ਹੀਰੋ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਟਰਾਫ਼ੀ ਟੂਰ ਦਾ ਤਰਨ ਤਾਰਨ ਵਿਖੇ ਭਰਵਾਂ ਸਵਾਗਤ

Hero Hockey Asian Champions Trophy-2026 Trophy Tour Receives Warm Welcome in Tarn Taran

ਤਰਨ ਤਾਰਨ, 22 ਅਕਤੂਬਰ :   ਪੰਜਾਬ ਦੀ ਧਰਤੀ ਉੱਤੇ ਪਹਿਲੀ ਵਾਰ ਖੇਡੇ ਜਾਣ ਵਾਲੇ ਵਿਸ਼ਵ ਪੱਧਰੀ ਹਾਕੀ ਟੂਰਨਾਮੈਂਟ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026’ ਦੇ ਟਰਾਫ਼ੀ ਟੂਰ ਦਾ ਅੱਜ ਤਰਨ ਤਾਰਨ ਜ਼ਿਲ੍ਹੇ ਵਿੱਚ ਪੁੱਜਣ ‘ਤੇ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਾਕੀ ਖਿਡਾਰਨ ਰੀਨੂ ਅਨੰਤ ਅਤੇ ਐਥਲੀਟ ਨਰਿੰਦਰ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਹਾਕੀ ਦਾ ਪ੍ਰਦਰਸ਼ਨੀ ਮੈਚ ਵੀ ਕਰਵਾਇਆ ਗਿਆ।

ਜ਼ਿਲ੍ਹਾ ਖੇਡ ਅਫਸਰ ਸਤਵੰਤ ਕੌਰ ਨੇ ਇਸ ਮੌਕੇ ਕਿਹਾ ਕਿ ਇਸ ਟਰਾਫ਼ੀ ਟੂਰ ਦਾ ਉਦੇਸ਼ ਪੰਜਾਬ ਵਿੱਚ ਹੋਣ ਜਾ ਰਹੇ ਵੱਕਾਰੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਪ੍ਰਤੀ ਖੇਡ ਪ੍ਰੇਮੀਆਂ ਵਿੱਚ ਉਤਸ਼ਾਹ ਪੈਦਾ ਕਰਨਾ ਅਤੇ ਨੌਜਵਾਨਾਂ ਨੂੰ ਹਾਕੀ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਦਾ ਇਹ ਟੂਰ 26 ਅਕਤੂਬਰ ਨੂੰ ਜਲੰਧਰ ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਪੰਜਾਬ ਵਿੱਚ ਕਰਵਾਉਣ ਲਈ ਕੀਤੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੂਬੇ ਦੇ ਹਾਕੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੌਮਾਂਤਰੀ ਮੁਕਾਬਲੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨਗੇ।

ਉਨ੍ਹਾਂ ਕਿਹਾ ਕਿ 27 ਅਕਤੂਬਰ ਤੋਂ 5 ਨਵੰਬਰ, 2026 ਤੱਕ ਹੋਣ ਵਾਲੇ ਇਸ ਵੱਕਾਰੀ ਟੂਰਨਾਮੈਂਟ ਦੇ ਮੁਕਾਬਲੇ ਜਲੰਧਰ ਅਤੇ ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਕਰਵਾਏ ਜਾਣਗੇ। ਜਲੰਧਰ ਵਿਖੇ 27 ਅਕਤੂਬਰ ਤੋਂ 2 ਨਵੰਬਰ ਤੱਕ ਛੇ ਦੇਸ਼ਾਂ ਦੀਆਂ ਟੀਮਾਂ ਦੇ ਲੀਗ ਮੁਕਾਬਲੇ ਹੋਣਗੇ, ਜਦਕਿ ਮੁਹਾਲੀ ਵਿਖੇ 4 ਨਵੰਬਰ ਨੂੰ ਦੋਵੇਂ ਸੈਮੀਫਾਈਨਲ ਅਤੇ 5 ਨਵੰਬਰ ਨੂੰ ਤੀਜੇ ਸਥਾਨ ਲਈ ਮੁਕਾਬਲਾ ਅਤੇ ਫਾਈਨਲ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਰਤ, ਬੰਗਲਾ ਦੇਸ਼, ਜਾਪਾਨ, ਚੀਨ, ਦੱਖਣੀ ਕੋਰੀਆ ਅਤੇ ਮਲੇਸ਼ੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਹੋਰ ਖ਼ਬਰਾਂ :-  ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸੜਕਾਂ ਕਿਨਾਰੇ ਤੇ ਫੁਟਪਾਥਾਂ ਤੋਂ ਨਜਾਇਜ਼ ਕਬਜੇ ਹਟਾਉਣ ਲਈ ਹੁਕਮ ਜਾਰੀ

ਹਾਕੀ ਖਿਡਾਰਨ ਰੀਨੂ ਅਨੰਤ ਨੇ ਇਸ ਮੌਕੇ ਕਿਹਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ਨੂੰ ਅਜਿਹੇ ਵੱਕਾਰੀ ਹਾਕੀ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਇਹ ਖ਼ਿਤਾਬ ਚਾਰ ਵਾਰ ਆਪਣੇ ਨਾਂ ਕੀਤਾ ਹੈ ਅਤੇ ਇਕ ਵਾਰ ਸਾਂਝੇ ਤੌਰ ’ਤੇ ਜਿੱਤਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਵਾਰ ਵੀ ਮੁਕਾਬਲੇ ਬੇਹੱਦ ਰੋਮਾਂਚਕ ਹੋਣਗੇ ਅਤੇ ਭਾਰਤੀ ਟੀਮ ਮੁੜ ਇਤਿਹਾਸ ਸਿਰਜੇਗੀ।

ਐਥਲੀਟ ਨਰਿੰਦਰ ਕੌਰ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿੱਚ ਦੁਨੀਆ ਦੀਆਂ ਨਾਮਵਰ ਹਾਕੀ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਦਾ ਸਫ਼ਲ ਆਯੋਜਨ ਪੰਜਾਬ ਵਿੱਚ ਭਵਿੱਖ ਵਿੱਚ ਹੋਰ ਵੱਡੇ ਕੌਮਾਂਤਰੀ ਹਾਕੀ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਨਵੇਂ ਰਾਹ ਖੋਲ੍ਹੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਖਿਡਾਰੀਆਂ ਨੂੰ ਖੇਡ ਵਿਭਾਗ ਵੱਲੋਂ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਤੋਂ ਬਾਅਦ ਟਰਾਫੀ ਟੂਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਲਈ ਰਵਾਨਾ ਕਰ ਦਿੱਤਾ ਗਿਆ।

ਇਸ ਮੌਕੇ ਖੇਡ ਵਿਭਾਗ ਦੇ ਅਧਿਕਾਰੀ ਬਲਜੀਤ ਸਿੰਘ, ਪ੍ਰਮੋਦ ਕੁਮਾਰ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ , ਰਾਜਦੀਪ ਸਿੰਘ, ਰਾਜਬੀਰ ਸਿੰਘ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਮਾਨਵ ਵੀਰ ਸਿੰਘ, ਅਮਨਦੀਪ ਕੌਰ, ਕੁਲਵਿੰਦਰ ਕੌਰ, ਜੋਤਿਕਾ ਕਲਸੀ, ਕਮਲਪ੍ਰੀਤ ਕੌਰ, ਮਨਜਿੰਦਰ ਸਿੰਘ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। 

Leave a Reply

Your email address will not be published. Required fields are marked *