ਸਪੀਕਰ ਸੰਧਵਾਂ ਨੇ ਜਨਗਣਨਾ 2027 ਅਧੀਨ ਸੈਲਫ-ਇਨਿਊਮਰੇਸ਼ਨ ਤਹਿਤ ਭਰਿਆ ਫਾਰਮ

Speaker Sandhwan filled the form under self-enumeration under Census 2027

ਕੋਟਕਪੂਰਾ, 17 ਨਵੰਬਰ  –      ਭਾਰਤ ਸਰਕਾਰ ਵਲੋਂ ਜਨਗਣਨਾ-2027 ਨੂੰ ਡਿਜੀਟਲ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਨਾਗਰਿਕਾਂ ਨੂੰ ਇਸ ਵਾਰ ਸਵੈ–ਗਣਨਾ ਦੀ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਸਪੀਕਰ ਪੰਜਾਬ  ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਜਨਗਣਨਾ 2027 ਤਹਿਤ ਆਪਣਾ ਸਵੈ ਜਨ-ਗਣਨਾ ਫਾਰਮ ਭਰਨ ਉਪਰੰਤ ਸਾਂਝੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਵੈ ਜਨਗਣਨਾ ਲਈ ਉਹ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਆਸਾਨੀ ਨਾਲ ਚੁਣ ਸਕਦੇ ਹਨ ਅਤੇ ਆਪਣੇ ਸਾਰੇ ਵੇਰਵੇ ਪੰਜਾਬ ਵਿੱਚ ਭਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜਨਗਣਨਾ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਸੁਚਾਰੂ ਬਣਾਉਣ ਦੇ ਮਕਸਦ ਨਾਲ ਪਹਿਲੀ ਵਾਰ ਡਿਜੀਟਲ ਤਕਨੀਕ ਨੂੰ ਅਪਣਾਇਆ ਜਾ ਰਿਹਾ ਹੈ। ਜਿਸ ਤਹਿਤ ਸਵੈ–ਗਣਨਾ ਰਾਹੀਂ ਲੋਕਾਂ ਨੂੰ ਜਨਗਣਨਾ ਕਰਮਚਾਰੀਆਂ ਦੀ ਉਡੀਕ ਨਹੀਂ ਕਰਨੀ ਪਵੇਗੀ ਅਤੇ ਉਹ ਆਪਣੇ ਪਰਿਵਾਰ ਦਾ ਵੇਰਵਾ ਖੁਦ ਆਨਲਾਈਨ ਦਰਜ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜਨਗਣਨਾ-2027 ਦੀ ਸਵੈ-ਗਣਨਾ ਲਈ 16 ਨਵੰਬਰ ਤੋਂ 30 ਨਵੰਬਰ ਤੱਕ ਸਰਕਾਰ ਵੱਲੋਂ ਆਨਲਾਈਨ ਪੋਰਟਲ ਖੋਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਵਿਸ਼ੇਸ਼ ਪੋਰਟਲ
https://se.census.gov.in/  ਤਿਆਰ ਕੀਤਾ ਗਿਆ ਹੈ। ਪੋਰਟਲ ਤੇ ਜਾਣਕਾਰੀ ਦਰਜ ਕਰਕੇ ਜਮ੍ਹਾਂ ਕਰਵਾਉਣ ਤੋਂ ਬਾਅਦ ਨਾਗਰਿਕਾਂ ਨੂੰ ਇੱਕ ਵਿਸ਼ੇਸ਼ ਸਵੈ–ਗਣਨਾ ਆਈ.ਡੀ. ਪ੍ਰਾਪਤ ਹੋਵੇਗੀ। ਇਹ ਆਈ.ਡੀ. ਘਰ-ਘਰ ਜਾਣ ਵਾਲੇ ਜਨਗਣਨਾ ਕਰਮਚਾਰੀਆਂ ਨੂੰ ਦਿਖਾਉਣੀ ਹੋਵੇਗੀ, ਤਾਂ ਜੋ ਆਨਲਾਈਨ ਭਰੇ ਗਏ ਵੇਰਵਿਆਂ ਦੀ ਤਸਦੀਕ ਕੀਤੀ ਜਾ ਸਕੇ।

ਹੋਰ ਖ਼ਬਰਾਂ :-  IND Vs ENG: ਭਾਰਤ ਨੇ ਇੰਗਲੈਂਡ ਨੂੰ 100 ਦੋੜਾਂ ਨਾਲ ਹਰਾਇਆ

ਉਨ੍ਹਾਂ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨਵੀਂ ਸਹੂਲਤ ਬਾਰੇ ਵੱਧ ਤੋਂ ਵੱਧ ਜਾਗਰੂਕ ਹੋਣ ਅਤੇ ਆਪਣੇ ਪਰਿਵਾਰ ਦੀ ਦਰੁਸਤ ਤੇ ਪੂਰੀ ਜਾਣਕਾਰੀ ਦਰਜ ਕਰਵਾਉਣ ਵਿੱਚ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਅੰਕੜੇ ਦੇਸ਼ ਅਤੇ ਸੂਬੇ ਦੇ ਵਿਕਾਸ ਦੀ ਯੋਜਨਾਬੰਦੀ, ਲੋਕ ਭਲਾਈ ਸਕੀਮਾਂ ਅਤੇ ਭਵਿੱਖ ਦੀਆਂ ਨੀਤੀਆਂ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਇਸ ਰਾਸ਼ਟਰੀ ਮਹੱਤਵ ਦੇ ਕਾਰਜ ਵਿੱਚ ਹਰ ਨਾਗਰਿਕ ਦੀ ਭਾਗੀਦਾਰੀ ਹੋਣੀ ਬਹੁਤ ਜ਼ਰੂਰੀ ਹੈ। 

Leave a Reply

Your email address will not be published. Required fields are marked *