ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਦਂਰ, ਬਠਿੰਡਾ ਵਿਖੇ ਸਾਉਣੀ ਦੀਆਂ ਫ਼ਸਲਾਂ ਦੇ ਮੱਦੇਨਜ਼ਰ ਕਿਸਾਨ ਮੇਲਾ ਆਯੋਜਿਤ

KISAN MELA AT REGIONAL RESEARCH STATION BATHINDA

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਦਂਰ, ਬਠਿੰਡਾ ਵਿਖੇ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ। ਖੇਤੀ ਨਾਲ ਸਹਾਇਕ ਧੰਦਾ, ਪਰਿਵਾਰ ਸੁਖੀ ਮੁਨਾਫ਼ੇ ਦੇ ਉਦੇਸ਼ ਨਾਲ ਲਗਾਏ ਇਸ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਦਿਆਂ ਵਾਈਸ ਚਾਂਸਲਰ ਪੀ.ਏ.ਯੂ. ਡਾ ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਮੇਲਾ ਅਗੇਤਾ ਲਗਾਉਣ ਦੇ ਬਾਵਜੂਦ ਕਿਸਾਨਾਂ ਦਾ ਭਾਰੀ ਇਕੱਠ ਇਸ ਗੱਲ ਦਾ ਸੰਕੇਤ ਹੈ ਕਿ ਯੂਨੀਵਰਸਿਟੀ ਵਲੋਂ ਕੀਤੀਆਂ ਖੋਜਾਂ ਪ੍ਰਤੀ ਕਿਸਾਨਾਂ ਦਾ ਅਥਾਹ ਵਿਸ਼ਵਾਸ ਹੈ।

ਨਰਮਾ ਪੱਟੀ ਵਜੋਂ ਜਾਣੇ ਜਾਂਦੇ ਇਸ ਖੇਤਰ ਵਿੱਚ ਨਰਮੇ ਦੀ ਕਾਸ਼ਤ ਅਧੀਨ ਘੱਟ ਰਹੇ ਰਕਬੇ ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਦੱਸਿਆ ਕਿ ਨਰਮੇ ਦੀ ਕਾਸ਼ਤ ਸੱਤ ਲੱਖ ਹੈਕਟੇਅਰ ਵਿੱਚ ਕੀਤੀ ਜਾਂਦੀ ਸੀ ਲੇਕਨ ਹੁਣ ਇਹ ਰਕਬਾ ਸਿਰਫ਼ ਢਾਈ ਲੱਖ ਹੈਕਟੇਅਰ ਰਹਿ ਗਿਆ ਹੈ। ਝੋਨੇ ਦੀਆਂ ਪੀ.ਆਰ-126 ਅਤੇ ਪੀ.ਆਰ-131 ਕਿਸਮਾਂ ਦੀ ਸਿਫ਼ਾਰਿਸ਼ ਕਰਦਿਆਂ ਉਨ੍ਹਾਂ ਨੇ 33 ਪ੍ਰਤੀਸ਼ਤ ਪੌਸਟਿਕ ਤੱਤ ਪਰਾਲੀ ਵਿੱਚ ਹੀ ਹੋਣ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਰੱਖਣ ਦੀ ਤਾਕੀਦ ਕੀਤੀ।

ਘਰੇਲੂ ਲੋੜਾਂ ਵਾਸਤੇ ਸਬਜ਼ੀਆਂ ਅਤੇ ਫ਼ਲਾਂ ਲਈ ਪੌਸ਼ਟਿਕ ਬਗੀਚੀ ਲਾਉਣ ਦਾ ਸੁਝਾਅ ਦਿੰਦਿਆਂ ਡਾ ਗੋਸਲ ਨੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਸਬਜ਼ੀਆਂ, ਚਾਰੇ, ਤੇਲ ਬੀਜ ਅਤੇ ਦਾਲਾਂ ਦੇ ਬੀਜਾਂ ਦੀਆਂ ਕਿੱਟਾਂ ਖਰੀਦਣ ਦੀ ਸਿਫ਼ਾਰਿਸ਼ ਕੀਤੀ। ਕਣਕ ਨੂੰ ਗੁੱਲੀ ਡੰਡੇ ਵਰਗੇ ਨਦੀਨਾਂ ਤੋਂ ਬਚਾਉਣ ਅਤੇ ਜਲ ਸੋਮਿਆਂ ਦੀ ਬੱਚਤ ਕਰਨ ਲਈ ਉਨ੍ਹਾਂ ਨੇ ਸਰਫ਼ੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਲਈ ਕਿਹਾ।

ਯੂਨੀਵਰਸਿਟੀ ਦੇ ਹਫ਼ਤਾਵਾਰ ਡਿਜੀਟਲ ਅਖ਼ਬਾਰ ਖੇਤੀ ਸੰਦੇਸ਼, ਪੀ.ਏ.ਯੂ. ਯੂ-ਟਿਊਬ ਚੈਨਲ, ਇੰਸਟਾਗ੍ਰਾਮ ਅਤੇ ਪੀ.ਏ.ਯੂ. ਫੇਸ ਬੁੱਕ ਬਾਰੇ ਜਾਣਕਾਰੀ ਦਿੰਦਿਆਂ ਡਾ ਗੋਸਲ ਨੇ ਕਿਸਾਨਾਂ ਨੂੰ ਪੀ.ਏ.ਯੂ. ਦੇ ਵੱਟਸਅੱਪ ਗਰੁੱਪਾਂ ਅਤੇ ਵੈਬਸਾਈਟ www.pau.edu ਨਾਲ ਜੁੜਨ ਦੀ ਅਪੀਲ ਕੀਤੀ।

ਇਸ ਮੌਕੇ ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਯੂਨੀਵਰਸਿਟੀ ਡਾ ਅਜਮੇਰ ਸਿੰਘ ਢੱਟ, ਵੱਲੋਂ ਵਿਕਸਤ ਕੀਤੀਆਂ ਗਈਆਂ ਫ਼ਸਲ ਉਤਪਾਦਨ, ਪੌਦ ਸੁਰੱਖਿਆ ਅਤੇ ਉਤਪਾਦਨ ਤਕਨੀਕਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਵੱਖੋਂ-ਵੱਖ ਫ਼ਸਲਾਂ ਦੀਆਂ 950 ਤੋਂ ਵੱਧ ਕਿਸਮਾਂ ਵਿਕਸਤ ਅਤੇ ਹਜ਼ਾਰਾਂ ਤਕਨੀਕਾਂ ਸਿਫ਼ਾਰਿਸ਼ ਕੀਤੀਆਂ ਜਾ ਚੁੱਕੀਆਂ ਹਨ। ਪਾਣੀ ਨੂੰ ਖੇਤੀ ਅਤੇ ਸਮੁੱਚੀ ਵਨਸਪਤੀ ਲਈ ਮਹੱਤਵਪੂਰਨ ਦੱਸਦਿਆਂ ਉਨ੍ਹਾਂ ਨੇ ਇਸ ਦੀ ਸੰਜਮ ਨਾਲ ਵਰਤੋਂ ਕਰਨ, ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨ, ਅਗੇਤਾ ਝੋਨਾ ਨਾ ਬੀਜਣ ਅਤੇ ਪਰਾਲੀ ਨੂੰ ਖੇਤਾਂ ਵਿੱਚ ਹੀ ਰੱਖਣ ਦੀ ਸਿਫ਼ਾਰਸ਼ ਕੀਤੀ। ਡਾ ਢੱਟ ਨੇ ਖੇਤੀ ਮਾਹਿਰਾਂ ਵੱਲੋਂ ਵਿਕਸ਼ਤ ਕੀਤੀ ਗਈ ਬਾਸਮਤੀ ਦੀ ਨਵੀ ਕਿਸਮ ਪੂਸਾ ਬਾਸਮਤੀ 1847, ਚਾਰਾ ਮੱਕੀ (ਜੇ-1008), ਮੌਟੇ ਅਨਾਜਾਂ ਦੀ ਕਿਸਮ ਪੀ.ਸੀ.ਬੀ 167 ਅਤੇ ਪੰਜਾਬ ਚੀਨਾ 1 ਤੋਂ ਇਲਾਵਾ ਬੈਗਣਾਂ ਦੀ ਹਾਈਬ੍ਰਿਡ, ਤਰਬੂਜ ਦੀ ਨਵੀਂ ਕਿਸਮ (ਪੰਜਾਬ ਮਿਠਾਸ) ਖਰਬੂਜੇ ਵਿੱਚ ਬੌਬੀ ਵੰਨਗੀ (ਪੰਜਾਬੀ ਅੰਮ੍ਰਿਤ) ਤੋਂ ਇਲਾਵਾ ਜਾਮਣਾਂ ਦੀਆਂ ਨਵੀਆਂ ਕਿਸਮਾਂ ਕੋਕਨ ਅਤੇ ਗੋਮਾ ਦਾ ਜਿ਼ਕਰ ਵੀ ਕੀਤਾ।

ਹੋਰ ਖ਼ਬਰਾਂ :-  ਮੁੱਖ ਮੰਤਰੀ ਵੱਲੋਂ ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਐਨ.ਓ.ਸੀ. ਦੀ ਸ਼ਰਤ ਖਤਮ ਕਰਨ ਦਾ ਐਲਾਨ

ਡਾ ਢੱਟ ਨੇ ਫੁੱਲਾਂ ਤੋਂ ਗੁਲਾਲ ਬਨਾਉਣ, ਸੋਇਆਬੀਨ ਤੋਂ ਸੁੱਕਾ ਦੁੱਧ ਅਤੇ ਮੋਟੇ ਅਨਾਜ਼ਾਂ ਤੋਂ ਵੱਖ-ਵੱਖ ਕਿਸਮ ਦੇ ਪਦਾਰਥ ਤਿਆਰ ਕਰਨ ਦੀਆਂ ਪ੍ਰੋਸੈਸਿੰਗ ਤਕਨੀਕਾਂ ਦੇ ਨਾਲ-ਨਾਲ ਉਤਪਾਦਨ ਦੀਆਂ 6 ਤਕਨੀਕਾਂ ਅਤੇ ਡਰੋਨ ਚਲਾਉਣ ਦੀ ਤਕਨੀਕ ਵੀ ਸਾਂਝੀ ਕੀਤੀ।

ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਡਾ ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਮੇਲੇ ਵਿੰਚ ਸਿ਼ਰਕਤ ਕਰ ਰਹੇ ਪਤਵੰਤਿਆਂ, ਵਿਗਿਆਨੀਆਂ ਅਤੇ ਕਿਸਾਨਾਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ 14-15 ਮਾਰਚ ਨੂੰ ਪੀ.ਏ.ਯੂ. ਕੈਂਪਸ ਲੁਧਿਆਣਾ ਵਿਖੇ ਲੱਗਣ ਵਾਲੇ ਕਿਸਾਨ ਮੇਲੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਯੂਨੀਵਰਸਿਟੀ ਵੱਲੋਂ ਪ੍ਰਕਾਸਿਤ ਕੀਤੇ ਜਾਂਦੇ ਖੇਤੀ ਸਹਿਤ ਨਸ਼ੂੰ ਪੜ੍ਹ ਕੇ ਵਿਗਿਆਨਿਕ ਲੀਹਾਂ ਤੇ ਖੇਤੀ ਕਰਨ ਦੀ ਪ੍ਰੇਰਨਾ ਕਰਦਿਆਂ ਡਾ ਭੁੱਲਰ ਨੇ ਮਹੀਨਾਵਾਰ ਖੇਤੀ ਰਸਾਲੇ, ਚੰਗੀ ਖੇਤੀ ਅਤੇ ਪ੍ਰੋਗ੍ਰੈਸਿਵ ਫਾਰਮਿੰਗੋ ਦੇ ਵੱਧ ਤੋਂ ਵੱਧ ਮੈਬਂਰ ਬਣਨ ਦੇ ਨਾਲ-ਨਾਲ ਖੇਤੀਬਾੜੀ ਦੀਆਂ ਮੁੱਖ ਸਮੱਸਿਆਵਾਂ ਕਿਤਾਬ ਪੜ੍ਹਨ ਦੀ ਤਾਕੀਦ ਕੀਤੀ। ਰਿਵਾਇਤੀ ਖੇਤੀ ਦੇ ਨਾਲ ਸਹਾਇਕ ਧੰਦਿਆਂ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਪੰਜਾਬ ਭਰ ਵਿੱਚ ਪੀ.ਏ.ਯੂ. ਦੇ 18 ਕ੍ਰਿਸ਼ੀ ਵਿਗਿਆਨ ਕੇਦਂਰਾਂ ਵੱਲੋ ਪ੍ਰਦਾਨ ਕੀਤੀਆਂ ਜਾਦੀਆਂ ਸਿਖਿਲਾਈਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਖੇਤੀ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ ਖੇਤੀ ਮਾਹਿਰਾਂ ਨਾਲ ਜੁੜਨ ਲਈ ਕਿਹਾ।

ਮੁੱਖ ਖੇਤੀਬਾੜੀ ਅਫ਼ਸਰ ਡਾ ਕਰਮਜੀਤ ਸਿੰਘ ਗਿੱਲ ਨੇ ਪੰਜਾਬ ਸਰਕਾਰ ਦੀਆਂ ਖੇਤੀ ਸਬੰਧਿਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਖੇਤਰੀ ਖੋਜ ਕੇਦਂਰ, ਬਠਿੰਡਾ ਵੱਲੋਂ ਡਾ ਸਤਿਬੀਰ ਸਿੰਘ ਗੋਸਲ ਦਾ ਵਿਸ਼ੇਸ਼ ਸਨਮਾਨ ਕਰਨ ਤੋਂ ਇਲਾਵਾ ਖੋਜ ਕੇਦਂਰ ਦੇ ਵਿਗਿਆਨੀ ਡਾ ਵੀ.ਪੀ.ਮਿੱਤਲ, ਡਾ ਜਤਿੰਦਰ ਸਿੰਘ ਬਰਾੜ ਅਤੇ ਡਾ ਜਗਦੀਸ਼ ਗਰੋਵਰ ਨੂੰ ਵੀ ਸਨਮਾਨਿਤ ਕੀਤਾ ਗਿਆ। ਰਿਵਾਇਤੀ ਖੇਤੀ ਤੋਂ ਹੱਟ ਕੇ ਬਾਗਬਾਨੀ ਵਿੱਚ ਉਘਾ ਯੋਗਦਾਨ ਪਾਉਣ ਵਜੋਂ ਸ਼੍ਰ: ਬਲਕਾਰ ਸਿੰਘ ਸਪੁੱਤਰ ਸ੍ਰ: ਅਰਜਨ ਸਿੰਘ ਵਾਸੀ ਕਪੂਰਥਲਾ ਨੂੰ ਜਥੇਦਾਰ ਗੁਰਦਿੱਤਾ ਵਿੱਚ ਮਾਹਲ ਯਾਦਗਾਰੀ ਪੁਰਸ਼ਕਾਰ ਨਾਲ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਅਧਿਕਾਰੀਆਂ ਵੱਲੋ ਪੰਜਾਬ ਦੀਆਂ ਫ਼ਸਲਾਂ ਦੀਆਂ ਸਿਫ਼ਾਰਿਸ਼ਾਂ: ਸਾਉਣੀ 2024 ਨੂੰ ਰਲੀਜ਼ ਕੀਤਾ ਗਿਆ। ਇਸ ਮੌਕੇ ਸ਼੍ਰ: ਹਰਨੇਕ ਸਿੰਘ ਪਿੰਡ ਤਰਖਾਣਵਾਲਾ ਨੇ ਯੂਨੀਵਰਸਿਟੀ ਇੰਡੋਵਮੈਟਂ ਫੰਡ ਲਈ 6,000 ਰੁਪਏ ਦਿੱਤੇ।

ਮੰਚ ਦਾ ਸੰਚਾਲਣ ਡਾ ਗੁਰਜਿੰਦਰ ਸਿੰਘ ਰੋਮਾਣਾ, ਪ੍ਰਮੁੱਖ ਵਿਗਿਆਨੀ ਨੇ ਕੀਤਾ ਅਤੇ ਧੰਨਵਾਦ ਦੇ ਸ਼ਬਦ ਡਾ ਕਰਜੀਤ ਸਿੰਘ ਸੇਖੋ, ਨਿਰਦੇਸ਼ਕ, ਖੇਤਰੀ ਖੋਜ ਕੇਦਂਰ, ਬਠਿੰਡਾ ਨੇ ਕਹੇ।

dailytweetnews.com

Leave a Reply

Your email address will not be published. Required fields are marked *