ਵਿਜੀਲੈਂਸ ਬਿਊਰੋ ਨੇ 6,000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਕਰਮਚਾਰੀ ਕੀਤਾ ਕਾਬੂ

Vigilance Bureau Punjab

ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮੱਦੇਨਜ਼ਰ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਨਗਰ ਨਿਗਮ ਲੁਧਿਆਣਾ ਦੇ ਪਾਰਟ ਟਾਈਮ ਕਰਮਚਾਰੀ ਹਰੀਸ਼ ਕੁਮਾਰ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 6,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ  ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜਗਦੀਸ਼ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਸਨੇ ਆਪਣੇ ਨਾਮ ’ਤੇ ਜੱਦੀ ਘਰ ਦਾ ਤਬਾਦਲਾ ਕਰਵਾਉਣ ਲਈ ਨਗਰ ਨਿਗਮ ਲੁਧਿਆਣਾ ਤੋਂ ਟੈਕਸ ਸੁਪਰਡੈਂਟ ਰਜਿਸਟਰ ਨੰਬਰ 1 (ਟੀਐਸ-1) ਸਰਟੀਫਿਕੇਟ ਪ੍ਰਾਪਤ ਕਰਨਾ ਸੀ। ਉਸ ਦੀ ਮੁਲਾਕਾਤ ਇਕ ਕਰਮਚਾਰੀ ਹਰੀਸ਼ ਕੁਮਾਰ ਨਾਲ ਹੋਈ, ਜਿਸ ਨੇ ਖੁਦ ਨੂੰ ਕਾਰਪੋਰੇਸ਼ਨ ਦੀ ਹਾਊਸ ਟੈਕਸ ਸ਼ਾਖਾ ਦੇ ਕਲਰਕ ਵਜੋਂ ਪੇਸ਼ ਕੀਤਾ ਅਤੇ ਉਸ ਨੇ ਸਬੰਧਤ ਜੂਨੀਅਰ ਇੰਜੀਨੀਅਰ ਤੋਂ ਸ਼ਿਕਾਇਤਕਰਤਾ ਦੇ ਘਰ ਦਾ ਟੀ.ਐਸ.-1 ਸਰਟੀਫੀਕੇਟ ਜਾਰੀ ਕਰਵਾਉਣ ਲਈ ਉਸ ਤੋਂ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਮੌਕੇ ’ਤੇ ਹੀ ਉਸ ਤੋਂ 4000 ਰੁਪਏ ਲੈ ਲਏ ਅਤੇ ਬਾਕੀ ਰਹਿੰਦੇ 6000 ਰੁਪਏ ਟੀ.ਐੱਸ.-1 ਉਪਲਬਧ ਕਰਵਾਏ ਜਾਣ ਮੌਕੇ ਦੇਣ ਦੀ ਗੱਲ ਕਹੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਕਰਮਚਾਰੀ ਗੂਗਲ ਪੇਅ  ਰਾਹੀਂ ਬਾਕੀ ਰਕਮ ਦੀ ਮੰਗ ਕਰ ਰਿਹਾ ਸੀ ਪਰ ਉਸ ਨੂੰ ਗੂਗਲ ਪੇਅ  ਵਰਤਣਾ ਨਹੀਂ ਆਉਂਦਾ ਇਸ ਲਈ ਉਸਨੇ ਨਕਦ ਰਕਮ ਲੈ ਲੈਣ ਲਈ ਕਿਹਾ। ਇਸੇ ਦੌਰਾਨ ਸ਼ਿਕਾਇਤਕਰਤਾ ਨੇ ਸਾਰੀ ਗੱਲਬਾਤ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪ ਦਿੱਤੀ ਤਾਂ ਜੋ ਮੁਲਜ਼ਮ ਨੂੰ ਕਾਬੂ ਕੀਤਾ ਜਾ ਸਕੇ।

ਹੋਰ ਖ਼ਬਰਾਂ :-  ਪਾਕਿਸਤਾਨ ਨੇ 80 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 6,000 ਰੁਪਏ ਰਿਸ਼ਵਤ ਲੈਂਦਿਆਂ ਦਬੋਚ ਲਿਆ। ਇਸ ਸਬੰਧ ਵਿੱਚ ਉਕਤ ਮੁਲਜ਼ਮ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 420 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੂੰ ਭਲਕੇ  ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

dailytweetnews.com

Leave a Reply

Your email address will not be published. Required fields are marked *