ਸੰਗਰੂਰ, 14 ਸਤੰਬਰ: ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਸੀਜ਼ਨ-4 ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਪੂਰੇ ਉਤਸ਼ਾਹ ਨਾਲ ਜਾਰੀ ਹਨ। ਅੱਜ ਬਲਾਕ ਸੁਨਾਮ ਦੀਆਂ ਬਲਾਕ ਪੱਧਰੀ ਖੇਡਾਂ ਵੀ ਸ਼ੁਰੂ ਹੋ ਗਈਆਂ, ਜਦਕਿ ਬਲਾਕ ਭਵਾਨੀਗੜ੍ਹ ਵਿਖੇ ਖੇਡ ਮੁਕਾਬਲਿਆਂ ਦਾ ਅੱਜ ਤੀਜਾ ਦਿਨ ਰਿਹਾ।
ਜ਼ਿਲ੍ਹਾ ਖੇਡ ਅਫ਼ਸਰ ਸੰਗਰੂਰ ਸ੍ਰੀ ਨਵਦੀਪ ਸਿੰਘ ਨੇ ਦੱਸਿਆ ਕਿ ਬਲਾਕ ਸੁਨਾਮ ਦੀਆਂ ਖੇਡਾਂ ਸ਼ਹੀਦ ਦਲੇਲ ਸਿੰਘ ਖੇਡ ਸਟੇਡੀਅਮ, ਛਾਹੜ ਅਤੇ ਸ਼ਹੀਦ ਊਧਮ ਸਿੰਘ ਓਲੰਪਿਕ ਕਾਲਜ, ਸੁਨਾਮ ਵਿਖੇ ਕਰਵਾਈਆਂ ਜਾ ਰਹੀਆਂ ਹਨ। ਸ਼ਹੀਦ ਦਲੇਲ ਸਿੰਘ ਖੇਡ ਸਟੇਡੀਅਮ ਵਿਖੇ ਫੁੱਟਬਾਲ, ਖੋ-ਖੋ, ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸ਼ਿੰਗ ਦੇ ਮੁਕਾਬਲੇ ਹੋ ਰਹੇ ਹਨ, ਜਦਕਿ ਸ਼ਹੀਦ ਊਧਮ ਸਿੰਘ ਓਲੰਪਿਕ ਕਾਲਜ ਵਿਖੇ ਕਬੱਡੀ ਸਰਕਲ ਸਟਾਈਲ, ਐਥਲੈਟਿਕਸ ਅਤੇ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਬਲਾਕ ਭਵਾਨੀਗੜ੍ਹ ਵਿਖੇ ਤੀਜੇ ਦਿਨ ਕ੍ਰਿਕਟ ਦੇ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ 60 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਨੇ ਐਥਲੈਟਿਕਸ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਹਰ ਉਮਰ ਵਰਗ ਦੇ ਖਿਡਾਰੀਆਂ ਦੀ ਸ਼ਮੂਲੀਅਤ ਖੇਡਾਂ ਪ੍ਰਤੀ ਲੋਕਾਂ ਦੇ ਵਧ ਰਹੇ ਰੁਝਾਨ ਨੂੰ ਦਰਸਾਉਂਦੀ ਹੈ ਅਤੇ ਨੌਜਵਾਨਾਂ ਵਿੱਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਅੱਜ ਦੇ ਮੁਕਾਬਲਿਆਂ ਦੇ ਨਤੀਜੇ
ਵਾਲੀਬਾਲ ਸਮੈਸ਼ਿੰਗ ਅੰਡਰ-17 (ਲੜਕੀਆਂ): ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਛਾਹੜ ਦੀ ਟੀਮ ਨੇ ਸਰਕਾਰੀ ਹਾਈ ਸਕੂਲ, ਛਾਹੜ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਵਾਲੀਬਾਲ ਸਮੈਸ਼ਿੰਗ ਅੰਡਰ-14 (ਲੜਕੇ): ਈਸ਼ਰ ਸਿੰਘ ਪਬਲਿਕ ਸਕੂਲ, ਛਾਹੜ (ਏ) ਦੀ ਟੀਮ ਨੇ ਪਹਿਲਾ ਸਥਾਨ, ਜਦਕਿ ਈਸ਼ਰ ਸਿੰਘ ਪਬਲਿਕ ਸਕੂਲ, ਛਾਹੜ (ਬੀ) ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।
ਐਥਲੈਟਿਕਸ—50 ਤੋਂ 60 ਸਾਲ ਉਮਰ ਵਰਗ, 800 ਮੀਟਰ: ਹਰਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਦਵਿੰਦਰ ਕੌਰ ਗਰੇਵਾਲ ਨੇ ਦੂਜਾ ਸਥਾਨ ਹਾਸਲ ਕੀਤਾ।
ਐਥਲੈਟਿਕਸ—70 ਸਾਲ ਤੋਂ ਵੱਧ ਉਮਰ ਵਰਗ, 100 ਮੀਟਰ: ਭਗਵਾਨ ਸਿੰਘ ਨੇ ਪਹਿਲਾ ਅਤੇ ਪਿਆਰਾ ਖਾਨ ਨੇ ਦੂਜਾ ਸਥਾਨ ਹਾਸਲ ਕੀਤਾ।
ਸ੍ਰੀ ਨਵਦੀਪ ਸਿੰਘ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਮੁੱਖ ਮੰਤਵ ਸੂਬੇ ਦੇ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ।