ ਸੂਗਰ, ਹਾਈ ਬਲੱਡ ਪ੍ਰੈਸ਼ਰ ਆਦਿ।
ਉਨ੍ਹਾਂ ਇਹ ਵੀ ਦੱਸਿਆ ਕਿ 40 ਸਾਲ ਤੋ ਵੱਧ ਉਮਰ ਦੇ ਲੋਕਾਂ ਨੂੰ ਹਰ ਦੋ ਸਾਲ ਬਾਅਦ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਜਦਕਿ 65 ਸਾਲ ਤੋ ਵੱਧ ਉਮਰ ਦੇ ਲੋਕਾਂ ਨੂੰ ਹਰ ਛੇ ਮਹੀਨੇ ਬਾਅਦ ਆਪਣੀ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਮਾਸ ਮੀਡੀਆ ਵਿੰਗ ਵੱਲੋ ਜਾਗਰੂਕਤਾ ਗਤੀਵਿਧੀਆ ਵੀ ਕੀਤੀਆਂ ਜਾ ਰਹੀਆ ਹਨ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਦੀ ਸਿਹਤ ਸੰਸਥਾ ਵਿੱਚ ਮੁਫਤ ਜਾਂਚ ਲਈ ਲਗਾਏ ਗਏ ਕੈਪਾਂ ਵਿੱਚ ਸ਼ਮੂਲੀਅਤ ਕਰਦਿਆਂ ਆਪਣੀ ਅੱਖਾਂ ਦੀ ਜਾਂਚ ਜਰੂਰ ਕਰਵਾਉਣ ਤਾਂ ਜੋ ਕਾਲਾ ਮੋਤੀਆ ਦੇ ਰੋਗ ਦੀ ਰੋਕਥਾਮ ਕੀਤੀ ਜਾ ਸਕੇ।