ਰਾਜ ਪੱਧਰੀ ਰੋਇੰਗ ਚੈਂਪੀਅਨਸ਼ਿਪ ਵਿੱਚ ਬਬਨਦੀਪ ਸਿੰਘ ਅਤੇ ਗਗਨਦੀਪ ਸਿੰਘ ਨੇ ਜਿੱਤੇ ਦੋ ਸੋਨ ਤਗ਼ਮੇ

Babandeep Singh and Gagandeep Singh won two gold medals in the state-level rowing championship.
ਰੂਪਨਗਰ, 23 ਨਵੰਬਰ: ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਕਰਵਾਈ ਗਈ ਰਾਜ ਪੱਧਰੀ ਰੋਇੰਗ ਚੈਂਪੀਅਨਸ਼ਿਪ ਵਿੱਚ ਰੂਪਨਗਰ ਜ਼ਿਲ੍ਹੇ ਦੇ ਖਿਡਾਰੀ ਬਬਨਦੀਪ ਸਿੰਘ ਅਤੇ ਉਸ ਦੇ ਸਾਥੀ ਖਿਡਾਰੀ ਗਗਨਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਗ਼ਮੇ ਆਪਣੇ ਨਾਮ ਕੀਤੇ। 1000 ਮੀਟਰ ਪੇਅਰ ਅਤੇ 1000 ਮੀਟਰ ਫੋਰ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਖਿਡਾਰੀਆਂ ਨੇ ਆਪਣੀ ਮਿਹਨਤ, ਖੇਡ ਪ੍ਰਤਿਭਾ ਅਤੇ ਆਪਸੀ ਤਾਲਮੇਲ ਦਾ ਸ਼ਾਨਦਾਰ ਸਬੂਤ ਦਿੱਤਾ।
 
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਰੂਪਨਗਰ ਦੇ ਪਿੰਡ ਖੁਆਸਪੁਰਾ ਦਾ ਰਹਿਣ ਵਾਲਾ ਬਬਨਦੀਪ ਸਿੰਘ ਤੇ ਰੂਪਨਗਰ ਦਾ ਰਹਿਣ ਵਾਲਾ ਗਗਨਦੀਪ ਸਿੰਘ ਰੋਇੰਗ ਕੋਚਿੰਗ ਸੈਂਟਰ ਕਟਲੀ ਵਿਖੇ ਕੋਚ ਉਕਰਦੀਪ ਕੌਰ ਦੀ ਰਹਿਨੁਮਾਈ ਹੇਠ ਨਿਯਮਤ ਤੌਰ ‘ਤੇ ਅਭਿਆਸ ਕਰਦੇ ਹਨ। ਦੋਵੇਂ ਸਾਥੀ ਖਿਡਾਰੀਆਂ ਨੇ ਮਿਲ ਕੇ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤ ਕੇ ਆਪਣੀ ਖੇਡ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।
 
1000 ਮੀਟਰ ਪੇਅਰ ਮੁਕਾਬਲੇ ਵਿੱਚ ਬਬਨਦੀਪ ਸਿੰਘ ਅਤੇ ਗਗਨਦੀਪ ਸਿੰਘ ਦੀ ਜੋੜੀ ਨੇ ਸ਼ਾਨਦਾਰ ਤਾਲਮੇਲ, ਇਕਾਗਰਤਾ ਅਤੇ ਦਮਖਮ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ। ਇਸੇ ਤਰ੍ਹਾਂ 1000 ਮੀਟਰ ਫੋਰ ਮੁਕਾਬਲੇ ਵਿੱਚ ਬਬਨਦੀਪ ਸਿੰਘ, ਗਗਨਦੀਪ ਸਿੰਘ, ਚੇਤਨਿਆ ਅਤੇ ਹਰਮਨਦੀਪ ਸਿੰਘ ਦੀ ਟੀਮ ਨੇ ਬਿਹਤਰੀਨ ਖੇਡ ਦਾ ਮੁਜ਼ਾਹਰਾ ਕਰਦਿਆਂ ਦੂਜਾ ਸੋਨ ਤਗ਼ਮਾ ਆਪਣੇ ਨਾਮ ਕੀਤਾ।
 
ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਵਿੱਚ ਫ਼ਿਰੋਜ਼ਪੁਰ, ਮੋਗਾ, ਬਠਿੰਡਾ ਅਤੇ ਲੁਧਿਆਣਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਭਾਗ ਲਿਆ। ਸਖ਼ਤ ਮੁਕਾਬਲੇ ਦੇ ਬਾਵਜੂਦ ਦੋਵੇਂ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤਣਾ ਖਿਡਾਰੀਆਂ ਦੀ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਬਿਹਤਰ ਤਾਲਮੇਲ ਨੂੰ ਦਰਸਾਉਂਦਾ ਹੈ।
 
ਇਸ ਪ੍ਰਾਪਤੀ ਵਿੱਚ ਖਿਡਾਰੀਆਂ ਦੇ ਨਿਰੰਤਰ ਅਭਿਆਸ ਦੇ ਨਾਲ-ਨਾਲ ਕੋਚ ਉਕਰਦੀਪ ਕੌਰ ਦੀ ਰਹਿਨੁਮਾਈ ਅਤੇ ਸਿਖਲਾਈ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਰੋਇੰਗ ਕੋਚਿੰਗ ਸੈਂਟਰ ਕਟਲੀ ਵਿਖੇ ਕੀਤੀ ਜਾ ਰਹੀ ਸਿਖਲਾਈ ਸਦਕਾ ਖਿਡਾਰੀ ਰਾਜ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ।
 
ਦੋ ਸੋਨ ਤਗ਼ਮਿਆਂ ਦੀ ਇਹ ਪ੍ਰਾਪਤੀ ਨਾ ਸਿਰਫ਼ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਾਣ ਵਾਲੀ ਗੱਲ ਹੈ, ਸਗੋਂ ਰੂਪਨਗਰ ਜ਼ਿਲ੍ਹੇ ਦੀ ਖੇਡ ਜਗਤ ਵਿੱਚ ਵੀ ਇੱਕ ਸ਼ਾਨਦਾਰ ਪ੍ਰਾਪਤੀ ਵਜੋਂ ਦਰਜ ਹੋਈ ਹੈ। 
ਹੋਰ ਖ਼ਬਰਾਂ :-  ਅਜੀਤ ਪਵਾਰ ਦੀ ਪਤਨੀ ਮਹਾਰਾਸ਼ਟਰ ਦੀ ਉਪ ਮੁੱਖ ਮੰਤਰੀ ਹੋਵੇਗੀ, NCP ਨੇ ਵਿਧਾਇਕ ਦਲ ਦੀ ਆਗੂ ਚੁਣੀ

Leave a Reply

Your email address will not be published. Required fields are marked *