ਬਰਨਾਲਾ, 10 ਸਤੰਬਰ – ਸਿਹਤ ਵਿਭਾਗ ਬਰਨਾਲਾ ਵੱਲੋਂ ਐਨ.ਪੀ.ਸੀ.ਬੀ. ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਵੱਲੋਂ ਮਿਲੇ ਟੀਚੇ ਤੋਂ ਵੱਧ 121 ਪ੍ਰਤੀਸ਼ਤ ਮੋਤੀਆਬਿੰਦ ਦੇ ਆਪ੍ਰੇਸ਼ਨ ਸਫ਼ਲਤਾਪੂਰਵਕ ਕੀਤੇ ਗਏ ਹਨ। ਇਸ ਉਪਲਬਧੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਵੱਲੋਂ ਅੱਖਾਂ ਦੇ ਮਾਹਿਰ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਅਤੇ ਸਹਿਯੋਗੀ ਸਟਾਫ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਜ਼ਿਲ੍ਹਾ ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ‘ਨੈਸ਼ਨਲ ਪ੍ਰੋਗਰਾਮ ਕੰਟਰੋਲ ਆਫ਼ ਬਲਾਇੰਡਨੈੱਸ’ ਅਧੀਨ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ, ਸਟਾਫ਼ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਾਲ 2025-26 ਦੌਰਾਨ 66 ਵਿਸ਼ੇਸ਼ ਜਾਂਚ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਵਿੱਚ 50 ਸਾਲ ਤੋਂ ਵੱਧ ਉਮਰ ਦੇ 11,806 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ 6,263 ਲੋਕਾਂ ਦੀਆਂ ਕੈਟਾਰੈਕਟ ਸਰਜਰੀਆਂ ਕੀਤੀਆਂ ਗਈਆਂ।
ਲੋਕਾਂ ਨੂੰ ਮੋਤੀਆਬਿੰਦ ਦੀ ਜਾਂਚ ਲਈ ਜਾਗਰੂਕ ਕਰਨ ਅਤੇ ਵਧੀਆ ਸੇਵਾਵਾਂ ਨਿਭਾਉਣ ਲਈ ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਇੰਦੂ ਬਾਂਸਲ, ਡਾ. ਅਮੋਲਦੀਪ ਕੌਰ, ਡਾ. ਦੀਪਤੀ ਗੁਪਤਾ (ਸਿਵਲ ਹਸਪਤਾਲ ਬਰਨਾਲਾ) ਅਤੇ ਡਾ. ਗੁਰਸਿਮਰਨਜੀਤ ਸਿੰਘ (ਸਬ-ਡਵੀਜ਼ਨਲ ਹਸਪਤਾਲ ਤਪਾ) ਅਤੇ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਾਈਵੇਟ ਡਾਕਟਰ: ਡਾ. ਰੁਪੇਸ਼ ਸਿੰਗਲਾ (ਪ੍ਰੇਮ ਅੱਖਾਂ ਦਾ ਹਸਪਤਾਲ), ਡਾ. ਗੁਰਪਾਲ ਸਿੰਘ (ਪੰਜਾਬ ਅੱਖਾਂ ਦਾ ਹਸਪਤਾਲ) ਅਤੇ ਡਾ. ਤਰਲੋਕੀ ਨਾਥ (ਤਰਲੋਕੀ ਅਡਵਾਂਸ ਆਈ ਹਸਪਤਾਲ) ਦਾ ਵੀ ਸਨਮਾਨ ਕੀਤਾ ਗਿਆ।
ਇਸ ਤੋਂ ਇਲਾਵਾ ਓਪਥਾਲਮਿਕ ਅਫ਼ਸਰ ਰੁਪਿੰਦਰ ਸਿੰਘ ਤੇ ਗੁਰਮੀਤ ਸਿੰਘ, ਮੈਡਮ ਅਰਾਧਨਾ ਸਹਿਗਲ (ਸਹਾਇਕ ਐਨ.ਪੀ.ਸੀ.ਬੀ.), ਦਫ਼ਤਰ ਸਿਵਲ ਸਰਜਨ ਬਰਨਾਲਾ ਦੇ ਅਧਿਕਾਰੀ/ਕਰਮਚਾਰੀ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰਸ ਦਾ ਵੀ ਸਨਮਾਨ ਕੀਤਾ ਗਿਆ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ, ਡਿਪਟੀ ਮਾਸ ਮੀਡੀਆ ਅਫ਼ਸਰ ਬਲਰਾਜ ਸਿੰਘ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਪੰਜਾਬ ਨੂੰ ਮੋਤੀਆ ਮੁਕਤ ਬਣਾਉਣਾ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਆਪਣੀਆਂ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣ। ਸਿਵਲ ਹਸਪਤਾਲ ਬਰਨਾਲਾ ਦੇ ਮਾਹਿਰ ਡਾਕਟਰਾਂ ਵੱਲੋਂ ਮੋਤੀਆ ਦੀ ਜਾਂਚ ਅਤੇ ਆਪ੍ਰੇਸ਼ਨ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।