“ਏਕ ਭਾਰਤ, ਸ਼੍ਰੇਸ਼ਟ ਭਾਰਤ” ਦੇ ਥੀਮ ਤਹਿਤ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਪੰਜਾਬ ਰਾਜ ਭਵਨ ਵਿਖੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਇਹ ਸਮਾਗਮ ਪੰਜਾਬ ਰਾਜ ਭਵਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ, ਪੰਜਾਬ ਦੇ ਰਾਜਪਾਲ ਅਤੇ ਯੂ.ਟੀ., ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਇਨ੍ਹਾਂ ਖੇਤਰਾਂ ਦੇ ਵਿਲੱਖਣ ਸੱਭਿਆਚਾਰਾਂ ਅਤੇ ਰਿਵਾਇਤਾਂ ਦੀ ਪ੍ਰਸ਼ੰਸਾ ਕਰਦਿਆਂ ਇਸ ਮਹੱਤਵਪੂਰਨ ਸਮਾਰੋਹ ਦੀ ਮੇਜ਼ਬਾਨੀ ਕਰਨ ‘ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਦੇਸ਼ ਦੇ ਵਿਭਿੰਨਤਾ ਨਾਲ ਭਰੇ ਸੱਭਿਆਚਾਰਾਂ ਦੇ ਤਾਣੇ-ਬਾਣੇ ਨੂੰ ਪਛਾਣਨ ਅਤੇ ਇਸਦਾ ਜਸ਼ਨ ਮਨਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਜੋ ਭਾਰਤ ਨੂੰ ਅਸਲ ਵਿੱਚ ਵਿਲੱਖਣ ਬਣਾਉਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ‘ਏਕ ਭਾਰਤ ਸ਼੍ਰੇਸ਼ਟ ਭਾਰਤ’ ਪ੍ਰੋਗਰਾਮ ਤਹਿਤ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਥਾਪਨਾ ਦਿਵਸ ਮਨਾਏ ਜਾਂਦੇ ਹਨ ਜਿਸ ਦਾ ਉਦੇਸ਼ ਦੇਸ਼ ਦੇ ਲੋਕਾਂ ਦਰਮਿਆਨ ਮਜ਼ਬੂਤ ਬੰਧਨ ਅਤੇ ਸਾਂਝ ਪੈਦਾ ਕਰਨਾ ਹੈ।
ਇਹ ਆਪਸੀ ਤਾਲਮੇਲ ਨੂੰ ਵਧਾਉਣ ਦੇ ਨਾਲ ਨਾਲ ਆਪਸੀ ਸੂਝ ਨੂੰ ਉਤਸ਼ਾਹਿਤ ਕਰਦਾ ਹੈ ਅਤੇ ‘ਵਨ ਨੇਸ਼ਨ – ਵਨ ਪੀਪਲ’ ਦੇ ਬੰਧਨ ਨੂੰ ਮਜ਼ਬੂਤ ਕਰਦਾ ਹੈ।
ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਸਾਰਿਆਂ ਨੂੰ ਇਕਜੁੱਟ ਹੋ ਕੇ ਇੱਕ ਨਵੇਂ ਅਤੇ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਦਾ ਪ੍ਰਣ ਲੈਣ ਦੀ ਅਪੀਲ ਵੀ ਕੀਤੀ।
ਇਸ ਪ੍ਰੋਗਰਾਮ ਦੇ ਜਸ਼ਨਾਂ ਦੀ ਸ਼ੁਰੂਆਤ ਇੱਕ ਦਿਲਚਸਪ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਹੋਈ ਜਿਸ ਵਿੱਚ ਮਨਮੋਹਕ ਸੁਰੀਲੇ ਲੱਦਾਖੀ ਲੋਕ ਸੰਗੀਤ ਅਤੇ ਜਬਰੋ ਵਰਗੇ ਲੋਕ ਨਾਚ ਪ੍ਰਦਰਸ਼ਨਾਂ ਰਾਹੀਂ ਲੱਦਾਖ ਦੀ ਅਮੀਰ ਵਿਰਾਸਤ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਸ੍ਰੀ ਸਤਿਆਪਾਲ ਜੈਨ, ਸ੍ਰੀ ਧਰਮਪਾਲ ਸਲਾਹਕਾਰ ਪ੍ਰਸ਼ਾਸਕ ਯੂ.ਟੀ ਚੰਡੀਗੜ੍ਹ, ਸ੍ਰੀ ਪ੍ਰਵੀਰ ਰੰਜਨ ਡੀਜੀਪੀ ਯੂਟੀ ਚੰਡੀਗੜ੍ਹ ਅਤੇ ਸ੍ਰੀ ਪੀ.ਸੀ. ਡੋਗਰਾ ਸਾਬਕਾ ਡੀਜੀਪੀ ਪੰਜਾਬ ਵੀ ਸ਼ਾਮਲ ਸਨ।