ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਵਿੱਚ 1.39 ਕਰੋੜ ਰੁਪਏ ਦੀ ਲਾਗਤ ਨਾਲ ਅੱਗ ਨਾਲ ਝੁਲ਼ਸੇ ਪੀੜਤਾਂ ਨੂੰ 265 ਇਲਾਜ ਕੈਸ਼ਲੈੱਸ ਮੁਹੱਈਆ ਕਰਵਾਏ ਗਏ

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਵਿੱਚ 1.39 ਕਰੋੜ ਰੁਪਏ ਦੀ ਲਾਗਤ ਨਾਲ ਅੱਗ ਨਾਲ ਝੁਲ਼ਸੇ ਪੀੜਤਾਂ ਨੂੰ 265 ਇਲਾਜ ਕੈਸ਼ਲੈੱਸ ਮੁਹੱਈਆ ਕਰਵਾਏ ਗਏ

ਚੰਡੀਗੜ੍ਹ; 11 ਅਗਸਤ, 2026 : ਅੱਗ ਕੁਝ ਹੀ ਮਿੰਟਾਂ ਵਿੱਚ ਬੁਝ ਸਕਦੀ ਹੈ, ਪਰ ਇਸ ਨਾਲ ਹੋਣ ਵਾਲਾ ਨੁਕਸਾਨ ਕਾਫ਼ੀ ਲੰਮੇ ਸਮੇਂ ਤੱਕ ਰਹਿ ਸਕਦਾ ਹੈ। ਅੱਗ ਨਾਲ ਗੰਭੀਰ ਤੌਰ ’ਤੇ ਝੁਲ਼ਸਣ ਵਾਲੇ ਵਿਅਕਤੀ ਲਈ ਅੱਗ ਦੀਆਂ ਲਪਟਾਂ ਤੋਂ ਬਾਹਰ ਨਿਕਲਣਾ ਸਿਰਫ਼ ਸ਼ੁਰੂਆਤ ਹੁੰਦੀ ਹੈ। ਇਸ ਤੋਂ ਬਾਅਦ ਵਾਰ-ਵਾਰ ਡ੍ਰੈਸਿੰਗ, ਵੱਖ-ਵੱਖ ਮੈਡੀਕਲ ਪ੍ਰਕਿਰਿਆਵਾਂ, ਪੁਨਰ-ਨਿਰਮਾਣ ਅਤੇ ਮਹੀਨਿਆਂ ਤੱਕ ਰਿਕਵਰੀ ਚੱਲ ਸਕਦੀ ਹੈ। ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ ਪੰਜਾਬ ਵਿੱਚ ਅੱਗ ਨਾਲ ਝੁਲ਼ਸਣ ਦੇ ਇਲਾਜ ਨਾਲ ਸਬੰਧਤ ਤਾਜ਼ਾ ਅੰਕੜੇ ਇਸ ਮੁਸ਼ਕਲ ਸਫ਼ਰ ਨੂੰ ਬਿਆਨ ਕਰਦੇ ਹਨ। ਯੋਜਨਾ ਤਹਿਤ 1.39 ਕਰੋੜ ਰੁਪਏ ਦੀ ਲਾਗਤ ਨਾਲ ਸੜਨ ਦੇ 265 ਇਲਾਜ ਮੁਹੱਈਆ ਕਰਵਾਏ ਗਏ ਹਨ।

ਸ਼ਾਰਟ ਸਰਕਟ ਕਾਰਨ ਘਰ ‘ਚ ਅੱਗ ਲੱਗਣ ਕਾਰਨ 24 ਸਾਲਾ ਅਰਜੁਨ ਕੁਮਾਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ, ਜਿੱਥੇ ਲਗਭਗ 50,000 ਰੁਪਏ ਦਾ ਇਲਾਜ ਯੋਜਨਾ ਤਹਿਤ ਕੈਸ਼ਲੈੱਸ ਮੁਹੱਈਆ ਕਰਵਾਇਆ ਗਿਆ। ਆਪਣੇ ਤਜ਼ਰਬੇ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, “ਸਭ ਕੁਝ ਬਹੁਤ ਤੇਜ਼ੀ ਨਾਲ ਹੋਇਆ।” ਇਲਾਜ ਕੈਸ਼ਲੈੱਸ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਹਸਪਤਾਲ ਦੇ ਖ਼ਰਚਿਆਂ ਦੀ ਚਿੰਤਾ ਕਰਨ ਦੀ ਬਜਾਏ ਆਪਣੇ ਸਿਹਤਯਾਬ ਹੋਣ ’ਤੇ ਧਿਆਨ ਕੇਂਦਰਿਤ ਕਰ ਸਕੇ।

ਪੰਜਾਬ ਰਾਜ ਸਿਹਤ ਏਜੰਸੀ (ਐਸਐਚਏ) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 31 ਤੋਂ 45 ਸਾਲ ਦੀ ਉਮਰ ਵਰਗ ਦੇ ਪੁਰਸ਼ਾਂ ਦੇ 61 ਇਲਾਜ ਕੀਤੇ ਗਏ, ਜੋ ਸਾਰੇ ਉਮਰ ਵਰਗਾਂ ਵਿੱਚ ਸਭ ਤੋਂ ਵੱਧ ਹਨ। ਇਨ੍ਹਾਂ ਇਲਾਜਾਂ ’ਤੇ 31.82 ਲੱਖ ਰੁਪਏ ਖ਼ਰਚ ਹੋਏ। 0 ਤੋਂ 18 ਸਾਲ ਦੀ ਉਮਰ ਵਰਗ ਦੇ ਲੜਕਿਆਂ ਦੇ 39 ਇਲਾਜ ਹੋਏ, ਜਦਕਿ ਇਸੇ ਉਮਰ ਵਰਗ ਦੀਆਂ ਲੜਕੀਆਂ ਦੇ 27 ਇਲਾਜ ਕੀਤੇ ਗਏ।

ਔਰਤਾਂ ਵਿੱਚ 19 ਤੋਂ 30 ਸਾਲ ਦੀ ਉਮਰ ਵਰਗ ਵਿੱਚ ਸਭ ਤੋਂ ਵੱਧ 26 ਇਲਾਜ ਦਰਜ ਕੀਤੇ ਗਏ, ਜਦਕਿ 31 ਤੋਂ 45 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਦੇ 21 ਇਲਾਜ ਕੀਤੇ ਗਏ। ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਲਾਜ ਕਰਵਾਉਣ ਵਾਲੇ ਲਾਭਪਾਤਰੀਆਂ ਵਿੱਚ ਬੱਚਿਆਂ, ਨੌਜਵਾਨਾਂ ਅਤੇ ਕੰਮਕਾਜੀ ਉਮਰ ਵਰਗ ਦੇ ਲੋਕਾਂ ਦੀ ਵੱਡੀ ਗਿਣਤੀ ਰਹੀ।

ਪੰਜਾਬ ਦੇ ਇਹ ਅੰਕੜੇ, ਅੱਗ ਨਾਲ ਝੁਲ਼ਸਣ ਕਾਰਨ ਹੋਣ ਵਾਲੇ ਜ਼ਖਮਾਂ ਦੇ ਲੰਮੇ ਸਮੇਂ ਤੱਕ ਰਹਿਣ ਵਾਲੇ ਪ੍ਰਭਾਵਾਂ ਸਬੰਧੀ ਮੈਡੀਕਲ ਰਿਸਰਚ ਦੇ ਨਤੀਜਿਆਂ ਨਾਲ ਵੀ ਮੇਲ ਖਾਂਦੇ ਹਨ। ਪਬਮੈਡ ਅਨੁਸਾਰ, ਪੰਜਾਬ ਦੇ ਇੱਕ ਤੀਜੇ ਦਰਜ ਦੇ ਹਸਪਤਾਲ ਵਿੱਚ ਅੱਗ ਨਾਲ ਝੁਲ਼ਸਣ ਨਾਲ ਪੀੜਤ 892 ਮਰੀਜ਼ਾਂ ’ਤੇ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਕਿ 79 ਫ਼ੀਸਦੀ ਮਰੀਜ਼ 15 ਤੋਂ 45 ਸਾਲ ਦੀ ਉਮਰ ਦੇ ਸਨ ਜੋ ਇਹ ਦਰਸਾਉਂਦਾ ਹੈ ਕਿ ਅੱਗ ਨਾਲ ਝੁਲ਼ਸਣ ਦੀਆਂ ਘਟਨਾਵਾਂ ਲੋਕਾਂ ਨੂੰ ਉਨ੍ਹਾਂ ਦੀ ਕੰਮਕਾਜੀ ਉਮਰ ਵਿੱਚ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਸਕਦੀਆਂ ਹਨ। ਅਧਿਐਨ ਦੌਰਾਨ ਭਾਰਤ ਵਿੱਚ ਪਹੁੰਚਯੋਗ ਅਤੇ ਕਿਫ਼ਾਇਤੀ ਬਰਨ ਕੇਅਰ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ।

ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਅੱਗ ਨਾਲ ਝੁਲ਼ਸਣ ਕਾਰਨ ਹੋਣ ਵਾਲੇ ਜ਼ਖਮ ਅੱਗ ਬੁਝਣ ਦੇ ਨਾਲ ਖ਼ਤਮ ਨਹੀਂ ਹੁੰਦੇ। ਕਈ ਮਰੀਜ਼ਾਂ ਲਈ ਸਿਹਤਯਾਬੀ ਦਾ ਮਤਲਬ ਵਾਰ-ਵਾਰ ਹੋਣ ਵਾਲੀਆਂ ਮੈਡੀਕਲ ਪ੍ਰਕਿਰਿਆਵਾਂ, ਮੁੜ ਵਸੇਬਾ ਅਤੇ ਲੰਮੇ ਸਮੇਂ ਤੱਕ ਦੇਖਭਾਲ ਹੁੰਦਾ ਹੈ। ਸਾਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਇਨ੍ਹਾਂ ਪਰਿਵਾਰਾਂ ਲਈ ਆਰਥਿਕ ਤੰਗੀ ਇੱਕ ਹੋਰ ਜ਼ਖਮ ਨਾ ਬਣ ਜਾਵੇ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਰੀਜ਼ਾਂ ਨੂੰ ਇਸ ਚਿੰਤਾ ਦੀ ਬਜਾਏ ਕਿ ਇਲਾਜ ਦਾ ਖ਼ਰਚਾ ਕਿਵੇਂ ਕੀਤਾ ਜਾਵੇਗਾ, ਆਪਣੀ ਸਿਹਤਯਾਬੀ, ਰਿਕਵਰੀ ਅਤੇ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਉਣ ’ਤੇ ਧਿਆਨ ਕੇਂਦਰਿਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ।”

ਹੋਰ ਖ਼ਬਰਾਂ :-  ਪੀ.ਆਰ.ਟੀ.ਪੀ.ਡੀ. ਬੋਰਡ ਵੱਲੋਂ ਅਹਿਮ ਮਾਸਟਰ ਪਲਾਨਾਂ ਨੂੰ ਪ੍ਰਵਾਨਗੀ, ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਮਿਲੇਗਾ ਹੁਲਾਰਾ

ਸਭ ਤੋਂ ਮਹੱਤਵਪੂਰਨ ਅੰਕੜਿਆਂ ਵਿੱਚੋਂ ਇੱਕ ਪੋਸਟ-ਬਰਨ ਕੰਟਰੈਕਚਰ ਨਾਲ ਸਬੰਧਤ ਹਨ, ਜਿਸ ਦੇ 75 ਇਲਾਜ ਕੀਤੇ ਗਏ ਅਤੇ ਇਨ੍ਹਾਂ ’ਤੇ 38.90 ਲੱਖ ਰੁਪਏ ਖ਼ਰਚ ਹੋਏ।

ਪੋਸਟ-ਬਰਨ ਕੰਟਰੈਕਚਰ ਝੁਲ਼ਸਣ ਦੇ ਜ਼ਖਮਾਂ ਤੋਂ ਬਾਅਦ ਬਣਨ ਵਾਲੇ ਸਕਾਰ ਟਿਸ਼ੂ ਦੇ ਸੁੰਗੜਨ ਕਾਰਨ ਹੋ ਸਕਦਾ ਹੈ। ਇਸ ਨਾਲ ਸਰੀਰ ਦੀਆਂ ਗਤੀਵਿਧੀਆਂ ਸੀਮਤ ਹੋ ਜਾਂਦੀਆਂ ਹਨ ਅਤੇ ਰੋਜ਼ਾਨਾ ਦੇ ਆਮ ਕੰਮ ਕਰਨਾ ਵੀ ਮੁਸ਼ਕਲ ਹੋ ਸਕਦਾ ਹੈ। ਇਸ ਤਰ੍ਹਾਂ, ਝੁਲਸਣ ਕਾਰਨ ਹੋਣ ਵਾਲੇ ਜ਼ਖਮਾਂ ਦਾ ਪ੍ਰਭਾਵ ਚਮੜੀ ਦੇ ਠੀਕ ਹੋ ਜਾਣ ਤੋਂ ਕਾਫ਼ੀ ਸਮੇਂ ਬਾਅਦ ਤੱਕ ਵੀ ਬਣਿਆ ਰਹਿ ਸਕਦਾ ਹੈ।

ਹੋਰ ਇਲਾਜ ਪ੍ਰਕਿਰਿਆਵਾਂ ਵਿੱਚ ਸਰੀਰ ਦੀ ਕੁੱਲ ਸਤਹ ਦੇ ਸੜੇ ਹੋਏ ਹਿੱਸੇ ਦਾ ਇਲਾਜ, ਟਿਸ਼ੂ ਐਕਸਪੈਂਡਰ, ਇਲੈਕਟ੍ਰੀਕਲ ਅਤੇ ਰਸਾਇਣਾਂ ਕਾਰਨ ਝੁਲ਼ਸਣ ਦੇ ਮਾਮਲਿਆਂ ਦਾ ਇਲਾਜ, ਐਂਟੀਬਾਇਓਟਿਕ ਡ੍ਰੈਸਿੰਗ, ਸਕਿਨ ਫਲੈਪ, ਡਿਬ੍ਰਾਈਡਮੈਂਟ ਅਤੇ ਕੰਨ/ਨੱਕ ਦਾ ਮੁੜ-ਨਿਰਮਾਣ ਸ਼ਾਮਲ ਹੈ। ਇਹ ਸਿਰਫ਼ ਸੁੰਦਰਤਾ ਨਾਲ ਸਬੰਧਤ ਸਮੱਸਿਆਵਾਂ ਨਹੀਂ ਹਨ। ਕੁਝ ਮਰੀਜ਼ਾਂ ਲਈ ਇਹ ਇਲਾਜ ਉਨ੍ਹਾਂ ਦੀਆਂ ਗਤੀਵਿਧੀਆਂ, ਕਾਰਜਸ਼ੀਲਤਾ ਅਤੇ ਆਤਮ-ਵਿਸ਼ਵਾਸ ਨੂੰ ਮੁੜ ਹਾਸਲ ਕਰਨ ਲਈ ਜ਼ਰੂਰੀ ਹੁੰਦੇ ਹਨ।

ਸੂਚੀਬੱਧ ਜ਼ਿਲ੍ਹਿਆਂ ਵਿੱਚੋਂ ਬਠਿੰਡਾ ਵਿੱਚ ਸਭ ਤੋਂ ਵੱਧ ਲਾਭਪਾਤਰੀ ਦਰਜ ਕੀਤੇ ਗਏ, ਜਿੱਥੇ 57 ਲੋਕਾਂ ਨੂੰ 63 ਇਲਾਜ ਮੁਹੱਈਆ ਕਰਵਾਏ ਗਏ ਅਤੇ ਇੱਥੇ ਇਲਾਜ ’ਤੇ 33.51 ਲੱਖ ਰੁਪਏ ਖ਼ਰਚ ਹੋਏ। ਇਸ ਤੋਂ ਬਾਅਦ ਫ਼ਰੀਦਕੋਟ ਵਿੱਚ 40 ਅਤੇ ਪਟਿਆਲਾ ਵਿੱਚ 39 ਲਾਭਪਾਤਰੀ ਦਰਜ ਕੀਤੇ ਗਏ। ਸਭ ਤੋਂ ਘੱਟ ਲਾਭਪਾਤਰੀ ਰੂਪਨਗਰ, ਐੱਸ.ਏ.ਐੱਸ. ਨਗਰ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ ਦਰਜ ਕੀਤੇ ਗਏ, ਜਿੱਥੇ ਇੱਕ-ਇੱਕ ਲਾਭਪਾਤਰੀ ਸੀ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਲਾਜ ਨਾਲ ਸਬੰਧਤ ਅੰਕੜੇ ਅੱਗ ਨਾਲ ਝੁਲ਼ਸਣ ਵਾਲੇ ਮਰੀਜ਼ਾਂ, ਖ਼ਾਸ ਤੌਰ ’ਤੇ ਬੱਚਿਆਂ, ਨੌਜਵਾਨਾਂ ਅਤੇ ਕੰਮਕਾਜੀ ਉਮਰ ਵਰਗ ਦੇ ਲੋਕਾਂ ਨੂੰ ਸਮੇਂ ਸਿਰ ਵਿਆਪਕ ਇਲਾਜ ਮੁਹੱਈਆ ਕਰਵਾਉਣ ਦੀ ਮਹੱਤਤਾ ਨੂੰ ਦਰਸਾਉਂਦੇ ਹਨ, ਕਿਉਂਕਿ ਲਾਭਪਾਤਰੀਆਂ ਵਿੱਚ ਇਨ੍ਹਾਂ ਵਰਗਾਂ ਦੀ ਗਿਣਤੀ ਕਾਫ਼ੀ ਹੈ। ਉਨ੍ਹਾਂ ਕਿਹਾ, “ਅਜਿਹੀ ਘਟਨਾ ਕੁਝ ਹੀ ਸਕਿੰਟਾਂ ਵਿੱਚ ਕਿਸੇ ਵਿਅਕਤੀ ਦੀ ਜ਼ਿੰਦਗੀ ਬਦਲ ਸਕਦੀ ਹੈ, ਪਰ ਸਿਹਤਯਾਬ ਹੋਣ ਵਿੱਚ ਅਕਸਰ ਕਾਫ਼ੀ ਜ਼ਿਆਦਾ ਸਮਾਂ ਲੱਗਦਾ ਹੈ। ਇਸ ਲਈ ਅੱਗ ਨਾਲ ਝੁਲ਼ਸਣ ਤੋਂ ਪੀੜਤ ਵਿਅਕਤੀ ਲਈ ਕੈਸ਼ਲੈੱਸ ਇਲਾਜ ਦਾ ਅਰਥ ਬਹੁਤ ਵਿਹਾਰਕ ਹੈ; ਜਦੋਂ ਅੱਗ ਆਖ਼ਰਕਾਰ ਬੁਝ ਜਾਂਦੀ ਹੈ ਤਾਂ ਪਰਿਵਾਰ ਨੂੰ ਇੱਕ ਹੋਰ ਅੱਗ, ਭਾਵ ਹਸਪਤਾਲ ਦੇ ਬਿੱਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ।”

 

Leave a Reply

Your email address will not be published. Required fields are marked *