ਮੁੱਖ ਮੰਤਰੀ, ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਸੁਯੋਗ ਅਗਵਾਈ ਵਿੱਚ ਭਾਸ਼ਾ ਵਿਭਾਗ, ਪੰਜਾਬ ਲਗਾਤਾਰ ਸਾਹਿਤ ਅਤੇ ਭਾਸ਼ਾ ਦੇ ਖੇਤਰ ਵਿੱਚ ਗਤੀਸ਼ੀਲ ਹੈ।
ਵਿਭਾਗ ਦੁਆਰਾ ਜਿੱਥੇ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਸਰੀਆਂ ਭਾਸ਼ਾਵਾਂ ਲਈ ਵੀ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਵੱਲੋਂ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਹਰਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਸਰਕਾਰੀ ਕਾਲਜ, ਲੜਕੀਆਂ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਕਵੀ ਤੇ ਉੱਘੇ ਵਿਦਵਾਨ ਪ੍ਰੋ. ਗੁਰਭਜਨ ਗਿੱਲ ਨੇ ਕੀਤੀ। ਡੀ.ਡੀ.ਪੀ.ਓ ਲੁਧਿਆਣਾ ਸ਼੍ਰੀਮਤੀ ਨਵਦੀਪ ਕੌਰ ਇਸ ਸਮਾਗਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ 2023 ਦੇ ਵਿਜੇਤਾ ਪੰਜਾਬੀ ਦੇ ਨਾਮਵਰ ਕਵੀ, ਚਿੱਤਰਕਾਰ ਅਤੇ ਫ਼ੋਟੋ ਆਰਟਿਸਟ ਸਵਰਨਜੀਤ ਸਵੀ ਦਾ ਇਸ ਮੌਕੇ ਵਿਸ਼ੇਸ਼ ਸਨਮਨ ਕੀਤਾ ਗਿਆ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਤਿੰਨਾਂ ਭਾਸ਼ਾਵਾਂ ਦੇ ਵੱਡੇ ਕਵੀਆਂ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਕਰਕੇ ਇਸ ਸਮਾਗਮ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ। ਸਮ੍ਹਾਂ ਰੌਸ਼ਨ ਦੀ ਰਸਮ ਤੋਂ ਬਾਅਦ ਉਰਦੂ ਕਵੀਆਂ ਦੀ ਸ਼ਾਇਰੀ ਨਾਲ ਕਵੀ ਦਰਬਾਰ ਦਾ ਆਗਾਜ਼ ਹੋਇਆ, ਜਿਸ ਵਿੱਚ ਜਗਜੀਤ ਕਾਫ਼ਿਰ, ਮੁਕੇਸ਼ ਆਲਮ ਅਤੇ ਅਜੀਜ਼ ਪਰਿਹਾਰ ਨੇ ਆਪਣਾ ਕਲਾਮ ਪੇਸ਼ ਕੀਤਾ।
ਹਿੰਦੀ ਕਵੀਆਂ ਵਿੱਚ ਕੋਮਲਦੀਪ ਕੌਰ, ਵਰਿੰਦਰ ਜਤਵਾਨੀ ਅਤੇ ਡਾ. ਰਾਕੇਸ਼ ਨੇ ਹਾਜ਼ਰੀ ਲਗਵਾਈ। ਪੰਜਾਬੀ ਕਵੀਆਂ ਵਿੱਚ ਜਗਵਿੰਦਰ ਜੋਧਾ, ਸਤੀਸ਼ ਗੁਲਾਟੀ, ਕੇ. ਸਾਧੂ ਸਿੰਘ, ਕਰਮਜੀਤ ਗਰੇਵਾਲ, ਜਸਲੀਨ ਕੌਰ ਅਤੇ ਸਵਰਨਜੀਤ ਸਵੀ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ।
ਪ੍ਰਧਾਨਗੀ ਭਾਸ਼ਣ ਕਰਦਿਆਂ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਇਹ ਕਵੀ ਦਰਬਾਰ ਵਿੱਚੋਂ ਤਿੰਨ ਵੱਖ-ਵੱਖ ਭਾਸ਼ਾਵਾਂ ਨਾਲ ਸੰਬੰਧਿਤ ਹੁੰਦੇ ਹੋਏ ਵੀ ਇੱਕ ਸਾਂਝੀ ਸੁਰ ਸੁਣਾਈ ਦੇ ਰਹੀ ਸੀ। ਅਸਲ ਵਿੱਚ ਇਹੀ ਸੁਰ ਸ਼ਾਇਰੀ ਜਾਂ ਸਾਹਿਤ ਦੇ ਸਮਾਜ ਪ੍ਰਤੀ ਫ਼ਿਕਰ ਦੀ ਸੁਰ ਹੈ। ਉਨ੍ਹਾਂ ਇਸ ਸਮਾਗਮ ਦੇ ਪ੍ਰਬੰਧ ਲਈ ਭਾਸ਼ਾ ਵਿਭਾਗ, ਪੰਜਾਬ ਅਤੇ ਕਾਲਜ ਪ੍ਰਸ਼ਾਸਨ ਨੂੰ ਵਧਾਈ ਦਿੱਤੀ।
ਮੰਚ ਸੰਚਾਲਨ ਦੀ ਭੂਮਿਕਾ ਪੰਜਾਬੀ ਸ਼ਾਇਰਾ ਜਸਲੀਨ ਕੌਰ ਨੇ ਬੜੇ ਅਦਬ ਨਾਲ ਨਿਭਾਈ। ਕਾਲਜ ਪ੍ਰਿੰਸੀਪਲ ਸੁਮਨ ਲਤਾ ਨੇ ਸਮਾਗਮ ਦੇ ਅਖ਼ੀਰ ਵਿੱਚ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਅਜਿਹੇ ਸਮਾਗਮਾਂ ਲਈ ਸਹਿਯੋਗ ਦਿੰਦੇ ਰਹਿਣਗੇ।
ਇਸ ਮੌਕੇ ਹਰਪ੍ਰੀਤ ਕੌਰ ਧੂਤ ਦਾ ਕਹਾਣੀ ਸੰਗ੍ਰਹਿ ਸੂਰਜ ਹਾਰ ਗਿਆ਼ ਅਤੇ ਕਰਮਜੀਤ ਗਰੇਵਾਲ ਦੇ ਸਾਹਿਤਕ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਕਾਲਜ ਦੀ ਵਿਦਿਆਰਣ ਸਲੌਨੀ ਨੇ ਸੁਰਜੀਤ ਪਾਤਰ ਦੀ ਗ਼ਜ਼ਲ ‘ਕੁਝ ਕਿਹਾ ਤਾਂ’ ਨੂੰ ਤਰੰਨੁਮ ਵਿੱਚ ਪੇਸ਼ ਕੀਤਾ। ਇਸ ਮੌਕੇ ਖੋਜ ਅਫ਼ਸਰ ਸੰਦੀਪ ਸਿੰਘ, ਪੰਜਾਬੀ ਵਿਭਾਗ ਦੇ ਮੁੱਖੀ ਡਾ. ਸੁਮੀਤ ਬਰਾੜ, ਗੁਰਵਿੰਦਰ ਕੌਰ, ਮੁੱਖ ਸੰਪਾਦਕ ਜੁਝਾਰ ਟਾਇਮਜ਼਼ ਬਲਵਿੰਦਰ ਸਿੰਘ ਬੋਪਾਰਾਏ, ਗੁਰਮਿੰਦਰ ਗੈਰੀ, ਪ੍ਰੋ. ਸੁਰਿੰਦਰ ਖੰਨਾ, ਵਿਨੀਸ਼ ਗੋਇਲ ਅਤੇ ਕਾਲਜ ਦੇ ਵਿਦਿਆਰਥੀਆ ਮੌਜੂਦ ਰਹੇ।