ਮਾਨਸਾ/ ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸਿੱਖ ਪੰਥ ਲਈ ਅਹਿਮ ਸੇਵਾਵਾਂ ਨਿਭਾਉਣ ਅਤੇ ਕੁਰਬਾਨੀਆਂ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਤਿਕਾਰ ਭੇਟ ਕਰਨ ਦੀ ਲੜੀ ਤਹਿਤ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਜੀ (Sri Darbar Sahib Ji) ਸਮੂਹ ਵਿੱਚ ਸਥਿਤ ਇਤਿਹਾਸਕ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਭਾਈ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਸੁਸ਼ੋਭਿਤ ਕੀਤੀ ਜਾਵੇਗੀ।
ਪੰਥਕ ਸੇਵਾਵਾਂ ਨੂੰ ਕੀਤਾ ਜਾਵੇਗਾ ਯਾਦ
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਥ ਅਤੇ ਕੌਮ ਲਈ ਅਜਿਹੇ ਅਨਮੋਲ ਯੋਗਦਾਨ ਪਾਉਣ ਵਾਲੇ ਯੋਧਿਆਂ ਅਤੇ ਸਖ਼ਸੀਅਤਾਂ ਦਾ ਇਤਿਹਾਸ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਜਾਣੂ ਕਰਵਾਉਣਾ ਸਾਡਾ ਮੁਢਲਾ ਫ਼ਰਜ਼ ਹੈ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਸਵੀਰ ਲੱਗਣ ਨਾਲ ਸੰਗਤਾਂ ਉਨ੍ਹਾਂ ਦੇ ਜੀਵਨ ਸੰਘਰਸ਼ ਅਤੇ ਸੇਵਾਵਾਂ ਤੋਂ ਪ੍ਰੇਰਨਾ ਲੈ ਸਕਣਗੀਆਂ।