ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਭੈਣਾਂ ਨੂੰ ਰੱਖੜ ਪੁੰਨਿਆ ਦਾ ਤੋਹਫ਼ਾ: 5.30 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ 181.50 ਕਰੋੜ ਰੁਪਏ ਦੀ ‘ਸਨਮਾਨ ਰਾਸ਼ੀ’ ਭੇਜੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਭੈਣਾਂ ਨੂੰ ਰੱਖੜ ਪੁੰਨਿਆ ਦਾ ਤੋਹਫ਼ਾ: 5.30 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ 181.50 ਕਰੋੜ ਰੁਪਏ ਦੀ 'ਸਨਮਾਨ ਰਾਸ਼ੀ' ਭੇਜੀ

*ਬਾਬਾ ਬਕਾਲਾ, 28 ਅਗਸਤ: * ਬਾਬਾ ਬਕਾਲਾ ਸਾਹਿਬ ਵਿਖੇ ਅੱਜ ਰੱਖੜ ਪੁੰਨਿਆ ਦੇ ਪਵਿੱਤਰ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 5.30 ਲੱਖ ਹੋਰ ਔਰਤਾਂ ਦੇ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ‘ਸਨਮਾਨ ਰਾਸ਼ੀ’ ਵਜੋਂ 181.50 ਕਰੋੜ ਰੁਪਏ ਤਬਦੀਲ ਕਰਕੇ ਔਰਤਾਂ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਇਸ ਨਾਲ ਕੁੱਲ ਲਾਭਪਾਤਰੀਆਂ ਦੀ ਗਿਣਤੀ 70.92 ਲੱਖ ਹੋ ਗਈ ਹੈ। ਸਰਕਾਰ ਇਸ ਯੋਜਨਾ ਦੇ ਦਾਇਰੇ ਹੇਠ ਇਕ ਕਰੋੜ ਔਰਤਾਂ ਨੂੰ ਲਿਆਉਣ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ, ਜਿਸ ਵਿੱਚ ਰਜਿਸਟ੍ਰੇਸ਼ਨ ’ਚ ਮਦਦ ਕਰਨ ਵਾਲੀਆਂ 1.38 ਲੱਖ ‘ਸਤਿਕਾਰ ਸਖੀਆਂ’ ਨੂੰ ਮਾਣ-ਭੱਤੇ ਵਜੋਂ 51 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ 25 ਕਰੋੜ ਰੁਪਏ ਦਿੱਤੇ ਜਾਣਗੇ।
ਇਸ ਮੌਕੇ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਕਸ’ ‘ਤੇ ਲਿਖਿਆ: “ਬਾਬਾ ਬਕਾਲਾ ਸਾਹਿਬ ਤੋਂ ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ‘ਤੇ ਸਮੂਹ ਪੰਜਾਬੀਆਂ ਨੂੰ ਲੱਖ-ਲੱਖ ਵਧਾਈਆਂ। ਰੱਖੜੀ ‘ਤੇ ਭੈਣਾਂ ਨਾਲ ਕੀਤਾ ਵਾਅਦਾ ਪੂਰਾ ਕਰਦਿਆਂ ਅੱਜ ‘ਸਤਿਕਾਰ ਯੋਜਨਾ’ ਤਹਿਤ 5.30 ਲੱਖ ਔਰਤਾਂ ਦੇ ਖਾਤਿਆਂ ‘ਚ 181.50 ਕਰੋੜ ਰੁਪਏ ‘ਸ਼ਗਨ’ ਵਜੋਂ ਭੇਜੇ ਗਏ ਹਨ। ਹੁਣ ਤੱਕ ਕੁੱਲ 70.92 ਲੱਖ ਮਾਵਾਂ-ਭੈਣਾਂ ਇਸ ਯੋਜਨਾ ਦਾ ਲਾਭ ਲੈ ਚੁੱਕੀਆਂ ਹਨ। 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਣ, ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ, 70,840 ਨੌਜਵਾਨਾਂ ਨੂੰ ਨੌਕਰੀਆਂ ਮਿਲਣ ਅਤੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਵੱਲੋਂ ਨੀਟ ਦੀ ਪ੍ਰੀਖਿਆ ਪਾਸ ਕਰਨ ਨਾਲ ਪੰਜਾਬ ਇੱਕ ਵਾਰ ਫਿਰ ਤਰੱਕੀ ਦੀ ਰਾਹ ‘ਤੇ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਨੰਬਰ ਇਕ ਸੂਬਾ ਬਣ ਕੇ ਉੱਭਰ ਰਿਹਾ ਹੈ।”
ਰੱਖੜ ਪੁੰਨਿਆ ਦੇ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ-ਕੱਲ੍ਹ ਦੇ ਕਈ ‘ਮਸੰਦ’ ਧਰਮ ਦੀ ਆੜ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸ ਮੌਕੇ ਰੈਲੀਆਂ ਕਰ ਰਹੇ ਹਨ। ਇਹ ਗੁਨਾਹਗਾਰ ਲੋਕ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਧਰਮ ਦੀ ਵਰਤੋਂ ਕਰ ਰਹੇ ਹਨ, ਪਰ ਪੰਜਾਬੀ ਉਨ੍ਹਾਂ ਦੀਆਂ ਗੱਲਾਂ ‘ਚ ਨਹੀਂ ਆਉਣਗੇ। ਇਹ ਅਜੋਕੇ ਮਸੰਦ ਹਮਲੇ ਤੋਂ ਬਾਅਦ ਆਪਣੇ ਜ਼ਖ਼ਮ ਵਿਖਾ ਕੇ ਲੋਕਾਂ ਤੋਂ ਹਮਦਰਦੀ ਲੈਣ ਦੀ ਕੋਸ਼ਿਸ਼ ਕਰਕੇ ਹੇਠਲੇ ਪੱਧਰ ’ਤੇ ਡਿੱਗ ਰਹੇ ਹਨ।”
ਉਨ੍ਹਾਂ ਕਿਹਾ, “ਸੂਬੇ ਦੇ ਸੂਝਵਾਨ ਲੋਕਾਂ ਨੇ ਉਨ੍ਹਾਂ ਲੀਡਰਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਜੋ ਆਪਣੇ ਸੱਤਾ ਦੇ ਦਿਨਾਂ ‘ਚ ਮਹਿਲਾਂ ‘ਚ ਰਹਿੰਦੇ ਸਨ ਅਤੇ ਕਦੇ ਆਮ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ। 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਲੋਕਾਂ ਨੇ ਸਿਆਸੀ ਗੁੰਮਨਾਮੀ ‘ਚ ਭੇਜ ਦਿੱਤਾ ਹੈ ਅਤੇ ਹੁਣ ਉਨ੍ਹਾਂ ਨੂੰ ਕਮੇਟੀ ਬਣਾਉਣ ਲਈ 25 ਮੈਂਬਰ ਵੀ ਨਹੀਂ ਮਿਲ ਰਹੇ। ਸੂਬੇ ਦੇ ਸਿਆਣੇ ਅਤੇ ਬਹਾਦਰ ਲੋਕਾਂ ਨੇ ਅਜਿਹੇ ਹੰਕਾਰੀ ਲੀਡਰਾਂ ਨੂੰ ਉਨ੍ਹਾਂ ਦੇ ਮਾੜੇ ਕੰਮਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ।”
ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ, “ਆਪਣੇ ਲੰਬੇ ਕੁਸ਼ਾਸਨ ਦੌਰਾਨ ਅਕਾਲੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ, ਇਸ ਘਿਨੌਣੇ ਅਪਰਾਧ ਦੇ ਦੋਸ਼ੀਆਂ ਨੂੰ ਬਚਾਉਣ ਅਤੇ ਨਿਰਦੋਸ਼ ਲੋਕਾਂ ‘ਤੇ ਗੋਲੀਬਾਰੀ ਕਰਵਾਉਣ ਦਾ ਪਾਪ ਕੀਤਾ। ਅਕਾਲੀਆਂ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਕਈ ਮਾਫੀਏ ਨੂੰ ਸ਼ਹਿ ਦੇਣ ਤੋਂ ਇਲਾਵਾ ਸੂਬੇ ਨੂੰ ਬੇਰਹਮੀ ਨਾਲ ਲੁੱਟਿਆ। ਅਕਾਲੀਆਂ ਨੂੰ ਪਾਈ ਹਰ ਵੋਟ ਬੇਅਦਬੀ ਦੇ ਹੱਕ ‘ਚ ਫ਼ਤਵਾ ਹੋਵੇਗੀ। ਅਕਾਲੀ ਲੀਡਰਸ਼ਿਪ ਨੂੰ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸੂਬੇ ਦੀਆਂ ਕਈ ਪੀੜ੍ਹੀਆਂ ਦੇ ਬਰਬਾਦ ਹੋਣ ਲਈ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਦੇ ਰਾਜ ‘ਚ ਨਸ਼ੇ ਦੇ ਵਪਾਰ ਨੂੰ ਸ਼ਹਿ ਮਿਲੀ।”
ਅਕਾਲੀ ਦਲ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ, “ਜੇਕਰ ਪ੍ਰਧਾਨ ਮੰਤਰੀ ਅਕਾਲੀ ਨੇਤਾਵਾਂ ਦਾ ਹਾਲ-ਚਾਲ ਪੁੱਛਣ ਲਈ ਫ਼ੋਨ ਵੀ ਕਰ ਲੈਣ ਤਾਂ ਉਹ ਪੰਜਾਬ ਨੂੰ ਲੁੱਟਣ ਲਈ ਦਿੱਲੀ ਨਾਲ ਗੱਠਜੋੜ ਕਰਨ ਦੇ ਸੁਫ਼ਨੇ ਵੇਖਣ ਲੱਗ ਪੈਂਦੇ ਹਨ। ਇਹ ਸੱਚ ਹੈ ਕਿ ਅਕਾਲੀ ਨੇਤਾਵਾਂ ਨੂੰ ਹਮੇਸ਼ਾ ਪੰਜਾਬ ਜਾਂ ਪੰਜਾਬੀਆਂ ਨਾਲੋਂ ਆਪਣੇ ਹਿੱਤਾਂ ਦੀ ਚਿੰਤਾ ਹੁੰਦੀ ਹੈ, ਜਦਕਿ ਆਮ ਆਦਮੀ ਪਾਰਟੀ ਸਿਰਫ਼ ਪੰਜਾਬ ਲਈ ਵਚਨਬੱਧ ਹੈ।”
ਉਨ੍ਹਾਂ ਕਿਹਾ, “ਸੱਤਾ ਦੀ ਭੁੱਖ ਮਿਟਾਉਣ ਲਈ ਅਕਾਲੀ ਦਲ ਹੁਣ ਭਾਜਪਾ ਨਾਲ ਗੱਠਜੋੜ ਲਈ ਤਰਲੇ ਮਾਰ ਰਹਾ ਹੈ, ਜਿਸ ਦੇ ਹੱਥ 700 ਤੋਂ ਵੱਧ ਉਨ੍ਹਾਂ ਕਿਸਾਨਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ ਜੋ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨ ਦੌਰਾਨ ਸ਼ਹੀਦ ਹੋਏ ਸਨ। ਅਕਾਲੀ-ਭਾਜਪਾ ਗੱਠਜੋੜ ਬਿਨਾਂ ਕਿਸੇ ਵਿਚਾਰਧਾਰਾ ਜਾਂ ਬਿਨਾਂ ਲੋਕ ਭਲਾਈ ਦੇ ਹੈ ਅਤੇ ਇਸ ਦਾ ਇੱਕੋ-ਇੱਕ ਮਕਸਦ ਸੂਬੇ ‘ਚ ਸੱਤਾ ਹਾਸਲ ਕਰਨਾ ਹੈ। ਲੋਕ ਇਹਨਾਂ ਪਾਰਟੀਆਂ ਦੇ ਗੁੰਮਰਾਹਕੁੰਨ ਦਾਅਵਿਆਂ ‘ਚ ਨਹੀਂ ਆਉਣਗੇ ਅਤੇ ਆਉਣ ਵਾਲੇ ਦਿਨਾਂ ‘ਚ ਇਹਨਾਂ ਨੂੰ ਸਬਕ ਸਿਖਾਉਣਗੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਜਪਾ ਦੇਸ਼ ਦੇ ਕਿਸੇ ਵੀ ਸੂਬੇ ‘ਚ ਜਿੱਤ ਸਕਦੀ ਹੈ ਪਰ ਇਸ ਨੂੰ ਮਹਾਨ ਗੁਰੂ ਸਾਹਿਬਾਨ, ਸੰਤਾਂ-ਮਹਾਪੁਰਸ਼ਾਂ, ਪੀਰਾਂ- ਪੈਗੰਬਰਾਂ ਅਤੇ ਸ਼ਹੀਦਾਂ ਦੀ ਇਸ ਧਰਤੀ ਤੋਂ ਜਿੱਤਣ ਦਾ ਸੁਫ਼ਨਾ ਕਦੇ ਨਹੀਂ ਵੇਖਣਾ ਚਾਹੀਦਾ। ਸੂਬੇ ਦੇ ਲੋਕ ਭਾਜਪਾ ਦੇ ਦੋਹਰੇ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਹ ਇਸ ਨੂੰ ਸਬਕ ਜ਼ਰੂਰ ਸਿਖਾਉਣਗੇ। ਪੰਜਾਬੀ ਕਦੇ ਨਹੀਂ ਭੁੱਲ ਸਕਦੇ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਦੌਰਾਨ ਭਾਜਪਾ ਵੱਲੋਂ ਸੂਬੇ ਦੇ ਅੰਨਦਾਤਿਆਂ ਦਾ ਕਿਵੇਂ ਅਪਮਾਨ ਕੀਤਾ ਗਿਆ ਸੀ। ਭਾਜਪਾ ਵੱਲੋਂ ਸੂਬੇ ਅਤੇ ਇਸ ਦੇ ਲੋਕਾਂ ਨਾਲ ਕੀਤੇ ਅਨਿਆਂ ਅਤੇ ਮਤਰੇਈ ਮਾਂ ਵਾਲੇ ਸਲੂਕ ਦੀ ਲੰਮੀ ਕਹਾਣੀ ਹੈ।”
ਉਨ੍ਹਾਂ ਕਿਹਾ, “ਭਾਜਪਾ ਸੂਬੇ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਭਾਖੜਾ ਡੈਮ, ਦਰਿਆਈ ਪਾਣੀਆਂ ਅਤੇ ਇਸ ਦੇ ਹਰ ਜਾਇਜ਼ ਹੱਕ ਤੋਂ ਵਾਂਝਾ ਕਰਨਾ ਚਾਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਦੇ ਵਿਕਾਸ ਨੂੰ ਲੀਹੋਂ ਲਾਹੁਣ ਲਈ ਸੂਬੇ ਦੀਆਂ ਗ੍ਰਾਂਟਾਂ ਦਾ ਬਣਦਾ ਵੱਡਾ ਹਿੱਸਾ ਰੋਕ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੂਬੇ ਵਿੱਚੋਂ ਇੱਕ ਵੀ ਸੀਟ ਨਹੀਂ ਮਿਲੇਗੀ ਕਿਉਂਕਿ ਲੋਕ ਉਨ੍ਹਾਂ ਨੂੰ ਢੁਕਵਾਂ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਵਾ ਵਿੱਚ ਮਹਿਲ ਉਸਾਰਨ ਦੀ ਬਜਾਏ ਭਾਜਪਾ ਲੀਡਰਸ਼ਿਪ ਨੂੰ ਇਹ ਵਹਿਮ ਕੱਢ ਦੇਣਾ ਚਾਹੀਦਾ ਹੈ ਕਿ ਉਹ ਕਦੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋ ਜਾਣਗੇ ਕਿਉਂਕਿ ਸੂਬੇ ਅਤੇ ਇਸ ਦੇ ਲੋਕਾਂ ਵਿਰੁੱਧ ਉਨ੍ਹਾਂ ਦੇ ਗੁਨਾਹ ਬਿਲਕੁਲ ਵੀ ਬਖ਼ਸ਼ਣਯੋਗ ਨਹੀਂ ਹਨ। ਭਾਜਪਾ ਕਿਸ ਮੂੰਹ ਨਾਲ ਪੰਜਾਬ ‘ਚ ਪੈਰ ਪਾਵੇਗੀ, ਉਹ ਵੀ ਉਦੋਂ, ਜਦੋਂ ਇਸ ਦੇ ਆਗੂਆਂ ਨੇ ਕਦੇ ਵੀ ਸੂਬੇ ਅਤੇ ਇਸ ਦੇ ਲੋਕਾਂ ਦੇ ਮੁੱਦੇ ਨਹੀਂ ਚੁੱਕੇ? ਸੂਬੇ ਦੇ ਨਿਡਰ ਅਤੇ ਸੂਝਵਾਨ ਲੋਕ ਭਾਜਪਾ ਨੂੰ ਉਨ੍ਹਾਂ ਦੇ ਗੁਨਾਹਾਂ ਲਈ ਕਦੇ ਮੁਆਫ਼ ਨਹੀਂ ਕਰਨਗੇ ਅਤੇ ਇਹੀ ਲੋਕ ਪੰਜਾਬ ‘ਚੋਂ ਭਾਜਪਾ ਦਾ ਸਿਆਸੀ ਤੌਰ ‘ਤੇ ਨਾਮੋ-ਨਿਸ਼ਾਨ ਮਿਟਾ ਦੇਣਗੇ।”
ਕਾਂਗਰਸ ਪਾਰਟੀ ਵਿੱਚ ਚੱਲ ਰਹੀ ਆਪਸੀ ਖਿੱਚੋਤਾਣ ‘ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ, “ਜਿੱਥੇ ਇਸ ਦੇ ਆਗੂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਸੱਤਾ ਖ਼ਾਤਰ ਆਪਸ ਵਿੱਚ ਲੜ ਰਹੇ ਹਨ, ਉੱਥੇ ਹੀ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਆਪਸ ਵਿੱਚ ਨਹੀਂ ਲੜਦੀ ਸਗੋਂ ਰੰਗਲਾ ਪੰਜਾਬ ਬਣਾਉਣ ਲਈ ਅਣਥੱਕ ਯਤਨ ਕਰ ਰਹੀ ਹੈ। ਸੂਬੇ ਦੀ ਲੜਾਈ ਮਿਆਰੀ ਸਿੱਖਿਆ, ਚੰਗੀ ਸਿਹਤ ਅਤੇ ਹੋਰ ਭਲਾਈ ਸਕੀਮਾਂ ਲਈ ਹੈ, ਜਦਕਿ ਕਾਂਗਰਸੀ ਆਗੂ ਸੱਤਾ ਦੀ ਭੁੱਖ ਵਿੱਚ ਆਪਸੀ ਕਾਟੋ ਕਲੇਸ਼ ਕਰਕੇ ਇੱਕ-ਦੂਜੇ ਨਾਲ ਅੱਖ ਵੀ ਨਹੀਂ ਮਿਲਾ ਰਹੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਕਾਂਗਰਸ ਕੋਲ ਲੋਕਾਂ ਅਤੇ ਸੂਬੇ ਲਈ ਕੋਈ ਏਜੰਡਾ ਨਹੀਂ ਹੈ, ਉਨ੍ਹਾਂ ਦਾ ਇੱਕੋ-ਇੱਕ ਮਕਸਦ ਸੱਤਾ ਹਾਸਲ ਕਰਕੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਣਾ ਹੈ ਪਰ ਉਨ੍ਹਾਂ ਦੇ ਸੁਪਨੇ ਕਦੇ ਪੂਰੇ ਨਹੀਂ ਹੋਣਗੇ। ਕਾਂਗਰਸ ਪਾਰਟੀ ਇੱਕ ਵੰਡਿਆਂ  ਹੋਇਆ ਘਰ ਹੈ ਜੋ ਇਨ੍ਹਾਂ ਦੀ ਆਪਸੀ ਲੜਾਈ ਕਾਰਨ ਹੀ ਢਹਿ-ਢੇਰੀ ਹੋ ਜਾਵੇਗਾ। ਇਹ ਬੜੀ ਸਿਤਮਜ਼ਰੀਫ਼ੀ ਹੈ ਕਿ ਸੱਤਾ ਲਈ ਲੜ ਰਹੇ ਇਨ੍ਹਾਂ ਆਗੂਆਂ ਨੂੰ ਇਕਜੁੱਟ ਕਰਨ ਲਈ ਆਉਣ ਵਾਲੇ ਕਾਂਗਰਸ ਦੇ ਵੱਡੇ ਆਗੂਆਂ ਨੂੰ ਪੰਜਾਬ ਦੇ ਇਨ੍ਹਾਂ ਆਗੂਆਂ ਦਾ ਨਾਂ ਤੱਕ ਨਹੀਂ ਲੈਣਾ ਆਉਂਦਾ।”
ਉਨ੍ਹਾਂ ਕਿਹਾ, “ਅੱਜ ਦਾ ਦਿਨ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਪੰਜਾਬ ਦੀਆਂ ਔਰਤਾਂ ਨੂੰ ਰੱਖੜੀ ਦਾ ਤੋਹਫ਼ਾ ਦੇਣ ਲਈ ਵਿਸ਼ੇਸ਼ ਤੌਰ ‘ਤੇ ਚੁਣਿਆ ਗਿਆ ਹੈ। ਦੁਨੀਆਂ ਭਰ ਦੇ ਲੋਕ ਪੰਜਾਬ ਵਿੱਚ ਸਭ ਤੋਂ ਵੱਡੇ ਸਮਾਜਿਕ ਇਨਕਲਾਬ ਦੇ ਗਵਾਹ ਬਣ ਰਹੇ ਹਨ। ਇਸ ਭਲਾਈ ਸਕੀਮ ਦੀ ਦੁਨੀਆ ਭਰ ਵਿੱਚ ਸ਼ਾਇਦ ਹੀ ਕੋਈ ਮਿਸਾਲ ਹੋਵੇ ਜਿੱਥੇ ਔਰਤਾਂ ਦਾ ਸਸ਼ਕਤੀਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੋਵੇ। ਹੁਣ ਤੱਕ 70.92 ਲੱਖ ਮਹਿਲਾ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਇਹ ਤੋਹਫ਼ਾ ਮਿਲ ਚੁੱਕਾ ਹੈ ਅਤੇ ਅੱਜ 5.20 ਲੱਖ ਲਾਭਪਾਤਰੀਆਂ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ, ਨੂੰ 181.50 ਕਰੋੜ ਰੁਪਏ ਜਾਰੀ ਕੀਤੇ ਗਏ ਹਨ।”
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਮੈਂ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਪਣੀ ਹਰ ਵਾਹ ਲਾਈ ਹੋਈ ਹੈ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ  ਉੱਚਾ ਚੁੱਕਣ ਲਈ ਮੇਰੀ ਸਰਕਾਰ ਵੱਲੋਂ ਵੱਖ-ਵੱਖ ਲੋਕ-ਪੱਖੀ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਮੈਂ ਸਰਕਾਰੀ ਖ਼ਜ਼ਾਨੇ ‘ਚੋਂ ਇੱਕ ਪੈਸਾ ਤੱਕ ਨਹੀਂ ਲਿਆ; ਸਗੋਂ ਮੈਂ ਲਗਾਤਾਰ ਇਹ ਯਕੀਨੀ ਬਣਾਇਆ ਹੈ ਕਿ ਟੈਕਸ ਦਾਤਿਆਂ ਦਾ ਇੱਕ-ਇੱਕ ਪੈਸਾ ਲੋਕ ਭਲਾਈ ਲਈ ਸੋਚ-ਸਮਝ ਕੇ ਖ਼ਰਚਿਆ ਜਾਵੇ। ਮੈਂ ਲੋਕਾਂ ਨੂੰ ਵਾਰ-ਵਾਰ ਇਹੀ ਆਖਦਾ ਹਾਂ ਕਿ ਉਨ੍ਹਾਂ ਦਾ ਪੁੱਤਰ ਅਤੇ ਭਰਾ ਹੋਣ ਦੇ ਨਾਤੇ ਮੇਰਾ ਵਿਸ਼ੇਸ਼ ਧਿਆਨ ਆਪਣੇ ਲੋਕਾਂ ਦੇ ਦੁੱਖ-ਦਰਦ ਅਤੇ ਔਕੜਾਂ ਨੂੰ ਵੰਡਾਉਣਾ ਹੈ, ਜਦਕਿ ਇਸਦੇ ਉਲਟ ਪਿਛਲੀਆਂ ਸਰਕਾਰਾਂ ਦੇ ਆਗੂ ਹਮੇਸ਼ਾ ਐਸ਼ੋ-ਇਸ਼ਰਤ ਦੀ ਜ਼ਿੰਦਗੀ ਜਿਊਣ ‘‘ਮਸਤ ਰਹੇ।”
ਉਨ੍ਹਾਂ ਕਿਹਾ, “ਪੰਜਾਬ ਦੇ 90 ਫੀਸਦ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਇੱਥੋਂ ਤੱਕ ਕਿ ਕਿਸਾਨਾਂ ਨੂੰ ਵੀ ਹੁਣ ਦਿਨ ਵੇਲੇ ਬਿਜਲੀ ਮਿਲ ਰਹੀ ਹੈ ਜੋ ਕਿ ਆਪਣੇ ਆਪ ਵਿੱਚ ਸਾਡੀ ਸਰਕਾਰ ਦੀ ਵੱਡੀ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦਾ ਹੀ ਹੈ ਅਤੇ ਅਸੀਂ ਇਸ ਨੂੰ ਸੋਚ-ਸਮਝ ਕੇ ਉਨ੍ਹਾਂ ਦੀ ਭਲਾਈ ‘ਤੇ ਖ਼ਰਚ ਰਹੇ ਹਾਂ। ਲੋਕਾਂ ਦਾ ਪੈਸਾ ਵਿਕਾਸ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਰਾਹੀਂ ਲੋਕਾਂ ਕੋਲ ਵਾਪਸ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਿਰਫ਼ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ, ਜਿਸਨੇ ਪੰਜਾਬੀਆਂ ਨੂੰ ਮੁਫ਼ਤ ਬਿਜਲੀ, 70,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ ਨੌਕਰੀਆਂ, ਬਿਹਤਰ ਸੜਕੀ ਸੰਪਰਕ, ਮਿਆਰੀ ਸਿੱਖਿਆ, ਸਿਹਤ ਸਹੂਲਤਾਂ, ਬੁਨਿਆਦੀ ਢਾਂਚੇ ਦਾ ਨਿਰਮਾਣ ਅਤੇ ਕਈ ਹੋਰ ਅਹਿਮ ਪਹਿਲਕਦਮੀਆਂ ਕੀਤੀਆਂ ਹਨ, ਜਦ ਕਿ ਪਿਛਲੀਆਂ ਸਰਕਾਰਾਂ ਨੇ ਇਸ ਚੀਜ਼ ਵੱਲ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ।”
ਮੁੱਖ ਮੰਤਰੀ ਨੇ ਕਿਹਾ, “ਆਪ ਸਰਕਾਰ ਪਿੰਡਾਂ ਦੇ ਵਿਕਾਸ ਲਈ ਅਣਥੱਕ ਯਤਨ ਕਰ ਰਹੀ ਹੈ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਢੁਕਵੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰੱਖਣ ਲਈ ਸੂਬੇ ਵਿੱਚ 3100 ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਆਪ ਸਰਕਾਰ ਨੇ ਸਿੱਖਿਆ ਨੂੰ ਤਰਜੀਹ ਦਿੱਤੀ ਹੈ ਅਤੇ ਲੋਕਾਂ ਦੇ ਜੀਵਨ ਪੱਧਰ ‘ਚ ਸੁਧਾਰ ਲਈ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਪਹਿਲਕਦਮੀਆਂ ਕੀਤੀਆਂ ਹਨ। ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਯੁੱਧ ਨਸ਼ਿਆਂ ਵਿਰੁੱਧ’ ਨੇ ਸੂਬੇ ਵਿੱਚ ਨਸ਼ਿਆਂ ਦੇ ਕੋਹੜ ਦਾ ਲੱਕ ਤੋੜ ਦਿੱਤਾ ਹੈ, ਜਿਸ ਦਾ ਮੁਕੰਮਲ ਤੌਰ ‘ਤੇ ਸਫ਼ਾਇਆ ਕਰਨ ਲਈ ਅਸੀਂ ਵਚਨਬੱਧ ਹਾਂ।”
ਉਨ੍ਹਾਂ ਕਿਹਾ, “ਕੋਈ ਵੀ ਮੁਫ਼ਤ ਸਹੂਲਤ ਜਾਂ ਕਾਰਡ ਗ਼ਰੀਬੀ ਜਾਂ ਹੋਰ ਸਮਾਜਿਕ ਬੁਰਾਈਆਂ ਨੂੰ ਖ਼ਤਮ ਨਹੀਂ ਕਰ ਸਕਦਾ, ਸਗੋਂ ਸਿੱਖਿਆ ਹੀ ਇੱਕ ਅਜਿਹੀ ਕੁੰਜੀ ਹੈ ਜੋ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਕੇ ਉਨ੍ਹਾਂ ਨੂੰ ਇਸ ਚੱਕਰ ਵਿੱਚੋਂ ਬਾਹਰ ਕੱਢ ਸਕਦੀ ਹੈ। ਇਸੇ ਨੂੰ ਮੁੱਖ ਰੱਖਦਿਆਂ ਸਾਡੀ ਸਰਕਾਰ ਆਮ ਆਦਮੀ ਨੂੰ ਸਮਰੱਥ ਬਣਾਉਣ ਲਈ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਅਣਥੱਕ ਯਤਨ ਕਰ ਰਹੀ ਹੈ। ਸਾਡੀ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਕੇਰਲ ਅਤੇ ਹੋਰ ਸੂਬਿਆਂ ਨੂੰ ਪਛਾੜਦਿਆਂ ਮੋਹਰੀ ਬਣ ਕੇ ਉੱਭਰਿਆ ਹੈ, ਜੋ ਕਿ ਅਧਿਆਪਕ ਸਿਖਲਾਈ ਪ੍ਰੋਗਰਾਮਾਂ, ਸਕੂਲਜ਼ ਆਫ਼ ਐਮੀਨੈਂਸ ਅਤੇ ਸਾਡੀ ਸਰਕਾਰ ਵੱਲੋਂ ਕੀਤੇ ਗਏ ਹੋਰ ਉਪਰਾਲਿਆਂ ਸਮੇਤ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “2021 ਵਿੱਚ ਸਰਕਾਰੀ ਸਕੂਲਾਂ ਦੇ ਸਿਰਫ਼ 80 ਵਿਦਿਆਰਥੀਆਂ ਨੇ ‘ਨੀਟ’  ਪ੍ਰੀਖਿਆ ਪਾਸ ਕੀਤੀ ਸੀ ਪਰ ਸਾਲ 2026 ਵਿੱਚ ਇਹ ਗਿਣਤੀ 11 ਗੁਣਾ ਵੱਧ ਕੇ 882 ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਸ਼ਾਸਨ ਦਾ ਦੂਜਿਆਂ, ਜਿਨ੍ਹਾਂ ਨੇ ਕਦੇ ਸਕੂਲ ਅਤੇ ਸਿੱਖਿਆ ਖੇਤਰ ਦੀ ਪ੍ਰਵਾਹ ਨਹੀਂ ਕੀਤੀ, ਨਾਲੋਂ ਇਹੀ ਫ਼ਰਕ ਹੈ।”
ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ 1,587 ਪਿੰਡਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ, ਜੋ ਪਹਿਲਾਂ ਹਮੇਸ਼ਾ ਇਸ ਤੋਂ ਵਾਂਝੇ ਰਹੇ ਸਨ। ਉਨ੍ਹਾਂ ਕਿਹਾ ਸੂਬੇ ਦੇ ਵਸਨੀਕਾਂ ਦੀ ਸਹੂਲਤ ਲਈ 45,000 ਕਿਲੋਮੀਟਰ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ।”
ਉਨ੍ਹਾਂ ਕਿਹਾ, “ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਸਰਕਾਰ ਨੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ 7,200 ਕਰੋੜ ਰੁਪਏ ਖ਼ਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਨਹਿਰੀ ਸਿੰਚਾਈ ਅਧੀਨ ਰਕਬਾ 26 ਫ਼ੀਸਦੀ ਤੋਂ ਵਧ ਕੇ 80 ਫ਼ੀਸਦੀ ਹੋ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਲਾਭ ਹੋਇਆ ਹੈ। ਲੋਕਾਂ ਨੂੰ ਵਿਆਪਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਾਡੀ ਸਰਕਾਰ ਨੇ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਸਕੀਮ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ ਕੀਤੀ ਹੈ, ਜੋ ਪੰਜਾਬ ਦੇ ਹਰੇਕ ਵਸਨੀਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਨਕਦੀ-ਰਹਿਤ ਡਾਕਟਰੀ ਇਲਾਜ ਮੁਹੱਈਆ ਕਰਵਾ ਰਹੀ ਹੈ। ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਅਜਿਹਾ ਵਿਆਪਕ ਸਿਹਤ ਕਵਰੇਜ ਪ੍ਰਦਾਨ ਕਰਨ ਵਾਲਾ ਦੇਸ਼ਾ ਦਾ ਪਹਿਲਾ ਸੂਬਾ ਹੈ, ਜਿਸ ਨੇ ਆਮ ਲੋਕਾਂ ਲਈ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ‘ਤੇ ਸਿਹਤ ਸੇਵਾਵਾਂ ਦੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਇਆ ਹੈ।”
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਲਾਲ ਚੰਦ ਕਟਾਰੂਚੱਕ, ਗੁਰਮੀਤ ਸਿੰਘ ਖੁੱਡੀਆਂ ਅਤੇ ਹਰਦੀਪ ਸਿੰਘ ਮੁੰਡੀਆਂ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹੋਰ ਹਾਜ਼ਰ ਸਨ। 

ਹੋਰ ਖ਼ਬਰਾਂ :-  ਅੰਮ੍ਰਿਤਸਰ ਵਿਖੇ ਟ੍ਰਾਂਸਜੈਂਡਰ ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਡੋਰ ਟੂ ਡੋਰ ਮੁੰਹਿਮ

Leave a Reply

Your email address will not be published. Required fields are marked *