ਫ਼ਰੀਦਕੋਟ 28 ਅਗਸਤ: ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿੱਚ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਸਾਫ਼-ਸੁਥਰਾ ਤੇ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਵੱਛਤਾ ਅਭਿਆਨ ਤਹਿਤ ਜ਼ਿਲ੍ਹੇ ਵਿੱਚ 29 ਅਗਸਤ ਤੋਂ 8 ਸਤੰਬਰ ਤੱਕ 10 ਦਿਨਾਂ ਦੀ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਵੇਗੀ। ਇਸ ਸਬੰਧੀ ਵਿਧਾਇਕ ਜੈਤੋ ਸ. ਅਮੋਲਕ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ।
ਵਿਧਾਇਕ ਸ. ਅਮੋਲਕ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ,ਕੋਟਕਪੂਰਾ ਅਤੇ ਜੈਤੋ ਵਿਖੇ ਇਹ ਮੁਹਿੰਮ ਸਵੇਰੇ 8ਵਜੇ ਸ਼ੁਰੂ ਕੀਤੀ ਜਾਵੇਗੀ। ਇਸ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚ ਕਸਬਿਆਂ ਦੇ ਮੁੱਖ ਬਾਜ਼ਾਰਾਂ, ਸੜਕਾਂ, ਚੌਕਾਂ, ਜਨਤਕ ਥਾਵਾਂ ਅਤੇ ਹੋਰ ਸਥਾਨਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਫ਼-ਸੁਥਰੇ ਸ਼ਹਿਰ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰੀ ਵਿਭਾਗਾਂ ਦੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫਾਈ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪਹਿਲਾਂ ਤੋਂ ਹੀ ਪ੍ਰਬੰਧ ਮੁਕੰਮਲ ਕਰ ਲਏ ਜਾਣ ।
ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਹਦਾਇਤ ਕੀਤੀ ਕਿ ਕੂੜੇ ਦੇ ਡੰਪਾਂ ਨੂੰ ਚੁਕਵਾਇਆ ਜਾਵੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਜਨਤਕ ਥਾਵਾਂ ਤੇ ਕੂੜਾ ਨਾ ਸੁੱਟਣ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਸੀ.ਸੀ.ਟੀ.ਵੀ ਕੈਮਰੇ ਵੀ ਲਗਵਾਏ ਗਏ ਹਨ ਅਤੇ ਜੇਕਰ ਕੋਈ ਕੂੜਾ ਸੁੱਟਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਣਦਾ ਜੁਰਮਾਨਾ ਵੀ ਲਗਾਇਆ ਜਾਵੇਗਾ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਆਪਣੇ ਆਲੇ-ਦੁਆਲੇ ਸਫਾਈ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਕੂੜਾ ਸੁੱਟਣ ਵਾਲੀਆਂ ਥਾਵਾਂ ਦੀ ਪਛਾਣ ਕਰਕੇ ਉਨ੍ਹਾਂ ਥਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਸਾਫ ਕਰ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਵਲ ਕੁਝ ਦਿਨਾਂ ਲਈ ਹੀ ਇਸ ਸਫ਼ਾਈ ਮੁਹਿੰਮ ਦਾ ਹਿੱਸਾ ਨਾ ਬਣਿਆ ਜਾਵੇ ਸਗੋਂ ਇਹ ਸਫਾਈ ਅਭਿਆਨ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਚੱਲਦਾ ਰਹਿਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਆਲੇ ਦੁਆਲੇ ਨੂੰ ਸਵੱਛ ਰੱਖਣ ਵਿੱਚ ਯੋਗਦਾਨ ਪਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ 10 ਦਿਨਾਂ ਮੁਹਿੰਮ ਵਿੱਚ ਸਾਰੇ ਸ਼ਹਿਰ ਨੂੰ ਸਾਫ ਕੀਤਾ ਜਾਵੇਗਾ । ਉਨ੍ਹਾਂ ਇਸ ਮੁਹਿੰਮ ਵਿੱਚ ਆਮ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਲੋਕ ਆਪਣਾ ਆਲਾ-ਦੁਆਲਾ ਸਾਫ਼ ਰੱਖ ਕੇ ਇਸ ਸਫਾਈ ਮੁਹਿੰਮ ਨੂੰ ਸਫ਼ਲ ਬਣਾਉਣ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੇਸ਼ਵ ਗੋਇਲ, ਈ.ਓ ਨਗਰ ਕੌਂਸਲ ਫ਼ਰੀਦਕੋਟ ਸ੍ਰੀ ਅਮ੍ਰਿਤ ਲਾਲ, ਈ.ਓ.ਜੈਤੋ ਸ੍ਰੀ ਮਨਿੰਦਰਪਾਲ ਸਿੰਘ, ਨਰਿੰਦਰ ਸਿੰਘ ਐਸ.ਪੀ.(ਇੰਨ),ਬਲਜਿੰਦਰ ਸਿੰਘ ਅਹੂਜਾ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ, ਗੈਰੀ ਵੜਿੰਗ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ, ਅਨਮੋਲ ਸਿੰਘ ਸੇਖੋਂ, ਹਰਸਿਮਰਨ ਪੀ.ਏ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ, ਐਨ.ਜੀ.ਓਜ਼ ਦੇ ਨੁਮਾਇੰਦੇ ਹਾਜ਼ਰ ਸਨ।