ਵਿਜੀਲੈਂਸ ਬਿਊਰੋ ਨੇ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਕੇਸ ਵਿੱਚ ਲੋੜੀਂਦੇ ਮੁਲਜ਼ਮ ਕੁਲਦੀਪ ਸਿੰਘ ਨੂੰ ਕੀਤਾ ਗ੍ਰਿਫਤਾਰ

Vigilance Bureau Punjab

ਪੰਜਾਬ ਵਿਜੀਲੈਂਸ ਬਿਊਰੋ  ਨੇ ਮੰਗਲਵਾਰ ਨੂੰ ਖੁਰਾਕ, ਜਨਤਕ ਵੰਡ ਅਤੇ ਖੱਪਤਕਾਰ ਮਾਮਲੇ ਵਿਭਾਗ, ਪੰਜਾਬ ਦੇ ਡਰਾਈਵਰ ਕੁਲਦੀਪ ਸਿੰਘ ਨੂੰ ਸੁਪਰੀਮ ਕੋਰਟ ਤੋਂ ਉਸਦੀ ਜ਼ਮਾਨਤ ਪਟੀਸ਼ਨ ਖਾਰਿਜ ਕੀਤੇ ਜਾਣ ਪਿੱਛੋਂ ਗ੍ਰਿਫਤਾਰ ਕਰ ਲਿਆ ਹੈ।

ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕੁਲਦੀਪ ਸਿੰਘ ਪੁਲਿਸ ਥਾਣਾ ਵਿਜੀਲੈਂਸ ਬਿਊਰੋ, ਉੱਡਣ ਦਸਤਾਂ-1, ਪੰਜਾਬ, ਮੋਹਾਲੀ ਵਿਖੇ ਐਫ.ਆਈ.ਆਰ. ਨੰਬਰ 28, ਮਿਤੀ 30.10.2023 ਤਹਿਤ ਦਰਜ ਕੀਤੇ ਗਏ ਇੱਕ ਮੁਕੱਦਮੇ ਵਿੱਚ ਮਾਲਵਿੰਦਰ ਸਿੰਘ ਸਿੱਧੂ, ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.) ਮਨੁੱਖੀ ਅਧਿਕਾਰ ਸੈੱਲ, ਪੰਜਾਬ ਪੁਲਿਸ ਨਾਲ ਸਬੰਧਤ ਕੇਸ ਵਿੱਚ ਲੋੜੀਂਦਾ ਸੀ ਜਿਸ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦੇ ਹੋਏ, ਧੋਖਾਧੜੀ, ਬਲੈਕਮੇਲਿੰਗ, ਵਸੂਲੀ ਅਤੇ ਸਰਕਾਰੀ ਕਰਮਚਾਰੀਆਂ ਤੋਂ ਰਿਸ਼ਵਤ ਲੈਣ ਸਬੰਧੀ ਕੇਸ ਵਿਚ ਸਹਿ ਦੋਸ਼ੀ ਹੈ। ਇਸ ਕੇਸ ਵਿੱਚ ਦੋ ਮੁਲਜ਼ਮ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਅਤੇ ਬਲਬੀਰ ਸਿੰਘ ਪਿੰਡ ਆਲਮਪੁਰ, ਜ਼ਿਲ੍ਹਾ ਪਟਿਆਲਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਉਹਨਾਂ ਅੱਗੇ ਦੱਸਿਆ ਕਿ ਏ.ਆਈ.ਜੀ.ਸਿੱਧੂ ਸਰਕਾਰੀ ਕਰਮਚਾਰੀਆਂ ਖਿਲਾਫ ਜਾਣ-ਬੁੱਝਕੇ ਝੂਠੀਆਂ ਸ਼ਿਕਾਇਤਾਂ ਦਰਜ ਕਰਾਉਂਦਾ ਸੀ ਤਾਂ ਜੋ ਉਹਨਾਂ ਨੂੰ ਬਲੈਕਮੇਲ ਕੀਤਾ ਸਕੇ ਅਤੇ ਸ਼ਿਕਾਇਤ ਖਾਰਜ ਕਰਨ ਬਦਲੇ ਨਜਾਇਜ਼ ਲਾਭ ਲਏ ਜਾਂਦੇ ਸਨ। ਹਾਲਾਂਕਿ, 2017 ਤੋਂ ਬਾਅਦ, ਉਹ ਕਦੇ ਵੀ ਵਿਜੀਲੈਂਸ ਬਿਊਰੋ, ਪੰਜਾਬ ਵਿੱਚ ਏ.ਆਈ.ਜੀ ਜਾਂ ਆਈ.ਜੀ. ਦੇ ਅਹੁਦੇ ‘ਤੇ ਨਹੀਂ ਰਿਹਾ।  ਉਹਨਾਂ ਦੱਸਿਆ ਕਿ ਏਆਈਜੀ ਸਿੱਧੂ ਨੇ ਇੱਕ ਸਰਕਾਰੀ ਅਧਿਆਪਕ ਦੀ ਸਰਵਿਸ ਬੁੱਕ ਦੀ ਫੋਟੋ ਕਾਪੀ ਲੈਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਰਾਜਪੁਰਾ ਦੇ ਦਫ਼ਤਰ ਵਿੱਚ ਕੰਮ ਕਰਦੇ ਇੱਕ ਡਾਟਾ ਆਪਰੇਟਰ ਨੂੰ ਖੁਦ ਨੂੰ ਆਈਜੀ, ਵਿਜੀਲੈਂਸ ਬਿਊਰੋ, ਪੰਜਾਬ ਵਜੋਂ ਪੇਸ਼ ਕੀਤਾ ਸੀ।

ਹੋਰ ਖ਼ਬਰਾਂ :-  ਪੰਜਾਬ ਸਰਕਾਰ ਸਿਹਤ ਤੇ ਸਿੱਖਿਆ ਖੇਤਰ ਵਿੱਚ ਸਰਕਾਰੀ ਸੰਸਥਾਵਾਂ ਨੂੰ ਦੇ ਰਹੀ ਤਰਜੀਹ

ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਆਈ.ਜੀ.ਸਿੱਧੂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਦੇ ਪ੍ਰਿੰਸੀਪਲ ਨੂੰ ਲਿਖਤੀ ਦਰਖਾਸਤ ਤੋਂ ਇਲਾਵਾ ਸਕੂਲ ਦੀ ਈਮੇਲ ਆਈਡੀ ਅਤੇ ਉਪਰੋਕਤ ਮੁਲਜ਼ਮ ਕੁਲਦੀਪ ਸਿੰਘ ਰਾਹੀਂ ਇਕ ਹੋਰ ਅਰਜ਼ੀ ਭੇਜ ਕੇ ਸਕੂਲ ਤੋਂ ਰਿਕਾਰਡ ਹਾਸਲ ਕੀਤਾ। ਸਕੂਲ ਵਿੱਚੋਂ ਅਧਿਆਪਕਾਂ ਦੇ ਲਏ ਗਏ ਰਿਕਾਰਡ ਦੀ ਪੜਤਾਲ ਕਰਨ ਲਈ ਉਹ ਜ਼ਿਲ੍ਹਾ ਸਮਾਜ ਭਲਾਈ ਅਫ਼ਸਰ, ਪਟਿਆਲਾ ਨੂੰ ਆਪਣੇ ਨਾਲ ਸਕੂਲ ਲੈ ਕੇ ਗਿਆ ਅਤੇ ਪ੍ਰਿੰਸੀਪਲ ਤੋਂ ਦੋ ਪੰਨਿਆਂ ਦੇ ਪ੍ਰੋਫਾਰਮੇ ’ਤੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਪ੍ਰਿੰਸੀਪਲ ਨੇ ਫਾਰਮ ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਏ.ਆਈ.ਜੀ.ਸਿੱਧੂ ਨੇ ਉਕਤ ਬਲਬੀਰ ਸਿੰਘ ਰਾਹੀਂ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਖੇਤੀਬਾੜੀ ਵਿਭਾਗ ਦੇ ਇੱਕ ਬਲਾਕ ਖੇਤੀਬਾੜੀ ਅਫ਼ਸਰ ਦਾ ਨਿੱਜੀ ਰਿਕਾਰਡ ਹਾਸਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਖਣ ਲਈ ਸਬੰਧਤ ਅਧਿਕਾਰੀ ਖ਼ਿਲਾਫ਼ ਉਸ ਦੇ ਵਿਭਾਗ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ। ਇਸ ਸ਼ਿਕਾਇਤ ਨੂੰ ਵਾਪਸ ਲੈਣ ਦੇ ਇਵਜ਼ ਵਿੱਚ ਉਨ੍ਹਾਂ ਉਸ ਅਧਿਕਾਰੀ ਤੋਂ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਸੀ, ਜਿਸ ਵਿੱਚੋਂ ਡੇਢ ਲੱਖ ਰੁਪਏ ਬਲਬੀਰ ਸਿੰਘ ਅਤੇ ਮਲਵਿੰਦਰ ਸਿੰਘ ਸਿੱਧੂ ਨੇ ਗੈਰਕਾਨੂੰਨੀ ਤਰੀਕੇ ਨਾਲ ਵਸੂਲ ਵੀ ਲਏ ਸਨ। ਉਨ੍ਹਾਂ ਕਿਹਾ ਕਿ ਇਸ ਕੇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

dailytweetnews.com

Leave a Reply

Your email address will not be published. Required fields are marked *